Saturday, July 5, 2025
Breaking News

ਡੀ.ਸੀ ਵੱਲੋਂ ਫੌਜ ਦੇ ਅਧਿਕਾਰੀਆਂ ਸਮੇਤ ਘੱਗਰ ਦਰਿਆ ਨੇੜਲੇ ਸੰਵੇਦਨਸ਼ੀਲ ਸਥਾਨਾਂ ਦਾ ਜਾਇਜ਼ਾ

ਖਨੌਰੀ ਮੇਨ ਹੈਡ, ਮੰਡਵੀ, ਮਕਰੋੜ ਸਾਹਿਬ ਵਾਸੀਆਂ ਨਾਲ ਕੀਤੀ ਗੱਲਬਾਤ
ਲੌਂਗੋਵਾਲ, 2 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਭਾਰਤੀ ਫੌਜ ਦੀ 71 PUNJ0207201910ਆਰਮਰਡ ਰੈਜੀਮੈਂਟ ਦੇ ਮੇਜਰ ਅਕਸ਼ੇ ਰਾਣਾ ਅਤੇ 3 ਗਾਰਡਜ਼ ਯੂਨਿਟ ਦੇ ਲੈਫਟੀਨੈਂਟ ਫੌਗਟ ਸਮੇਤ ਫੌਜ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਘੱਗਰ ਦਰਿਆ ਨੇੜਲੇ ਸੰਵੇਦਨਸ਼ੀਲ ਸਥਾਨਾਂ ਦਾ ਦੌਰਾ ਕੀਤਾ ਅਤੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਸੰਭਾਵੀ ਹੜ੍ਹਾਂ ਕਾਰਨ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਢੁਕਵੇਂ ਕਦਮ ਪੁੱਟਣ ਦੇ ਦਿਸ਼ਾ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਪੰਜਾਬ-ਹਰਿਆਣਾ ਦੀ ਹੱਦ ਨੇੜੇ ਸਥਿਤ ਮੇਨ ਹੈਡ ਖਨੌਰੀ, ਪਿੰਡ ਮੰਡਵੀ, ਮਕਰੌੜ ਸਾਹਿਬ ਆਦਿ ਦਾ ਜਾਇਜ਼ਾ ਲਿਆ ਅਤੇ ਫੌਜ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਕੋਲ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਉਪਲਬਧ ਸਮੱਗਰੀ ਅਤੇ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਇਸ ਤੋਂ ਪਹਿਲਾਂ ਖਨੌਰੀ ਰੈਸਟ ਹਾਊਸ ਵਿਖੇ ਸਮੂਹ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਐਕਸੀਅਨ ਡਰੇਨੇਜ਼ ਨੂੰ ਹਦਾਇਤ ਕੀਤੀ ਕਿ ਚਾਂਦੂ ਲਿਫ਼ਟ ਸਕੀਮ ਨੂੰ ਦੋ ਦਿਨਾਂ ਅੰਦਰ ਚਾਲੂ ਕਰਵਾਇਆ ਜਾਵੇ ਅਤੇ ਐਸ.ਡੀ.ਐਮ ਮੂਨਕ ਕੋਲੋਂ ਇਸ ਦੀ ਜਾਂਚ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਨੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਘੱਗਰ ਨੇੜਲੇ ਸੰਵੇਦਨਸ਼ੀਲ ਸਥਾਨਾਂ `ਤੇ ਲਗਾਤਾਰ ਚੌਕਸੀ ਰੱਖੀ ਜਾਵੇ ਅਤੇ 50 ਹਜ਼ਾਰ ਸੀਮਿੰਟ ਦੇ ਖਾਲੀ ਥੈਲਿਆਂ `ਚ ਰੇਤਾ ਭਰ ਕੇ ਰਖਵਾਇਆ ਜਾਵੇ ਅਤੇ ਇਸ ਦੀ ਜਾਂਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਵੱਲੋਂ ਕੀਤੀ ਜਾਵੇਗੀ।ਖਨੌਰੀ ਵਿਖੇ ਸਥਾਪਿਤ ਫਲੱਡ ਕੰਟਰੋਲ ਰੂਮ ਦੇ ਅਧਿਕਾਰੀਆਂ ਨੂੰ 24 ਘੰਟੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਟੇਟ ਫਲੱਡ ਕੰਟਰੋਲ ਰੂਮ ਨਾਲ ਰਾਬਤਾ ਰੱਖੇ ਜਾਣ ਦੇ ਦਿਸ਼ਾ ਨਿਰਦੇਸ਼ ਵੀ ਦਿੱਤੇ।
ਐਸ.ਡੀ.ਐਮ ਮੂਨਕ ਸ. ਸੂਬਾ ਸਿੰਘ ਨੇ ਦੱਸਿਆ ਕਿ ਮਕਰੋੜ ਸਾਹਿਬ ਵਿਖੇ ਮਗਨਰੇਗਾ ਵਰਕਰਾਂ ਦੇ ਰਾਹੀਂ ਬੰਨ੍ਹ ਦੀ ਮਜ਼ਬੂਤੀ ਦੇ ਕਾਰਜ ਚੱਲ ਰਹੇ ਹਨ ਅਤੇ ਉਹ ਲਗਾਤਾਰ ਨਿੱਜੀ ਤੌਰ `ਤੇ ਇਸ ਪ੍ਰਕਿਰਿਆ ਦਾ ਜਾਇਜ਼ਾ ਲੈ ਰਹੇ ਹਨ।ਉਨ੍ਹਾਂ ਦੱਸਿਆ ਕਿ ਖਨੌਰੀ ਤੋਂ ਮਕਰੋੜ ਸਾਹਿਬ ਤੱਕ ਘੱਗਰ ਦਰਿਆ ਦੇ ਦੋਵੇਂ ਪਾਸੇ ਬਣੇ ਬੰਨ੍ਹਾਂ ਦੀ ਮਜ਼ਬੂਤੀ, ਸੀਮਿੰਟ ਦੇ ਖਾਲੀ ਥੈਲੇ ਮਿੱਟੀ ਨਾਲ ਭਰ ਕੇ ਲਗਾਉਣ ਅਤੇ ਕਿਸੇ ਵੀ ਸੰਭਾਵੀ ਹੰਗਾਮੀ ਹਾਲਤ ਨਾਲ ਸਮੇਂ ਸਿਰ ਨਜਿੱਠਣ ਲਈ ਜੇ.ਸੀ.ਬੀ ਮਸ਼ੀਨਾਂ ਕਿਰਾਏ `ਤੇ ਲੈਣ ਲਈ ਉਚ ਅਧਿਕਾਰੀਆਂ ਕੋਲੋਂ ਡਰੇਨੇਜ਼ ਵਿਭਾਗ ਵੱਲੋਂ ਵੱਖਰੇ ਤੌਰ `ਤੇ 25 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ।
ਇਸ ਮੌਕੇ ਫੌਜ ਦੇ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹਾ ਮਾਲ ਅਫ਼ਸਰ ਜਸਵੰਤ ਸਿੰਘ, ਐਕਸੀਅਨ ਜਲ ਸਪਲਾਈ, ਐਕਸੀਅਨ ਡਰੇਨੇਜ਼ ਕੁਲਜੀਤ ਸਿੰਘ, ਐਸ.ਡੀ.ਓ ਮੰਡੀ ਬੋਰਡ, ਐਸ.ਡੀ.ਓ ਲੋਕ ਨਿਰਮਾਣ ਵਿਭਾਗ, ਐਸ.ਪੀ ਸ਼ਰਨਜੀਤ ਸਿੰਘ ਢਿੱਲੋਂ, ਡੀ.ਐਸ.ਪੀ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply