Tuesday, April 21, 2026

ਖ਼ਾਲਸਾ ਸੀ: ਸੈਕੰ: ਸਕੂਲ ਵਿਖੇ ਸਪੈਸ਼ਲ ਬੱਚਿਆਂ ਦੀ ਖੇਡ ਪ੍ਰਤੀਯੋਗਤਾ ਆਯੋਜਿਤ

ਸਪੈਸ਼ਲ ਬੱਚਿਆਂ ਨੂੰ ਆਮ ਬੱਚਿਆਂ ਵਾਂਗ ਜੀਵਨ ਜਾਂਚ ਸਿਖਾਉਣੀ ਸਭ ਤੋਂ ਵੱਡੀ ਸੇਵਾ – ਛੀਨਾ

PUNJ2707201915 ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ’ਚ ਏਸ਼ੀਅਨ ਫੁੱਟਬਾਲ ਵੀਕ ਮਨਾਉਣ ਸਬੰਧੀ ਇਕ ਦੋਸਤਾਨਾ ਫੁੱਟਬਾਲ ਮੈਚ ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ ਅਤੇ ਪਹਿਲ ਸਰਕਾਰੀ ਸਪੈਸ਼ਲ ਰਿਸੋਰਸ ਸੈਂਟਰ ਕਰਮਪੁਰਾ ਦੇ ਖਿਡਾਰੀਆਂ ਵਿਚਕਾਰ ਕਰਵਾਇਆ ਗਿਆ। ਇਸ ਮੈਚ ’ਚ ਯੂਨੀਫ਼ਾਈਡ ਖਿਡਾਰੀਆਂ ਦੇ ਤੌਰ ’ਤੇ ਖ਼ਾਲਸਾ ਕਾਲਜ ਸਕੂਲ ਦੀ ਫੁੱਟਬਾਲ ਟੀਮ ਦੇ ਖਿਡਾਰੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ।
    ਸਪੈਸ਼ਲ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਮੁੱਖ ਮਹਿਮਾਨ ਵਜੋਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਆਪਣੇ ਭਾਸ਼ਣ ’ਚ ਕਿਹਾ ਕਿ ਸਪੈਸ਼ਲ ਬੱਚਿਆਂ ਨੂੰ ਪੜ੍ਹਾਉਣਾ ਉਨ੍ਹਾਂ ਨੂੰ ਆਮ ਬੱਚਿਆਂ ਵਾਲੀਆਂ ਖੇਡਾਂ ਖਿਡਾਉਣੀਆਂ ਅਤੇ ਇਨ੍ਹਾਂ ਬੱਚਿਆਂ ਵਿਚਲੀ ਹੀਣ ਭਾਵਨਾ ਨੂੰ ਦੂਰ ਕਰਨਾ ਇਹੋ ਸਭ ਤੋਂ ਉੱਚੀ ਤੇ ਸੁੱਚੀ ਸਮਾਜ ਸੇਵਾ ਹੈ । ਉਨ੍ਹਾਂ ਸਪੈਸ਼ਲ ਬੱਚਿਆਂ ਨੂੰ ਫੁੱਟਬਾਲ ਖੇਡਦਿਆਂ ਵੇਖ ਕਿਹਾ  ਕਿ ਜਿੱਥੇ ਸਪੈਸ਼ਲ ਬੱਚਿਆਂ ਦੇ ਮਾਪਿਆਂ ਦਾ ਵੱਡਾਪਣ ਹੈ ਉੱਥੇ ਕੋਚ ਸਾਹਿਬਾਨਾਂ ਦਾ ਵੀ ਇਨ੍ਹਾਂ ਬੱਚਿਆਂ ਨੂੰ ਸਿਖਲਾਈ ਦੇਣ ’ਚ ਬਹੁਤ ਵੱਡਾ ਯੋਗਦਾਨ ਹੈ। PUNJ2707201916
ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਇਨ੍ਹਾਂ ਖੇਡ ਦੇ ਮੈਦਾਨਾਂ ’ਚ ਪੂਰੇ ਭਾਰਤ ’ਚੋਂ ਰਾਸ਼ਟਰੀ ਪੱਧਰ ਦੀਆਂ ਖੇਡਾਂ ਖੇਡਣ ਖਿਡਾਰੀ ਆਉਂਦੇ ਹਨ। ਖਾਲਸਾ ਸੰਸਥਾਵਾਂ ਸਦਾ ਹੀ ਵਿਦਿਆਰਥੀਆਂ ਅਤੇ ਖਿਡਾਰੀਆਂ ਦੇ ਉਜਵਲ ਭਵਿੱਖ ਲਈ  ਕਾਰਜਸ਼ੀਲ ਰਹਿੰਦੀਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਸ: ਜੁਗਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਆਮ ਬੱਚਿਆਂ ਨਾਲ ਸਪੈਸ਼ਲ ਬੱਚਿਆਂ ਦੀਆਂ ਖੇਡਾਂ ਕਰਵਾਉਣੀਆਂ ਇਨ੍ਹਾਂ ਦਾ ਹੌਂਸਲਾ ਵਧਾਉਂਦੀਆਂ ਹਨ। ਜ਼ਿਲ੍ਹਾ ਕੋਆਰਡੀਨੇਟਰ ਧਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਨ੍ਹਾਂ ਦੋਸਤਾਨਾ ਫੁੱਟਬਾਲ ਮੈਚ ’ਚ ਪਿੰਗਲਵਾੜੇ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਜੇਤੂ ਰਹੀਆਂ। ਇਸ ਉਪਰੰਤ ਸ: ਛੀਨਾ ਨੇ ਜੇਤੂ ਟੀਮਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।
 ਕੌਂਸਲ ਦੇ ਮੈਂਬਰ ਗੁਰਮਹਿੰਦਰ ਸਿੰਘ ਚੇਅਰਮੈਨ ਅੰਮ੍ਰਿਤ ਪਰਿਵਾਰ, ਖ਼ਾਲਸਾ ਕਾਲਜ ਖੇਡ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਧਰਮਿੰਦਰ ਸਿੰਘ ਗਿੱਲ, ਰਣਕੀਰਤ ਸਿੰਘ, ਬਲਜਿੰਦਰ ਸਿੰਘ, ਭੁਪਿੰਦਰ ਸਿੰਘ, ਸੁਖਰਾਜ ਸਿੰਘ, ਅਮਿਤ ਮਹਿਤਾ (ਸਾਰੇ ਕੋਚ), ਆਈ. ਈ. ਆਰ. ਟੀ ਗੁਰਮੀਤ ਸਿੰਘ, ਸੰਗਰਾਮ ਸ਼ਾਹ, ਤਰਨ ਕੁਮਾਰ, ਸਪੈਸ਼ਲ ਓਲੰਪਿਕ ਭਾਰਤ ਵਲੋਂ ਟਰੇਂਡ ਯੰਗ ਲੀਡਰ ਗੁਰਸ਼ਾਨ ਸਿੰਘ, ਅਮਨਦੀਪ ਕੌਰ ਰਜਨੀਤ ਕੌਰ ਮਨੋਵਿਗਿਆਨੀ, ਪਿੰਗਲਵਾੜੇ ਤੋਂ ਮੈਡਮ ਪਦਮਨੀ ਸ੍ਰੀਵਾਸਤਵ ਅਤੇ ਅਨੀਤਾ ਬੱਤਰਾ ਤੋਂ ਇਲਾਵਾ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ ਮਾਤਾ-ਪਿਤਾ ਹਾਜ਼ਰ ਸਨ।

 

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply