ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਜਾਰੀ ਬਿਆਨ `ਚ ਕਿਹਾ ਹੈ ਕਿ
ਪ੍ਰਮਾਤਮਾ ਨੇ ਸਭ ਇਨਸਾਨਾਂ ਨੂੰ ਜੀਵਨ ਜਿਊਣ ਲਈ ਬਰਾਬਰ ਦੇ ਹੱਕ ਦਿੱਤੇ ਹਨ।ਕਿਸੇ ਇਨਸਾਨ ਨਾਲ ਔਰਤ, ਜਾਤ-ਪਾਤ ਜਾਂ ਨਸਲੀ ਅਧਾਰ ‘ਤੇ ਵਿਤਕਰਾ ਕਰਕੇ ਕਿਸੇ ਵਰਗ ਨੂੰ ਮਾਨਸਿਕ ਪੀੜਾ ‘ਚ ਧੱਕਣ ਦਾ ਗੁਨਾਹ ਨਾ ਮੁਆਫ਼ੀਯੋਗ ਹੁੰਦਾ ਹੈ।ਕਸ਼ਮੀਰ ‘ਚ ਧਾਰਾ 370 ਖਤਮ ਕਰਨ ਤੋਂ ਬਾਅਦ ਪੈਦਾ ਹੋਏ ਨਾਜੁਕ ਹਲਾਤਾਂ `ਚ ਸੋਸ਼ਲ ਮੀਡੀਆ `ਤੇ ਇਕ ਖਾਸ ਕਿਸਮ ਦੀ ਭੀੜ ਸਮੇਤ ਚੁਣੇ ਹੋਏ ਕੁੱਝ ਸਿਆਸੀ ਆਗੂਆਂ ਅਤੇ ਧਾਰਮਿਕ ਪਹਿਰਾਵੇ ਵਾਲੇ ਲੋਕਾਂ ਵੱਲੋਂ ਵੀ ਕਸ਼ਮੀਰ ਦੀਆਂ ਸਮੂਹ ਬਹੁ-ਬੇਟੀਆਂ ਦੀ ਇੱਜਤ ਆਬਰੂ ਅਤੇ ਸਵੈਮਾਣ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਅਤੇ ਐਲਾਨ, ਜਿੱਥੇ ਸਮੁੱਚੇ ਔਰਤ ਜਗਤ ਦਾ ਅਪਮਾਨ ਕਰ ਰਹੇ ਹਨ, ਉਥੇ ਹੀ ਇਹ ਵੱਡੇ ਗੁਨਾਹ ਹਨ, ਜੋ ਬਖਸ਼ਣਯੋਗ ਨਹੀਂ।
ਅਸਭਿਅਕ ਮਾਨਸਿਕਤਾ ਵਾਲੇ ਲੋਕਾਂ ਦੀ ਭੀੜ ਵੱਲੋਂ ਕਸ਼ਮੀਰ ਦੀਆਂ ਨੌਜਵਾਨ ਧੀਆਂ ਦੀਆਂ ਸੋਸ਼ਲ ਮੀਡੀਆ ‘ਤੇ ਫੋਟੋਆਂ ਪਾ ਕੇ ਉਨ੍ਹਾਂ ‘ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੇ ਭਾਰਤ ਦਾ ਦੁਨੀਆਂ ਭਰ ਵਿਚ ਸਿਰ ਨੀਵਾਂ ਕੀਤਾ ਹੈ।ਇਨ੍ਹਾਂ ਅਨਸਰਾਂ ਦੇ ਐਲਾਨਾਂ ਨਾਲ ਪ੍ਰਗਟ ਹੋਈ ਮਾਨਸਿਕਤਾ ਨੇ ਜਿਥੇ ਰੱਬ ਦਾ ਦੂਜਾ ਰੂਪ ਮੰਨੀ ਜਾਂਦੀ ਔਰਤ ਨੂੰ ਕੇਵਲ ਦੇਹ ਦੇ ਰੂਪ ਤੱਕ ਸੀਮਤ ਕਰ ਦਿੱਤਾ ਹੈ, ਉਥੇ ਹੀ ਔਰਤ ਦੇ ਬਾਕੀ ਮਾਂ, ਭੈਣ, ਪਤਨੀ, ਦਾਦੀ ਵਾਲੇ ਮਹਾਨ ਪਵਿੱਤਰ ਰੂਪਾਂ ਨੂੰ ਦਫ਼ਨਾ ਦਿੱਤਾ ਹੋਇਆ ਹੈ।ਜਿਨ੍ਹਾਂ ਰੂਪਾਂ ਸਦਕਾ ਸਮੁੱਚੀ ਸ੍ਰਿਸ਼ਟੀ ਚੱਲ ਰਹੀ ਹੈ, ਅੱਗੇ ਵੱਧ ਰਹੀ ਹੈ ਅਤੇ ਸੰਤੁਲਨ ਬਣਾ ਕੇ ਰੱਖਦੀ ਹੈ।ਕਸ਼ਮੀਰੀ ਬੇਟੀਆਂ ਦੀ ਆੜ ‘ਚ ਸਮੁੱਚੇ ਔਰਤ ਵਰਗ ਬਾਰੇ ਪ੍ਰਗਟ ਹੋ ਰਹੀ ਇਸ ਮਾਨਸਿਕਤਾ ਨੂੰ ਹਲਕੇ ‘ਚ ਨਹੀਂ ਲੈਣਾ ਚਾਹੀਦਾ, ਕਿਉਂਕਿ ਇਹ ਇਕ ਭੀੜ ਵੱਲੋਂ ਸੋਚੀ ਸਮਝੀ ਸਾਜਿਸ਼ ਅਧੀਨ ਉਭਾਰਿਆ ਗਿਆ ਬਹੁਤ ਹੀ ਗੰਭੀਰ ਮਾਮਲਾ ਹੈ।ਇਸ ਨੀਚ ਮਾਨਸਿਕਤਾ ਵਾਲੇ ਵਰਗ ਨੇ ਹੀ ਨਵੰਬਰ 1984 ‘ਚ ਨਿਹੱਥੇ ਸਿੱਖਾਂ ਦੀ ਨਸਲਕੁਸ਼ੀ ਦੌਰਾਨ ਦਿੱਲੀ ਦੀ ਤੱਤਕਾਲੀ ਹਕੂਮਤ ਦੀ ਛਤਰ ਛਾਇਆ ਹੇਠ ਸਿੱਖ ਬੀਬੀਆਂ ਨਾਲ ਅਜਿਹਾ ਕੁੱਝ ਹੀ ਕੀਤਾ ਸੀ, ਜੋ ਔਰਤਾਂ ਬਾਰੇ ਅੱਜ ਖੁੱਲੇਆਮ ਐਲਾਨ ਹੋ ਰਹੇ ਹਨ।ਕਸ਼ਮੀਰ ਦੀਆਂ ਬਹੁ-ਬੇਟੀਆਂ ਸਾਡੇ ਸਮਾਜ ਦਾ ਅੰਗ ਹਨ।ਕਸ਼ਮੀਰੀ ਔਰਤਾਂ ਦੇ ਗੌਰਵ ਅਤੇ ਸਵੈਮਾਣ ਦੀ ਰੱਖਿਆ ਕਰਨਾ ਸਾਡਾ ਧਰਮ ਹੈ।ਅਸੀਂ ਆਪਣਾ ਧਰਮ ਨਿਭਾਉਣ ‘ਚ ਕਦੇ ਵੀ ਪਿੱਛੇ ਨਹੀਂ ਹਟਾਂਗੇ।ਸਿੱਖ ਕਦੇ ਵੀ ਮਾੜੇ ਅਨਸਰਾਂ ਨੂੰ ਕਸ਼ਮੀਰੀ ਔਰਤਾਂ ਵੱਲ ਅੱਖ ਚੁੱਕਣ ਨਹੀਂ ਦੇਵੇਗਾ, ਇਹੀ ਸਾਡਾ ਇਤਿਹਾਸ ਹੈ।
Punjab Post Daily Online Newspaper & Print Media