ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿੱਥੇ ਖੇਡਾਂ, ਸਭਿਆਚਾਰ
ਅਤੇ ਸਵੱਛਤਾ ਵਿਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ ਉਥੇ ਹੀ ਹੁਣ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵਧੀਆ ਨੌਕਰੀਆਂ ਦਿਵਾਉਣ ਲਈ ਵਿਸ਼ੇਸ਼ ਪਲੇਸਮੈਂਟ ਸ਼ੁਰੂ ਕੀਤੀ ਹੈ ਜਿਸ ਅਧੀਨ ਦੇਸ਼ ਦੀ ਪ੍ਰਸਿੱਧ ਮਲਟੀਨੈਸ਼ਨਲ ਕੰਪਨੀ ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ ਗਿਆ ਅਤੇ 100 ਤੋਂ ਵੱਧ ਵਿਦਿਆਰਥੀਆਂ ਨੂੰ ਰਸਮੀ ਪੜ੍ਹਾਈ ਮੁਕੰਮਲ ਹੋਣ ਤੋਂ ਪਹਿਲਾਂ ਹੀ ਨੌਕਰੀਆਂ ਲਈ ਪੇਸ਼ਕਸ਼ ਕੀਤੀ।ਇਹ ਵਿਦਿਆਰਥੀ ਆਪਣੀ ਆਖਰੀ ਪ੍ਰੀਖਿਆ ਤੋਂ ਬਾਅਦ ਜੁਲਾਈ 2020 ਵਿਚ ਆਪਣੀਆਂ ਨੌਕਰੀਆਂ ਵਿਚ ਸ਼ਾਮਲ ਹੋਣਗੇ।
ਡਾ. ਅਮਿਤ ਚੋਪੜਾ ਅਸਿਸਟੈਂਟ ਪਲੇਸਮੈਂਟ ਅਫ਼ਸਰ ਨੇ ਦੱਸਿਆ ਕਿ ਕੰਪਨੀ ਵੱਲੋਂ ਚੁਣੇ ਹੋਏ 9 ਵਿਦਿਆਰਥੀਆਂ ਨੂੰ ਡਿਜ਼ੀਟਲ ਪੋ੍ਰਫਾਈਲ ਅਧੀਨ ਟੀ.ਸੀ.ਐਸ ਵੱਲੋਂ 7 ਲੱਖ ਰੁਪਏ ਸਾਲਾਨਾ ਤਨਖਾਹ ਪੈਕੇਜ ਦਿੱਤਾ ਜਾਵੇਗਾ।ਬਾਕੀ 91 ਪੋਸਟ ਗਰੇਜੂਏਟ ਵਿਦਿਆਰਥੀਆਂ ਨੂੰ 3.53 ਲੱਖ ਸਾਲਾਨਾ ਤਨਖਾਹ ਅਤੇ ਅੰਡਰ ਗਰੇਜੂਏਟ ਵਿਦਿਆਰਥੀਆਂ ਨੂੰ 3.36 ਲੱਖ ਰੁਪਏ ਸਾਲਾਨਾ ਪੈਕੇਜ `ਤੇ ਚੁਣਿਆ ਹੈ। ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੀ ਚੰਗੀ ਪਲੇਸਮੈਂਟ ਲਈ ਵਚਨਬੱਧ ਹੈ ਅਤੇ ਹਰ ਸੰਭਵ ਉਪਰਾਲੇ ਕਰੇਗੀ ਕਿ ਵਿਦਿਆਰਥੀਆਂ ਨੂੰ ਚੰਗੀਆਂ ਨੌਕਰੀਆਂ ਮਿਲ ਸਕਣ।
ਡਾ. ਅਮਿਤ ਨੇ ਕਿਹਾ ਕਿ ਚੋਣ ਪ੍ਰਕਿਰਿਆ ਵਿਚ ਰੁਚੀ ਟੈਸਟ, ਤਕਨੀਕੀ ਅਤੇ ਐਚ.ਆਰ ਇੰਟਰਵਿਊ ਸ਼ਾਮਲ ਸਨ।ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਅਤੇ ਸਠਿਆਲਾ ਕੈਂਪਸ ਦੇ ਬੀ.ਟੈਕ: ਕੰਪਿਊਟਰ ਸਾਇੰਸ, ਇਲੈਕਟ੍ਰੌਨਿਕਸ ਕਮਿਊਨੀਕੇਸ਼ਨ ਐਂਡ ਇੰਜੀਨਿਅਰਿੰਗ, ਐਮ.ਸੀ.ਏ, ਐਮ.ਟੈਕ ਕੰਪਿਊਟਰ, ਐਮ.ਟੈਕ, ਇਲੈਕਟੋ੍ਰਨਿਕਸ ਕਮਿਊਨੀਕੇਸ਼ਨ ਐਂਡ ਇੰਜੀਨਿਅਰਿੰਗ ਅਤੇ ਐਮ.ਬੀ.ਏ. ਕੋਰਸਾਂ ਦੇ 400 ਵਿਦਿਆਰਥੀਆਂ ਨੇ ਇਸ ਡਰਾਈਵ ਵਿਚ ਹਿੱਸਾ ਲਿਆ।
ਉਨ੍ਹਾਂ ਕਿਹਾ ਕਿ ਕਾਰਪੋਰੇਟ ਜਗਤ ਦੁਆਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਬਹੁਤ ਮੰਗ ਵੱਧੀ ਅਤੇ ਬਹੁਤ ਸਾਰੀਆਂ ਪੇਸ਼ਾਵਰ ਕੰਪਨੀਆਂ ਜਿਵੇਂ ਕੇ.ਪੀ.ਐਮ.ਜੀ, ਟੀ.ਸੀ.ਐਸ, ਕੈਪਗੇਮਿਨੀ, ਇਨਫੋਗੇਨ, ਨੈਗਰੋ, ਸੋਰਸਫਿਉਜ ਟੈਕਨਾਲੋਜੀ ਅਤੇ ਹੋਰ ਕਈ ਕੰਪਨੀਆਂ ਨੇ ਯੂਨੀਵਰਸਿਟੀ ਤੋਂ ਚੰਗੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਰੱਖਿਆ ਹੈ।ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਇਸ ਸਫਲਤਾ `ਤੇ ਵਧਾਈ ਵੀ ਦਿੱਤੀ ਹੈ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media