ਹਰੇਕ ਨਾਗਰਿਕ ਘੱਟੋ ਘੱਟ 5 ਰੁੱਖ ਜ਼ਰੂਰ ਲਗਾਵੇ – ਦਲਵੀਰ ਸਿੰਘ ਗੋਲਡੀ
ਸੰਗਰੂਰ/ ਲੌਂਗੋਵਾਲ, 27 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਵਿਧਾਨ ਸਭਾ ਹਲਕਾ
ਧੂਰੀ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਕੜੀ ਤਹਿਤ ਘਰ ਘਰ ਬੂਟੇ ਪਹੰੁਚਾਉਣ ਦੀ ਮੁਹਿੰਮ ਦਾ ਰਸਮੀ ਆਗਾਜ਼ ਕੀਤਾ। ਹਲਕਾ ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ ਵੱਲੋਂ ਹਲਕੇ ਦੇ ਹਰੇਕ ਘਰ ਵਿੱਚ ਬੂਟਾ ਵੰਡਣ ਦੀ ਸੋਚ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਸ. ਧਰਮਸੋਤ ਨੇ ਕਿਹਾ ਕਿ ਘਰਾਂ ਵਿੱਚ ਬੂਟੇ ਪਹੰੁਚਣ ਨਾਲ ਜਿਥੇ ਬੂਟਿਆਂ ਦਾ ਸਹੀ ਪਾਲਣ ਪੋਸ਼ਣ ਯਕੀਨੀ ਬਣ ਸਕੇਗਾ ਉਥੇ ਹੀ ਘਰ ਦੇ ਹਰੇਕ ਜੀਅ ਦੀ ਬੂਟੇ ਨਾਲ ਸਾਂਝ ਵਿਕਸਤ ਹੋਵੇਗੀ ਜੋ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਕੁਦਰਤ ਨਾਲ ਨੇੜਿਓਂ ਸਾਂਝ ਦਾ ਜ਼ਰੀਆ ਬਣੇਗੀ। ਧੂਰੀ ਵਿਖੇ ਇਸ ਸਬੰਧੀ ਵਿਧਾਇਕ ਸ਼੍ਰੀ ਗੋਲਡੀ ਦੇ ਪ੍ਰਬੰਧਾਂ ਹੇਠ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਧਰਮਸੌਤ ਨੇ ਦੱਸਿਆ ਕਿ ਵਣ ਵਿਭਾਗ ਵੱਲੋਂ ਰਾਜ ਵਿੱਚ 175 ‘ਨਾਨਕ ਬਗੀਚੀਆਂ’ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਧੂਰੀ ਵਿਖੇ ਅਜਿਹੀ ਹੀ ਬਗੀਚੀ ਤਿਆਰ ਕਰਵਾਈ ਜਾਵੇਗੀ ਜਿਸ ਵਿੱਚ ਹਰੇਕ ਕਿਸਮ ਦੇ ਬੂਟੇ ਲਗਾਏ ਜਾਣਗੇ ਜਿਨ੍ਹਾਂ ਵਿੱਚ ਰਵਾਇਤੀ ਰੁੱਖਾਂ ਜਿਵੇਂ ਪਿੱਪਲ, ਨਿੰਮ, ਬੋਹੜ, ਟਾਹਲੀ ਦੇ ਤੋਂ ਇਲਾਵਾ ਫ਼ਲਾਂ ਦੇ ਰੁੱਖ ਵੀ ਸ਼ਾਮਲ ਹੋਣਗੇ।
ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਰੁੱਖਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਆਸ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਰੁੱਖ ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਹਰੇਕ ਮਨੁੱਖੀ ਰੀਤਾਂ ਰਸਮਾਂ ਦਾ ਅਹਿਮ ਹਿੱਸਾ ਬਣਦੇ ਹਨ। ਵਿਧਾਇਕ ਨੇ ਕਿਹਾ ਕਿ ਇਹ ਹਰੇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਘੱਟੋ ਘੱਟ 5 ਰੁੱਖ ਜ਼ਰੂਰ ਲਗਾਏ ਅਤੇ ਉਨ੍ਹਾਂ ਰੁੱਖਾਂ ਦਾ ਮਿਆਰੀ ਢੰਗ ਨਾਲ ਪਾਲਣ ਪੋਸ਼ਣ ਕਰੇ।
ਇਸ ਤੋਂ ਪਹਿਲਾਂ ਸ਼੍ਰੀਮਤੀ ਸਿਮਰਤ ਕੌਰ ਖੰਗੂੜਾ ਨੇ ਕਿਹਾ ਕਿ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ, ਹਰ ਵਰਗ ਦੇ ਲੋਕਾਂ ਦੀ ਬੂਟਿਆਂ ਨਾਲ ਸਾਂਝ ਨੂੰ ਪਰਪੱਕ ਕਰਨ ਲਈ ਇਹ ਮੁਹਿੰਮ ਆਰੰਭੀ ਗਈ ਹੈ।ਵਿਧਾਇਕ ਗੋਲਡੀ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਉਪਰੰਤ ਹੋਰ ਸਖ਼ਸ਼ੀਅਤਾਂ ਅਤੇ ਪਾਰਟੀ ਵਰਕਰਾਂ ਤੇ ਅਧਿਕਾਰੀਆਂ ਨੂੰ ਵੀ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਤੋਂ ਬਾਅਦ ਕੈਬਨਿਟ ਮੰਤਰੀ ਸਮੇਤ ਹੋਰ ਸ਼ਖਸ਼ੀਅਤਾਂ ਵੱਲੋਂ ਸੰਗਰੂਰ ਸ਼ਹਿਰ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ।
ਇਸ ਮੌਕੇ ਕੰਜਰਵੇਟਰ ਆਫ਼ ਫਾਰੈਸਟ ਵਿਸ਼ਾਲ ਚੌਹਾਨ, ਐਸ.ਡੀ.ਐਮ ਸਤਵੰਤ ਸਿੰਘ, ਸਕੱਤਰ ਪੀ.ਪੀ.ਸੀ.ਸੀ ਨਰੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕਾ ਧੂਰੀ ਦੇ ਪਿੰਡਾਂ ਤੇ ਸ਼ਹਿਰਾਂ ਦੇ ਵਸਨੀਕ ਵੀ ਹਾਜ਼ਰ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media