Sunday, March 15, 2026

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਮੁਕਾਬਲਿਆਂ ’ਚ ਮਾਰੀਆਂ ਮੱਲ੍ਹਾਂ

PPN1909201919ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਜ਼ਿਲ੍ਹਾ ਪੱਧਰ ਦੇ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲੇ ਕਰਵਾਏ ਗਏ। ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਇਨ੍ਹਾਂ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਬੋਰਡ ਵਲੋਂ ਇਹ  ਵਿੱਦਿਅਕ ਮੁਕਾਬਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਨ।ਇਹ ਮੁਕਾਬਲੇ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ, ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਅਤੇ ਨੌਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਤਿੰਨਾਂ ਵਰਗਾਂ ਵਿੱਚ ਵੰਡ ਕੇ ਕਰਵਾਏ ਗਏ।
    ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ’ਚ ਸਕੂਲ ਦੇ ਵਿਦਿਆਰਥੀਆਂ ਭਾਗ ਲੈਂਦਿਆਂ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ।ਇਨ੍ਹਾਂ ਪ੍ਰਾਪਤੀਆਂ ਕਰਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ. ਰਾਜਿੰਦਰ ਮੋਹਨ ਸਿੰਘ ਛੀਨਾ ਵਲੋਂ ਆਪਣੇ ਸੰਦੇਸ਼ ’ਚ  ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਮੁਬਾਰਕਬਾਦ ਦਿੱਤੀ। ਪ੍ਰਿੰ: ਡਾ. ਗੋਗੋਆਣੀ ਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਕੰਡਰੀ ਵਰਗ ਵਿੱਚ ਹਰਮਨਪ੍ਰੀਤ ਸਿੰਘ ਤੇ ਸਾਥੀਆਂ ਸ਼ਬਦ ਗਾਇਨ ਵਿੱਚ ਪਹਿਲਾ ਸਥਾਨ, ਚਿੱਤਰਕਲਾ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ ਅਤੇ ਭਾਸ਼ਣ ਵਿੱਚ ਕੁਲਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਮਿਡਲ ਵਰਗ ਵਿੱਚ ਗੁਰਬਾਜ ਸਿੰਘ ਤੇ ਸਾਥੀਆਂ ਸ਼ਬਦ ਗਾਇਨ ਵਿੱਚ ਦੂਜਾ ਸਥਾਨ, ਸੁੰਦਰ ਲਿਖਾਈ ਵਿਚ ਗੁਰਸੇਵਕ ਸਿੰਘ ਨੇ ਪਹਿਲਾ ਸਥਾਨ, ਚਿੱਤਰਕਲਾ ਵਿੱਚ ਅੰਕਿਤ ਨੇ ਪਹਿਲਾ ਸਥਾਨ ,ਸੁਰਪ੍ਰੀਤ ਸਿੰਘ ਨੇ ਧਾਰਮਿਕ ਗੀਤ ਮੁਕਾਬਲੇ ਵਿਚ ਪਹਿਲਾ ਸਥਾਨ ਅਤੇ ਸਾਹਿਲ ਸਿੰਘ ਨੇ ਸੋਲੋ ਡਾਂਸ ਵਿਚ ਪਹਿਲਾ ਸਥਾਨ ਹਾਸਲ ਕੀਤਾ। ਪ੍ਰਾਇਮਰੀ ਵਰਗ ਵਿੱਚ ਸੁਨੈਨਾ ਨੇ ਸੁੰਦਰ ਲਿਖਾਈ ਵਿੱਚ ਤੀਜਾ ਸਥਾਨ ਅਤੇ ਮਾਹੀ ਅਠਵਾਲ ਨੇ ਸੋਲੋ ਡਾਂਸ ਵਿੱਚ ਤੀਜਾ ਸਥਾਨ ਹਾਸਲ ਕੀਤਾ।
    ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਪ੍ਰਿੰ: ਡਾ. ਗੋਗੋਆਣੀ ਅਤੇ ਅਧਿਆਪਕਾਂ ਵੱਲੋਂ ਸਵੇਰੇ ਪ੍ਰਾਰਥਨਾ ਸਭਾ ਉਪਰੰਤ ਗੁਰੂ ਘਰ ਦੀ ਬਖਸ਼ਿਸ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਸਮੂਹਿਕ ਤੌਰ ਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ।ਇਨ੍ਹਾਂ ਮੁਕਾਬਲਿਆਂ ਵਿੱਚ ਮੈਡਮ ਦਲਬੀਰ ਕੌਰ, ਮੈਡਮ ਹਰਪਾਲ ਕੌਰ, ਮੈਡਮ ਹਰਦੀਪ ਕੌਰ ਅਤੇ ਮੈਡਮ ਮੋਨਿਕਾ ਵੱਲੋਂ ਸਟੇਜ ਦੀ ਜ਼ਿੰਮੇਵਾਰੀ ਬਾਖ਼ੂਬ ਨਿਭਾਈ ਗਈ।
 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply