Thursday, November 21, 2024

ਆਹ ਪੰਜਾਹ ਈ ਰੱਖ ਲੈ! (ਮਿੰਨੀ ਕਹਾਣੀ)

“ਮਾਂ, ਕੀ ਗੱਲ ਹੁਣ ਪਿਆਰ ਫਿੱਕਾ ਪੈ ਗਿਆ?… ਹਜ਼ਾਰਾਂ ਨਾਲ ਤੋਰਨ ਵਾਲੀ ਮਾਂ ਅੱਜ ਪੰਜਾਵਾਂ ਵਿੱਚ ਈ ਤੋਰੀ ਜਾਂਦੀ ਸੀ?” ਮਜ਼ਾਕ ਵਿੱਚ ਮੇਰੀ ਪਤਨੀ ਨੇ ਪੇਕਿਓਂ ਤੁਰਨ ਲੱਗਿਆਂ ਆਪਣੀਂ ਮਾਂ ਨੂੰ ਕਹਿ ਈ ਦਿੱਤਾ।
ਮੇਰੀ ਪਤਨੀ ਦਸ ਕੁ ਸਾਲਾਂ ਤੋਂ ਹਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਪਣੇ ਪੇਕੇ ਆਉਂਦੀ ਸੀ।ਮਾਂ ਦਲੇਰ ਕੌਰ ਵੀ ਫਿਰ ਆਪਣੀ ਧੀ ਸ਼ਮਿੰਦਰ ਨੂੰ ਕਦੇ ਸੂਟ ਤੇ ਕਦੇ ਹਜ਼ਾਰ-ਹਜ਼ਾਰ ਦੇ ਪਿਆਰ ਨਾਲ ਤੋਰਦੀ ਸੀ।
ਮਾਂ ਬੜੀ ਚਿੰਤਾ ਵਿੱਚ ਬੋਲ ਰਈ ਸੀ, “ਬਥੇਰਾ ਕਿਆ ਸੀ ਏਹਨੂੰ…ਗੁਆਂਢੀਆਂ ਦੇ ਮੁੰਡੇ ਵਾਂਗ ਬਾਰਾਂ ਕਰਨ ਤੋਂ ਬਾਅਦ ਪਟਵਾਰੀ ਲੱਗ ਜਾ।ਕਹਿੰਦਾ ਨਈਂ ਮਾਹਟਰ ਲੱਗਣਾ।ਏਹਦੇ ਨਾਲਦਾ ਬਿੱਕਾ ਪਟਵਾਰੀ ਉਦੋਂ ਦਾ ਲੱਗਾ ਕੋਠੀ ਵੀ ਵੱਡੀ ਪਾ ਗਿਆ।ਘਰ ਓਹਦੇ ਚਹਿਲ ਪਹਿਲ ਵੀ ਰੋਜ਼ ਲੱਗੀ ਰਹਿੰਦੀ।…ਤੇ ਇਹ ਅੱਧੀ ਉਮਰ ਗਾਲ਼ਤੀ ਪੜ੍ਹ ਪੜ੍ਹ ਕੇ”।
“ਮਾਂ, ਪਟਵਾਰੀ ਨਾਲੋਂ ਮਾਸਟਰ ਉਚੇ ਹੁੰਦੇ।”
    “ਅੱਛਾ ਧੀਏ! ਸਮਾਂ ਪਤਾ ਨਈਂ ਕਿਹੜੀ ਕਰਵਟ ਬਦਲਦਾ?…ਜਦੋਂ ਤੇਰੇ ਭਰਾ ਮੀਤ ਨੂੰ ਨੌਕਰੀ ਨਈਂ ਮਿਲੀ ਸੀ, ਤਾਂ ਜਦੋਂ ਪੁੱਛੀਦਾ ਸੀ ਕਿ ਕੀ ਕਰਦੈਂ? ਤਾਂ ‘ਟੀ ਟੀ, ਟੀ ਟੀ’ ਈ ਕਰਦਾ ਰਹਿੰਦਾ ਸੀ”।
“ਮਾਂ, ‘ਟੀ ਟੀ, ਟੀ ਟੀ’ ਨਈਂ, ਟੀ.ਈ.ਟੀ.।ਇਹ ਮਾਸਟਰ ਲੱਗਣ ਦਾ ਟੈਸਟ ਆ।ਬੀ.ਐਡ ਕਰਕੇ ਦੋ ਸਾਲਾਂ ਤੋਂ ਵੀਰ ਤਿਆਰੀ ਕਰਦਾ ਸੀ ਏਸਦੀ”।
“ਅੱਛਾ!…ਤੇ ਜਦੋਂ ਨੌਕਰੀ ‘ਤੇ ਲੱਗਾ, ਤਾਂ ‘ਅਸ਼ਕੇ ਅਸ਼ਕੇ’ ਕਰਦਾ ਈ ਨਈਂ ਥੱੱਕਦਾ ਸੀ, ਅਖੇ ਸਰਕਾਰੀ ਨੌਕਰੀ ਲੱਗ ਗਈ।ਤਨਖ਼ਾਹ ਵੀ ਪੂਰੇ ਪੈਂਤੀ ਹਜ਼ਾਰ।”
“ਮਾਂ, ‘ਅਸ਼ਕੇ ਅਸ਼ਕੇ’ ਨਈਂ ਕਰਦਾ ਸੀ।ਉਹਨੂੰ ਐਸ.ਐਸ.ਏ ਵਿੱਚ ਸਰਕਾਰੀ ਨੌਕਰੀ ਮਿਲੀ ਸੀ।ਉਹ ‘ਐਸ.ਐਸ.ਏ, ਐਸ.ਐਸ.ਏ.’ ਕਰਦਾ ਸੀ”।
“ਆਹ ਦਸਾਂ ਸਾਲਾਂ ਬਾਅਦ ਪਤਾ ਨੀਂ ਕੇੜ੍ਹਾ ਸੱਪ ਸੁੰਘ ਗਿਆ? ਗੁੰਮ-ਸੁੰਮ ਰਹਿੰਦਾ ਤੇਰਾ ਭਰਾ! ਅਖੇ ਸਰਕਾਰ ਨੇ ਪੱਕਿਆਂ ਕਰਕੇ ਤਨਖ਼ਾਹ ਪੰਜਤਾਲੀ ਹਜ਼ਾਰ ਤੋਂ ਪੰਦਰਾਂ ਹਜ਼ਾਰ ਮਹੀਨਾ ਕਰ ਤੀ!”
ਮਾਂ ਧੀ ਦੀ ਇਹ ਗੱਲਬਾਤ ਚੱਲ ਹੀ ਰਹੀ ਸੀ ਕਿ ਮੇਰੀ ਪਤਨੀ ਨੇ ਮਾਂ ਨੂੰ ਝੂਠ ਦਿਲਾਸਾ ਦੇਣ ਲਈ ਕਿਹਾ, “ਕੋਈ ਨਈਂ।ਪੱਕਾ ਤਾਂ ਹੋ ਗਿਆ।ਸਰਕਾਰ ਦੀ ਨੀਤੀ ਆ।ਤਿੰਨਾਂ ਸਾਲਾਂ ਬਾਅਦ ਆਪੇ ਤਨਖ਼ਾਹ ਵੀ ਵਧ ਜਾਊ”।
“ਸਾਡੀ ਕਿਹੜੀ ਕੋਈ ਹੋਰ ਜਾਇਦਾਦ ਆ ਕੁੜੀਏ? ਦਸ ਲੱਖ ਦਾ ਕਰਜ਼ਾ ਲੈ ਕੇ ਬੈਂਕ ਤੋਂ ਆਹ ਘਰ ਬਣਾਇਆ।ਕਹਿੰਦਾ ਦਸ ਹਜ਼ਾਰ ਮਹੀਨੇਂ ਦੀ ਕਿਸ਼ਤ ਜਾਂਦੀ।ਦੋ ਹਜ਼ਾਰ ਬੱਚਿਆਂ ਦੀਆਂ ਫ਼ੀਸਾਂ ਦਿੰਦਾ।ਹਜ਼ਾਰ ਸਕੂਲੇ ਜਾਣ ਦਾ ਸਕੂਟਰ ਦਾ ਤੇਲ ਖ਼ਰਚ ਆ ਜਾਂਦਾ।…ਬਾਕੀ ਖ਼ਰਚਾ ਕਿੱਥੋਂ ਕਰਨਾ?…ਕਰਿਆਨਾ ਵੀ ਉਧਾਰ ਲੈਣ ਲਗ ਪਿਆ।ਮਾਸਟਰ ਕਾਅਦਾ ਲੱਗਿਆ, ਘਰ ਈ ਕਰਜ਼ਾਈ ਕਰਤਾ! ਅੱਗੇ ਦੋ ਕੁ ਹਜ਼ਾਰ ਮੈਨੂੰ ਮਹੀਨੇ ਦਾ ਦੇ ਦਿੰਦਾ ਸੀ।ਪੱਕਾ ਕਾਹਦਾ ਹੋਇਆ, ਪਿਛਲੇ ਢੇਡ ਸਾਲ ਤੋਂ ਇਹ ਵੀ ਬੰਦ।…ਤੂ ਆਹ ਪੰਜਾਹ ਈ ਰੱਖ ਲੈ ਹੁਣ ਹਜ਼ਾਰ ਜਾਣ ਕੇ!”
ਮਾਂ ਦੇ ਪਿਆਰ ਦੇ ਪੰਜਾਹ ਰੁਪਏ ਵੀ ਮੋੜ ਨਾ ਸਕੀ ਮੇਰੀ ਪਤਨੀ ਆਪਣੀ ਮਾਂ ਨੂੰ।
Paramjit Kalsi Btl

 

ਡਾ. ਪਰਮਜੀਤ ਸਿੰਘ ਕਲਸੀ (ਸਟੇਟ ਤੇ ਨੈਸ਼ਨਲ ਐਵਾਰਡੀ)   
ਲੈਕਚਰਾਰ ਪੰਜਾਬੀ, ਪਿੰਡ ਤੇ ਡਾਕਖਾਨਾ ਊਧਨਵਾਲ,
ਜ਼ਿਲਾ੍ਹ ਗੁਰਦਾਸਪੁਰ-143505
ਮੋ -7068900008 email- kalsi19111@gmail.com

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply