ਕਿਹਾ : ਭਾਈ ਸੰਤ ਸਿੰਘ ਦੀ ਵਿਰਾਸਤ ਨੂੰ ਬਚਾਉਣ ਲਈ ਲੜੀ ਜਾਵੇਗੀ ‘ਕਾਨੂੰਨੀ-ਜੰਗ’
ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਫ਼ੋਰ ਐਸ ਮੈਨੇਜ਼ਮੈਂਟ ਵਲੋਂ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਅ ’ਤੇ ਕੀਤੀ ਗਈ ਜ਼ਮੀਨ ਨੂੰ ਮੌਜ਼ੂਦਾ ਅਹੁਦੇਦਾਰਾਂ ਵਲੋਂ ਕੋਡੀਆਂ ਦੇ ਭਾਅ ਵੇਚਣ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ।ਭਾਈ ਸੰਤ ਸਿੰਘ ਵਲੋਂ ਦਸਵੇਂ ਪਾਤਸ਼ਾਹ ਜੀ ਦੇ ਨਾਮ ’ਤੇ ਜਮੀਨ ਨੂੰ ਬੜ੍ਹੇ ਹੀ ਵਿਉਂਤਬੰਦ ਢੰਗ ਨਾਲ ਗੈਰ-ਕਾਨੂੰਨੀ ਤਰੀਕੇ ਅਪਨਾ ਕੇ ਖ਼ੁਰਦ-ਬੁਰਦ ਕੀਤਾ ਜਾ ਰਿਹਾ ਹੈ।
ਅੱਜ ਇੱਥੇ ਕਮੇਟੀ ਦੀ ਸਵਿੰਦਰ ਸਿੰਘ ਕੱਥੂਨੰਗਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਵਿਚਾਰਾਂ ਸਾਂਝੀਆਂ ਕਰਦਿਆਂ ਸਮੂਹ ਮੈਂਬਰ ਸਾਹਿਬਾਨ ਨੇ ਇਹ ਤਹੱਈਆ ਕੀਤਾ ਕਿ ਗੁਰੂ ਸਾਹਿਬ ਜੀ ਦੇ ਨਾਮ ’ਤੇ ਜ਼ਮੀਨ-ਜਾਇਦਾਦ ਨੂੰ ਹਰ ਹੀਲੇ ਬਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਲਈ ਕਾਨੂੰਨੀ ਕਾਰਵਾਈ ਕਰਦਿਆਂ ਅਦਾਲਤਾਂ ਦਾ ਦਰਵਾਜਾ ਵੀ ਖੜਕਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਸੰਭਵ ਕਾਰਵਾਈ ਕਰਦਿਆਂ ਮੌਜ਼ੂਦਾ ਮੈਨੇਜ਼ਮੈਂਟ ਦੀਆਂ ਬੇਨਿਯਮੀਆਂ ਨੂੰ ਜਗ-ਜਾਹਿਰ ਕੀਤਾ ਜਾਵੇਗਾ।
ਇਸ ਅਹਿਮ ਮੀਟਿੰਗ ’ਚ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸਕੂਲ ਕਮੇਟੀ ਦੇ ਕਾਰਜਕਾਰੀ ਆਨਰੇਰੀ ਸਕੱਤਰ ਗੁਨਬੀਰ ਸਿੰਘ, ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨਨਿਰਮਲ ਸਿੰਘ, ਰਜਿੰਦਰ ਮੋਹਨ ਸਿੰਘ ਛੀਨਾ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਅਜਮੇਰ ਸਿੰਘ ਹੇਰ, ਭਗਵੰਤਪਾਲ ਸਿੰਘ ਸੱਚਰ, ਅਵਤਾਰ ਸਿੰਘ ਮੌਜ਼ੂਦ ਸਨ।ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ ਮਿਤੀ 19 ਦਸੰਬਰ 2017 ਨੂੰ ਮੌਜ਼ੂਦਾ ਅਹੁਦੇਦਾਰਾਂ ਵਲੋਂ 2 ਰਜਿਸਟਰੀਆਂ ਹਰਦੇਵ ਕੌਰ ਪਤਨੀ ਕੁਲਜੀਤ ਸਿੰਘ (ਸਿੰਘ ਬ੍ਰਦਰਜ਼) ਦੇ ਨਾਮ ’ਤੇ ਕਰਵਾਈਆਂ ਗਈਆਂ। ਇੰਨ੍ਹਾਂ ਰਜਿਸਟਰੀਆਂ ’ਚ 940 ਵਰਗ ਗਜ਼ ਦੀ ਕੁਲ ਜ਼ਮੀਨ ਨੂੰ ਤਕਰੀਬਨ 2 ਕਰੋੜ ਵਿਚ ਵੇਚੀ ਗਈ ਅਤੇ ਹੈਰਾਨਗੀ ਦੀ ਗੱਲ ਹੈ ਕਿ ਇਸ ਪਾਰਟੀ ਨੇ ਇਹ ਜ਼ਮੀਨ ਅਗਾਂਹ 6 ਦਿਨਾਂ ਦੇ ਵਕਬੇ ਨਾਲ ਕਿਸੇ ਹੋਰ ਖਰੀਦਦਾਰ ਨੂੰ ਵੇਚ ਦਿੱਤੀ ਗਈ।
ਗੁਨਬੀਰ ਸਿੰਘ ਨੇ ਕਿਹਾ ਕਿ ਉਪਰੋਕਤ ਜ਼ਮੀਨ 6 ਦਿਨਾਂ ਦੇ ਅੰਦਰ ਨਿੱਜੀ ਪਾਰਟੀਆਂ ਨੂੰ ਵੇਚਣਾ ਬਹੁਤ ਸਾਰੇ ਸਵਾਲ ਪੈਦਾ ਕਰਦਾ ਹੈ।ਉਨ੍ਹਾਂ ਕਿਹਾ ਕਿ ਭਾਈ ਸੰਤ ਸਿੰਘ ਦੇ ਤਮਲੀਕਨਾਮੇ ਮੁਤਾਬਕ ਸੰਸਥਾਵਾਂ ਦੀ ਜ਼ਮੀਨ ਕਿਸੇ ਵੀ ਨਿੱਜੀ ਪਾਰਟੀ ਨੂੰ ਨਹੀਂ ਦਿੱਤੀ ਜਾ ਸਕਦੀ ਅਤੇ ਇਹ ਸਿਰਫ਼ ਵਿੱਦਿਆ ਪ੍ਰਸਾਰ ਲਈ ਹੀ ਇਸਤੇਮਾਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸ਼ਿਕਾਇਤ ਕੀਤੀ ਜਾਵੇਗੀ ਅਤੇ ਸਬੰਧਿਤ ਐਸ.ਡੀ.ਐਮ ਨੂੰ ਵੀ ਮਿਲ ਕੇ ਰਜਿਸਟਰੀਆਂ ਕਰਨ ਦੌਰਾਨ ਹੋਈਆਂ ਬੇਨਿਯਮੀਆਂ ਬਾਰੇ ਗਿਆਤ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਮੇਟੀ ਨੇ ਪਿਛਲੇ ਦਿਨੀਂ ਉਪਰੋਕਤ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਇਕ ਮੀਟਿੰਗ ਐਸ.ਐਸ.ਐਸ.ਐਸ ਸਕੂਲ ਕੈਂਪਸ ਵਿਖੇ ਰੱਖੀ ਸੀ, ਪਰ ਇਸ ਕਮੇਟੀ ਨੂੰ ਕੈਂਪਸ ਦੇ ਬਾਹਰ ਮੀਟਿੰਗ ਕਰਨੀ ਪਈ, ਕਿਉਂਕਿ ਸਕੂਲ ਦੇ ਗੇਟਾਂ ਨੂੰ ਤਾਲੇ ਲਗਾ ਦਿੱਤੇ ਗਏ ਸਨ।ਉਨ੍ਹਾਂ ਕਿਹਾ ਕਿ ਇਸ ਕਮੇਟੀ ਦਾ ਮੰਤਵ ਸਿਰਫ਼ ਤੇ ਸਿਰਫ਼ ਗੁਰੂ ਸਾਹਿਬ ਦੀਆਂ ਜ਼ਮੀਨਾਂ ਨੂੰ ਬਚਾਉਣਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕਿਸੇ ਸੰਸਥਾ ’ਤੇ ਕਬਜ਼ਾ ਕਰਨ ਦਾ ਕੋਈ ਮਕਸਦ ਨਹੀਂ।
Punjab Post Daily Online Newspaper & Print Media