ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਅਸਤੀਫਾ ਪ੍ਰਵਾਨ ਹੋਣ `ਚ ਲੱਗੀ ਦੇਰੀ ਬਾਰੇ ਸਪੱਸ਼ਟ ਕੀਤੀ ਸਥਿਤੀ
ਚੰਡੀਗੜ, 14 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਐਚ.ਐਸ
ਫੂਲਕਾ ਦਾ ਅਸਤੀਫਾ ਨਿਯਮਾਂ ਅਨੁਸਾਰ ਢੁਕਵੇਂ ਫਾਰਮੈਟ ਵਿੱਚ ਨਾ ਹੋਣ ਕਾਰਨ ਪ੍ਰਵਾਨ ਨਹੀਂ ਕੀਤਾ ਗਿਆ ਸੀ।ਦੱਸੋਣਯੋਗ ਹੈ ਕਿ ਪਿਛਲੇ ਦਿਨੀਂ ਕੁੱਝ ਅਖ਼ਬਾਰਾਂ ਵੱਲੋਂ ਲਿਖਿਆ ਗਿਆ ਸੀ ਕਿ ਫੂਲਕਾ ਦਾ ਅਸਤੀਫਾ 10 ਮਹੀਨਿਆਂ ਬਾਅਦ ਉਨਾਂ ਵਲੋਂ ਸੁਪਰੀਮ ਕੋਰਟ ਵਿੱਚ ਜਾਣ ਦੀ ਦਿੱਤੀ ਧਮਕੀ ਬਾਅਦ ਮਨਜ਼ੂਰ ਕੀਤਾ ਗਿਆ ਹੈ।
ਇਨਾਂ ਰਿਪੋਰਟਾਂ ਨੂੰ ਖ਼ਾਰਜ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਫੂਲਕਾ ਵਲੋਂ ਅਸਤੀਫ਼ਾ ਨਿਯਮਾਂ ਅਨੁਸਾਰ ਢੁਕਵੇਂ ਫਾਰਮੈਟ ਵਿੱਚ ਨਾ ਦਿੱਤੇ ਜਾਣ ਕਾਰਨ ਵਿਧਾਨ ਸਭਾ ਸਪੀਕਰ ਵਲੋਂ ਮਨਜ਼ੂਰ ਨਹੀਂ ਕੀਤਾ ਗਿਆ ਸੀ।ਫੂਲਕਾ ਵਲੋਂ 12 ਅਕਤੂਬਰ, 2018 ਨੂੰ ਵਿਧਾਇਕ ਵਜੋਂ ਅਸਤੀਫ਼ਾ ਦਿੱਤਾ ਸੀ, ਜੋ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨਿਯਮਾਵਲੀ ਦੇ ਨਿਯਮਾਂ ਖ਼ਿਲਾਫ਼ ਸੀ ਅਤੇ ਅਸਤੀਫ਼ੇ ਵਿੱਚ ਗ਼ੈਰ-ਜ਼ਰੂਰੀ ਕਾਰਨ ਦਿੱਤੇ ਗਏ ਸਨ।ਇਸ ਬਾਅਦ 11 ਦਸੰਬਰ, 2018 ਨੂੰ ਫੂਲਕਾ ਵਲੋਂ ਸਪੀਕਰ ਨੂੰ ਨਿੱਜੀ ਤੌਰ `ਤੇ ਮਿਲ ਕੇ ਵੀ ਅਸਤੀਫ਼ਾ ਦਿੱਤਾ ਗਿਆ, ਜੋ ਪਹਿਲਾਂ ਦਿੱਤੇ ਗਏ ਅਸਤੀਫੇ ਦੇ ਹਵਾਲੇ ਵਿੱਚ ਸੀ ਅਤੇ ਇਹ ਵੀ ਢੁੱਕਵੇਂ ਫਾਰਮੇਟ ਵਿੱਚ ਨਹੀਂ ਸੀ।
ਉਨਾਂ ਅੱਗੇ ਦੱਸਿਆ ਕਿ ਇਸ ਬਾਅਦ ਪੰਜਾਬ ਵਿਧਾਨ ਸਭਾ ਸਪੀਕਰ ਵਲੋਂ ਫੂਲਕਾ ਨੂੰ 20 ਫਰਵਰੀ 2019 ਨੂੰ ਨਿੱਜੀ ਤੌਰ `ਤੇ ਪੇਸ਼ ਹੋਣ ਲਈ ਬੁਲਾਇਆ, ਪਰ ਫੂਲਕਾ 21 ਫਰਵਰੀਨੂੰ ਪੇਸ਼ ਹੋਏ। ਇਸ ਮੁਲਾਕਾਤ ਦੌਰਾਨ ਸਪੀਕਰ ਵਲੋਂ ਫੂਲਕਾ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਅਸਤੀਫ਼ਾ ਢੁਕਵੇਂ ਫਾਰਮੇਟ ਵਿੱਚ ਨਹੀਂ ਹੈ, ਜਿਸ ਕਾਰਨ ਮਨਜ਼ੂਰ ਨਹੀਂ ਕੀਤਾ ਗਿਆ।ਇਸ ਬਾਅਦ 5 ਅਗਸਤ 2019 ਨੂੰ ਵਿਧਾਨ ਸਭਾ ਸਕੱਤਰੇਤ ਵਿੱਚ ਫੂਲਕਾ ਦਾ ਪੱਤਰ ਪ੍ਰਾਪਤ ਹੋਇਆ, ਜਿਸ ਵਿੱਚ ਉਨਾਂ ਨੇ ਲਿਖਿਆ ਸੀ ਕਿ ਜੇਕਰ ਉਨਾਂ ਵੱਲੋਂ ਭੇਜਿਆ ਗਿਆ ਅਸਤੀਫਾ ਫਾਰਮੈਟ ਵਿੱਚ ਨਹੀਂ ਹੈ ਤਾਂ ਉਹ ਸਪੀਕਰ ਨੂੰ ਢੁਕਵੇਂ ਫਾਰਮੈਟ ਵਿੱਚ ਅਸਤੀਫਾ ਭੇਜ ਦਿੰਦੇ ਹਨ।ਬੁਲਾਰੇ ਨੇ ਦੱਸਿਆ ਕਿ ਇਸ ਬਾਅਦ ਫੂਲਕਾ ਵਲੋਂ 8 ਅਗਸਤ 2019 ਨੂੰ ਨਿਯਮਾਂ ਅਨੁਸਾਰ ਢੁਕਵੇਂ ਫਾਰਮੈਟ ਵਿੱਚ ਆਪਣਾ ਅਸਤੀਫ਼ਾ ਭੇਜਿਆ ਗਿਆ, ਜਿਸ ਨੂੰ ਸਪੀਕਰ ਵਲੋਂ 9 ਅਗਸਤ 2019 ਨੂੰ ਪ੍ਰਵਾਨ ਕਰ ਲਿਆ ਗਿਆ।
Punjab Post Daily Online Newspaper & Print Media