ਚੰਡੀਗੜ, 14 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਜੁਲਾਈ ਮਹੀਨੇ ਦੌਰਾਨ ਕੁੱਲ 12 ਛਾਪੇ
ਮਾਰ ਕੇ 14 ਸਰਕਾਰੀ ਮੁਲਾਜ਼ਮ ਅਤੇ 1 ਪ੍ਰਾਈਵੇਟ ਵਿਅਕਤੀ ਨੂੰ ਵੱਖ-ਵੱਖ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ, ਜਿਨਾਂ ਵਿਚ ਪੁਲਿਸ ਵਿਭਾਗ ਦੇ 4, ਮਾਲ ਵਿਭਾਗ ਦੇ 3 ਅਤੇ ਹੋਰ ਵਿਭਾਗਾਂ ਦੇ 7 ਮੁਲਾਜਮ ਸ਼ਾਮਲ ਹਨ।
ਇਸ ਸਬੰਧੀ ਚੀਫ ਡਾਇਰੈਕਟਰ-ਕਮ-ਏ.ਡੀ.ਜੀ.ਪੀ ਵਿਜੀਲੈਂਸ ਬਿਓਰੋ ਪੰਜਾਬ ਬੀ.ਕੇ ਉਪਲ ਨੇ ਕਿਹਾ ਕਿ ਇਸ ਦੌਰਾਨ ਬਿਓਰੋ ਨੇ ਜਨਤਕ ਸੇਵਾਵਾਂ ਅਤੇ ਹੋਰਨਾਂ ਖੇਤਰਾਂ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ।ਇਸ ਦਿਸ਼ਾ ਵਿਚ ਵਿਜੀਲੈਂਸ ਦੇ ਪੜਤਾਲੀਆ ਅਧਿਕਾਰੀਆਂ ਨੇ ਰਾਜ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਚੱਲਦੇ ਮੁਕੱਦਮਿਆਂ ਦੌਰਾਨ ਦੋਸੀਆਂ ਨੂੰ ਨਿਆਂਇਕ ਸਜ਼ਾਵਾਂ ਦਿਵਾਉਣ ਲਈ ਪੁਖਤਾ ਪੈਰਵੀ ਕੀਤੀ।
ਉਨਾਂ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਬਿਓਰੋ ਵਲੋਂ ਭ੍ਰਿਸ਼ਟਾਚਾਰ ਸਬੰਧੀ 18 ਕੇਸਾਂ ਦੇ ਚਲਾਣ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਵਿਚ ਪੇਸ਼ ਕੀਤੇ ਗਏ।ਇਸੇ ਦੋਰਾਨ ਭ੍ਰਿਸ਼ਟਾਚਾਰ ਸਬੰਧੀ ਲਗਾਏ ਇਲਜ਼ਾਮਾਂ ਦੀ ਪੁਖਤਾ ਪੜਤਾਲ ਲਈ ਇਕ ਵਿਜੀਲੈਂਸ ਪੜਤਾਲ ਵੀ ਦਰਜ਼ ਕੀਤੀ ਗਈ।
ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਵਿਜੀਲੈਂਸ ਵਲੋਂ ਦਰਜ ਕੀਤੇ ਕੇਸਾਂ ਦੀ ਸੁਣਵਾਈ ਦੌਰਾਨ ਪਿਛਲੇ ਮਹੀਨੇ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਨੇ ਦੋ ਸਰਕਾਰੀ ਮੁਲਾਜਮਾਂ ਨੂੰ ਸਜਾਵਾਂ ਤੇ ਜੁਰਾਮਨੇ ਕੀਤੇ ਹਨ ਜਿਨਾਂ ਵਿਚ ਸੈਂਟਰਲ ਜੇਲ ਪਟਿਆਲਾ ਵਿਖੇ ਤਾਇਨਾਤ ਸਿਪਾਹੀ ਮਨਜੀਤ ਸਿੰਘ ਨੂੰ ਪਟਿਆਲਾ ਦੀ ਅਦਾਲਤ ਵਲੋਂ 7 ਸਾਲ ਦੀ ਕੈਦ ਅਤੇ 140000 ਹਜਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਇਸ ਤਰਾਂ ਦੂਜੇ ਕੇਸ ਵਿਚ ਪੀ.ਐਸ.ਪੀ.ਸੀ.ਐਲ ਮਾਨਸਾ ਵਿਖੇ ਤਾਇਨਾਤ ਜੇ.ਈ ਪਵਨ ਕੁਮਾਰ ਨੂੰ ਮਾਨਸਾ ਦੀ ਅਦਾਲਤ ਵਲੋਂ 4 ਸਾਲ ਦੀ ਕੈਦ ਅਤੇ 30000 ਹਜਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media