ਸੰਗਰੂਰ/ ਲੌਂਗੋਵਾਲ, 11 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਅਤੇ ਫਾਰਮ
ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵਲੋਂ ਜਲ ਸ਼ਕਤੀ ਅਭਿਆਨ ਤਹਿਤ ਬਲਾਕ ਅਨਦਾਨਾ ਦੇ ਪਿੰਡ ਕੜੈਲ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਕਲੱਬਾਂ ਦੇ ਸਹਿਯੋਗ ਨਾਲ ਕਿਸਾਨ ਮੇਲਾ ਲਗਾਇਆ ਗਿਆ। ਜਿਸ ਵਿੱਚ 500 ਦੇ ਕਰੀਬ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ।ਡਾ ਼ ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਕੇ ਵੀ ਕੇ ਵੱਲੋਂ ਜਲ ਸ਼ਕਤੀ ਅਭਿਆਨ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਪਾਣੀ ਦੀ ਸੁੱਚਜੀ ਵਰਤੋਂ ਅਤੇ ਬੱਚਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀਆਂ ਤਕਨੀਕਾਂ ਜਿਵੇਂ ਕਿ ਝੋਨੇ ਦੀਆਂ ਛੇਤੀ ਪੱਕਣ ਵਾਲੀਆਂ ਕਿਸਮਾਂ, ਝੋਨੇ ਦੀ ਸਿੱਧੀ ਬਿਜਾਈ, ਖੇਤਾਂ ਨੂੰ ਪੱਧਰਾ ਕਰਨ ਲਈ ਲੇਜ਼ਰ ਲੈਵਲਰ ਦੀ ਵਰਤੋਂ, ਝੋਨੇ ਵਿੱਚ ਲਗਾਤਾਰ ਪਾਣੀ ਖੜਾ ਨਾ ਰੱਖਣਾ ਅਤੇ ਤੁਪਕਾ ਸਿੰਚਾਈ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਫਸਲੀ ਵਿਭਿੰਨਤਾ ਅਪਨਾ ਕੇ ਵੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।
ਡਾ ਼ ਬੂਟਾ ਸਿੰਘ ਰੋਮਾਣਾ ਮੁਖੀ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਖਬਰਦਾਰ ਕੀਤਾ ਕਿ ਜੇਕਰ ਕਿਸਾਨਾਂ ਨੇ ਪਾਣੀ ਦੀ ਬੇਲੋੜੀ ਵਰਤੋਂ ਤੋਂ ਗੁਰੇਜ਼ ਨਾ ਕੀਤਾ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਚਾਉਣਾ ਬੇਹੱਦ ਮੁਸ਼ਕਲ ਹੋ ਜਾਵੇਗਾ।ਉਨ੍ਹਾਂ ਨੇ ਸਬਜ਼ੀਆਂ ਵਿੱਚ ਪਾਣੀ ਦੀ ਬੱਚਤ ਕਰਨ ਲਈ ਤੁਪਕਾ ਸਿੰਚਾਈ ਦੀ ਮਹਤੱਤਾ ਬਾਰੇ ਦੱਸਦਿਆਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਪੀ.ਏ.ਯੂ ਵੱਲੋਂ ਸਿਫ਼ਾਰਸ਼ ਕੀਤੀ ਘਰੇਲੂ ਸਬਜੀ ਅਤੇ ਫਲ ਬਗੀਚੀ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਲੋਕ ਵਾਤਾਵਰਣ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਖਿਆਲ ਰੱਖ ਸਕਣ। ਡਾ. ਗੁਰਬੀਰ ਕੌਰ, ਪੌਦ ਸੁਰੱਖਿਆ ਮਾਹਿਰ ਨੇ ਝੋਨੇ ਦੀ ਫਸਲ ਵਿੱਚ ਆਉਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਕਰਨ ਲਈ ਵੱਖ-ਵੱਖ ਉਪਰਾਲਿਆਂ ਤੇ ਚਾਨਣਾ ਪਾਇਆ। ਡਾ ਼ ਮੋਨਿਕਾ ਚੌਧਰੀ ਨੇ ਘਰੇਲੂ ਪੱਧਰ ਤੇ ਪਾਣੀ ਬਚਾਉਣ ਦੇ ਨੁਕਤੇ, ਪੀਣ ਵਾਲੇ ਪਾਣੀ ਦੀ ਸੁ਼ਧਤਾ ਪਰਖਣ ਅਤੇ ਸਹੀ ਪੋਸ਼ਕ ਖੁਰਾਕ ਬਾਰੇ ਦੱਸਿਆ।ਡਾ ਼ ਰਵਿੰਦਰ ਕੌਰ ਨੇ ਸਬਜੀਆਂ ਦੀ ਕਾਸ਼ਤ ਬਾਰੇ ਵਿਚਾਰ ਰੱਖੇ।ਡਾ. ਸਤਬੀਰ ਸਿੰਘ ਨੇ ਪਾਣੀ ਨੂੰ ਸਟੋਰ ਕਰਨ ਅਤੇ ਪਸ਼ੂਧਨ ਤੋਂ ਵਧੇਰੇ ਪੈਦਾਵਾਰ ਲੈਣ ਦੇ ਨੁਕਤੇ ਸਾਂਝੇ ਕੀਤੇ।ਮਾਨਵਪ੍ਰੀਤ ਸਿੰਘ, ਜਿਲਾ ਵਿਕਾਸ ਮੈਨੇਜਰ, ਨਾਬਾਰਡ ਨੇ ਪਾਣੀ ਦੇ ਭਵਿੱਖੀ ਸੰਕਟ ਅਤੇ ਪਾਣੀ ਨੂੰ ਬਚਾਉਣ ਦੇ ਨੁਕਤਿਆਂ ਤੇ ਚਾਨਣਾ ਪਾਇਆ। ਡਾ. ਇੰਦਰਜੀਤ ਸਿੰਘ ਭੱਟੀ, ਖੇਤੀਬਾੜੀ ਵਿਕਾਸ ਅਫਸਰ, ਲਹਿਰਾਗਾਗਾ ਨੇ ਕਿਸਾਨ ਭਲਾਈ ਸਕੀਮਾਂ ਬਾਰੇ ਦੱਸਿਆ ਅਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਣ ਲਈ ਪੇ੍ਰਰਿਆ।ਡਾ. ਕਰਨ, ਵੈਟਨਰੀ ਅਫਸਰ ਨੇ ਪਸ਼ੂਆਂ ਨੂੰ ਲੱਗਣ ਵਾਲੀਆਂ ਬੀਮਾਰੀਆਂ ਅਤੇ ਟੀਕਾਕਰਨ ਕਰਾਉਣ ਬਾਰੇ ਜਾਣਕਾਰੀ ਦਿੱਤੀ।ਚੇਤਨ ਕੁਮਾਰ ਬਲਾਕ ਪ੍ਰੋਗਰਾਮ ਮੈਨੇਜਰ ਨੇ ਕੌਮੀ ਪੇਂਡੂ ਆਜੀਵਿਕਾ ਮਿਸ਼ਨ ਤਹਿਤ ਅੋਰਤਾਂ ਦੇ ਸ਼ਸ਼ਕਤੀਕਰਨ ਲਈ ਸਵੈ ਸਹਾਇਤਾ ਸਮੂਹ ਬਣਾਉਣ ਬਾਰੇ ਜਾਣਕਾਰੀ ਦਿੱਤੀ।
ਅਗਾਂਹਵਧੂ ਕਿਸਾਨ ਕੁਲਦੀਪ ਸ਼ਰਮਾ ਨੇ ਕਵਿਤਾ ਰਾਹੀਂ ਪਾਣੀ ਬਚਾਉਣ ਦੀ ਅਪੀਲ ਕੀਤੀ। ਇਸ ਕਿਸਾਨ ਮੇਲੇ ਵਿੱਚ ਕਿਰਤ ਸੈਲਫ ਹੈਲਪ ਗਰੁੱਪ, ਸਰਦਾਰ ਨਰਸਰੀ, ਜੀਵਨ ਕੇਅਰ ਹਨੀ, ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਕੇਂਦਰ, ਖੇਤੀਬਾੜੀ ਵਿਭਾਗ, ਵੈਟਨਰੀ ਵਿਭਾਗ ਅਤੇ ਸਿਹਤ ਵਿਭਾਗ ਵਲੋਂ ਪ੍ਰਦਰਸ਼ਨੀ ਸਟਾਲਾਂ ਲਗਾਈਆਂ। ਕਿਸਾਨਾਂ ਦੀ ਸਹੂਲਤ ਲਈ ਮੇਲੇ ਵਿੱਚ ਸਰਦੀ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ, ਪਾਣੀ ਚੈਕ ਕਰਨ ਵਾਲੀ ਕਿੱਟਾਂ ਅਤੇ ਖੇਤੀ ਸਾਹਿਤ ਦੀ ਵਿਕਰੀ ਵੀ ਕੀਤੀ ਗਈ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media