ਲੌਂਗੋਵਾਲ, 15 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵਲੋਂ ਸਭਨਾਂ ਸਰਕਾਰੀ ਅਤੇ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਵਾਉਣ ਅਤੇ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਸਿੱਖਿਆ ਦਾ ਮੁਫ਼ਤ ਪ੍ਰਬੰਧ ਕਰਵਾਉਣ, ਲੜਕੀਆਂ ਲਈ ਪੀ.ਐਚ.ਡੀ ਤੱਕ ਦੀ ਸਿੱਖਿਆ ਮੁਫਤ ਕਰਵਾਉਣ, ਸਭਨਾਂ ਸਰਕਾਰੀ ਅਤੇ ਪ੍ਰਾਈਵੇਟ ਸਮੇਤ ਮਿੰਨੀ ਬੱਸਾਂ `ਚ ਬੱਸ ਪਾਸ ਦੀ ਸਹੂਲਤ ਲਾਗੂ ਕਰਵਾਉਣ, ਸਰਕਾਰੀ ਵਿਦਿਅਕ ਸੰਸਥਾਵਾਂ ਵਿੱਚ ਖਾਲੀ ਅਸਾਮੀਆਂ ਤੇ ਰੈਗੂਲਰ ਭਰਤੀ ਕਰਵਾਉਣ ਅਤੇ ਯੂਨੀਵਰਸਿਟੀਆਂ ਦੇ ਬਜਟ ਘਾਟੇ ਪੂਰਨ ਲਈ ਲੋੜੀਂਦੇ ਸਰਕਾਰੀ ਫੰਡ ਜਾਰੀ ਕਰਵਾਉਣ ਦੀਆਂ ਮੰਗਾਂ ਤੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਅਤੇ ਆਈ.ਟੀ.ਆਈ ਸੁਨਾਮ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਸੰਸਥਾਵਾਂ ਅੰਦਰ ਰੈਲੀਆਂ ਅਤੇ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੀ.ਐਸ.ਯੂ (ਸ਼ਹੀਦ ਰੰਧਾਵਾ) ਦੇ ਆਗੂ ਹੁਸ਼ਿਆਰ ਸਲੇਮਗੜ੍ਹ ਤੇ ਰਮਨ ਕਾਲਾਝਾੜ ਨੇ ਦੱਸਿਆ ਕਿ ਪੰਜਾਬ ਤੇ ਕੇਂਦਰ ਦੀ ਸਰਕਾਰ ਐਸ.ਸੀ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ ਦਸਵੀਂ ਤੋਂ ਬਾਅਦ ਮੁਫ਼ਤ ਸਿੱਖਿਆ ਦੇਣ ਤੋਂ ਭੱਜ ਰਹੀ ਹੈ ਜਿਸ ਦੇ ਕਾਰਨ ਐਸ.ਸੀ ਵਰਗ ਨਾਲ ਸਬੰਧਤ ਵਿਦਿਆਰਥੀਆਂ ਦੀ ਵੱਡੀ ਗਿਣਤੀ ਆਏ ਸਾਲ ਸਿੱਖਿਆ ਸੰਸਥਾਵਾਂ ਤੋਂ ਬਾਹਰ ਹੋ ਰਹੀ ਹੈ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੇ ਸਿੱਖਿਆ ਨੂੰ ਖਰੀਦੀ ਅਤੇ ਵੇਚੀ ਜਾ ਸਕਣ ਵਾਲੀ ਵਸਤੂ ਵਿੱਚ ਬਦਲ ਦਿੱਤਾ ਹੈ। ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ 1996 ਤੋਂ ਪੱਕੀ ਭਰਤੀ ਤੇ ਰੋਕ ਲੱਗੀ ਹੋਣ ਕਰਕੇ ਇਨ੍ਹਾਂ ਕਾਲਜਾਂ ਵਿਚ ਕੰਟਰੈਕਟ, ਐਡਹਾਕ, ਗੈਸਟ ਫੈਕਲਟੀ ਅਤੇ ਪੀ.ਟੀ.ਏ ਫੰਡਾਂ `ਤੇ ਪ੍ਰੋਫ਼ੈਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਰੈਗੂਲਰ ਅਸਾਮੀਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ।ਜਿਸ ਦੇ ਕਾਰਨ ਪ੍ਰੋਫੈਸਰਾਂ ਨੂੰ ਤਨਖ਼ਾਹਾਂ ਦੇਣ ਲਈ ਵਿਦਿਆਰਥੀਆਂ ਤੇ ਨਵੇਂ ਨਵੇਂ ਫੰਡ ਮੜ੍ਹੇ ਜਾ ਰਹੇ ਹਨ ਅਤੇ ਵੱਖ ਵੱਖ ਕਿਸਮਾਂ ਦੀਆਂ ਫੀਸਾਂ ਦੇ `ਚ ਵਾਧਾ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀਆਂ ਆਪਣੇ ਬਜਟ ਘਾਟੇ ਪੂਰਨ ਲਈ ਵਿਦਿਆਰਥੀਆਂ ਦੀਆਂ ਗਿਣ ਮਿੱਥ ਕੇ ਰੀ-ਅਪੀਅਰਾਂ ਕੱਢਦੀਆਂ ਹਨ ਅਤੇ ਕਾਲਜਾਂ ਨੂੰ ਪੀ.ਟੀ.ਏ ਫੰਡਾਂ ਦੇ ਵਿੱਚ ਵਾਧਾ ਕਰਨ ਦੀਆਂ ਖੁੱਲ੍ਹਾਂ ਦਿੰਦੀਆਂ ਹਨ ।
Check Also
ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …