ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਬਣੀ ਵਰਦਾਨ
ਲੌਂਗੋਵਾਲ, 2 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨਸ਼ਾ ਵਿਰੋਧੀ ਮੁਹਿੰਮ ਨੂੰ ਜ਼ਿਲ੍ਹਾ ਸੰਗਰੂਰ ਵਿੱਚ ਜ਼ਮੀਨੀ ਪੱਧਰ `ਤੇ ਲਾਗੂ
ਕਰਨ `ਚ ਜ਼ਿਲ੍ਹਾ ਪ੍ਰਸ਼ਾਸਨ ਕਿੰਨੀ ਦਿਲਚਸਪੀ ਦਿਖਾ ਰਿਹਾ ਹੈ, ਉਸ ਦੀ ਮਿਸਾਲ ਹੈ 32 ਵਰ੍ਹਿਆਂ ਦਾ ਨੌਜਵਾਨ ਗਗਨ ਕੁਮਾਰ।ਇਹ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਏਨਾ ਧਸ ਚੁੱਕਾ ਸੀ ਕਿ ਜ਼ਿੰਦਗੀ ਇਸ ਨੂੰ ਸਰਾਪ ਜਾਪਣ ਲੱਗ ਗਈ ਸੀ, ਪਰ ਅੱਜ ਇਹ ਨੌਜਵਾਨ ਨਾ ਕੇਵਲ ਨਸ਼ਿਆਂ ਨੂੰ ਮੁਕੰਮਲ ਤੌਰ `ਤੇ ਅਲਵਿਦਾ ਆਖ ਚੁੱਕਾ ਹੈ ਬਲਕਿ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦੇ ਯਤਨਾਂ ਸਦਕਾ ਰੁਜ਼ਗਾਰ `ਤੇ ਲੱਗ ਕੇ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਵੀ ਕਰ ਰਿਹਾ ਹੈ।
ਨਸ਼ਿਆਂ ਦੇ ਜਾਲ ਵਿੱਚ ਫਸੇ ਨੌਜਵਾਨ ਦੀ ਵਿਧਵਾ ਮਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਜਾ ਕੇ ਆਪਣੇ ਪੁੱਤਰ ਨੂੰ ਬਚਾਉਣ ਦੀ ਫਰਿਆਦ ਕੀਤੀ।ਪ੍ਰਸ਼ਾਸਨ ਦੀ ਤਰਫੋਂ ਗਗਨ ਨੂੰ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਲਈ ਤੁਰੰਤ ਨਸ਼ਾ ਛੁਡਾਊ ਕੇਂਦਰ ਸੰਗਰੂਰ ਵਿਖੇ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਅਤੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆ।
ਇਲਾਜ ਦੌਰਾਨ ਗਗਨ ਨੇ ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਮੋਹਨ ਸ਼ਰਮਾ ਨੂੰ ਦੱਸਿਆ ਕਿ ਉਹ ਅਤੇ ਉਸ ਦਾ ਪਰਿਵਾਰ ਜਿਸ ਮਕਾਨ `ਚ ਰਹਿੰਦੇ ਸਨ, ਉਥੋ ਦੇ ਮਕਾਨ ਮਾਲਕ ਦਾ 20 ਹਜ਼ਾਰ ਰੁਪਏ ਕਿਰਾਇਆ ਬਕਾਇਆ ਹੈ। ਸ੍ਰੀ ਮੋਹਨ ਸ਼ਰਮਾ ਨੇ ਇਹ ਮਾਮਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਿਸ ਦਾ ਅਸਰ ਇਹ ਹੋਇਆ ਕਿ ਪ੍ਰਸ਼ਾਸਨ ਨੇ ਨੌਜਵਾਨ ਦੇ ਮਕਾਨ ਮਾਲਕ ਨੂੰ 20 ਹਜ਼ਾਰ ਰੁਪਏ ਕਿਰਾਇਆ ਮੁਹੱਈਆ ਕਰਵਾ ਦਿੱਤਾ ਅਤੇ ਪਰਿਵਾਰ ਨੂੰ ਸੰਗਰੂਰ ਵਿਖੇ ਕੋਈ ਹੋਰ ਮਕਾਨ ਵੀ ਦਿਵਾ ਦਿੱਤਾ। ਨੌਜਵਾਨ ਨੂੰ ਜਦੋਂ ਬਕਾਏ ਦੀ ਅਦਾਇਗੀ ਹੋ ਜਾਣ ਬਾਰੇ ਪਤਾ ਲੱਗਿਆ ਤਾਂ ਉਸਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸ਼ੁਕਰਾਨਾ ਕੀਤਾ ਅਤੇ ਨਸ਼ੇ ਨੂੰ ਹਮੇਸ਼ਾਂ ਲਈ ਅਲਵਿਦਾ ਕਹਿਣ ਦਾ ਪ੍ਰਣ ਕਰ ਲਿਆ।
ਗਗਨ ਨੇ ਨਸ਼ਾ ਛੁਡਾਊ ਕੇਂਦਰ `ਚ ਕਰੀਬ ਡੇਢ ਮਹੀਨੇ ਆਪਣਾ ਇਲਾਜ ਕਰਵਾਉਣ ਤੋਂ ਬਾਅਦ ਨਸ਼ਿਆਂ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਦਿੱਤਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨੌਜਵਾਨ ਨੂੰ ਮਾਰੂਤੀ ਕੰਪਨੀ ਵਿੱਚ ਰੁਜ਼ਗਾਰ ਦਿਵਾ ਦਿੱਤਾ ਹੈ।ਨੌਜਵਾਨ ਗਗਨ, ਇਨੀਂ ਦਿਨ੍ਹੀਂ ਆਪਣੇ ਪਰਿਵਾਰ ਸਮੇਤ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਹੈ ਅਤੇ ਹੋਰਨਾਂ ਨੂੰ ਵੀ ਨਸ਼ਾ ਮੁਕਤ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰ ਰਿਹਾ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media