Sunday, February 1, 2026

ਕਿਰਤੀ ਸਿੱਖ ਭਾਈ ਲਾਲੋ ਜੀ

            ਵੇਈ ਪ੍ਰਵੇਸ਼ ਤੋਂ ਬਾਹਰ ਆ ਕੇ ਜਿਸ ਧਰਤ ਤੇ ਗੁਰੂ ਨਾਨਕ ਸਾਹਿਬ ਨੇ ੴਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ਜਪੁ॥ ਮੂਲਮੰਤਰ ਉਚਾਰ ਕੇ ਸਮੁੱਚੀ ਦੁਨੀਆਂ ਲਈ ਪ੍ਰਮਾਤਮਾ ਦਾ ਇੱਕ ਸਰੂਪ ਦੱਸਿਆ ਇਕ ਅਧਿਆਤਮਕ ਪਲੇਟਫਾਰਮ ਤੇ ਇਕ ਸੁਰ ਹੋਣ ਦਾ ਸੱਦਾ ਦਿੱਤਾ ਉਸ ਸ਼ਹਿਰ ਦਾ ਇਤਿਹਾਸ ਵੀ ਬਹੁਤ ਦਿਲਚਸਪ ਹੈ।ਕਸਬਾ ਸੁਲਤਾਨਪੁਰ ਲੋਧੀ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਸਮੁੱਚੇ ਸੰਸਾਰ ਦੇ ਸਿੱਖ ਤੱਤਪਰ ਹਨ।ਭਾਵੇਂ ਇਸ ਪੁਰਬ ਨੂੰ ਸਮਰਪਿਤ ਮੁੱਖ ਸਮਾਗਮ ਸੁਲਤਾਨਪੁਰ ਲੋਧੀ ਹੀ ਨਿਸਚਿਤ ਹਨ, ਪਰ ਦੂਰ ਦੁਰਾਡੇ ਬੈਠੇ ਸਿੱਖ ਇਸ ਨੂੰ ਵੱਖ-ਵੱਖ ਰਾਜ ਖੇਤਰਾਂ ਵਿਚ ਵੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਨ।ਸੁਲਤਾਨਪੁਰ ਲੋਧੀ ਦਾ ਪਹਿਲਾ ਨਾਮ ਸਰਬਮਾਨਪੁਰ ਸੀ।ਚੀਨ ਦਾ ਪ੍ਰਸਿੱਧ ਨਾਮਵਰ ਯਾਤਰੂ ਯੁਆਂਗ-ਚੁਆਂਗ ਏਥੇ ਆਇਆ ਤਾਂ ਉਸ ਵੇਲੇ ਇਸ ਸ਼ਹਿਰ ਦਾ ਨਾਮ ਤਮਯਵਨ ਸੀ।ਗਿਆਰਵੀਂ ਸਦੀ ਵਿਚ ਸੁਲਤਾਨਪੁਰਲੋਧੀ ਨੇ ਜੋ ਮਹਿਮੂਦ ਗਜ਼ਨਵੀ ਦਾ ਫੌਜਦਾਰ ਸੀ ਨੇ ਇਸ ਨੂੰ ਵਸਾਇਆ ਅਤੇ ਆਪਣੇ ਨਾਂ ਉਤੇ ਇਸ ਦਾ ਨਾਂ ਸੁਲਤਾਨਪੁਰਲੋਧੀ ਰੱਖਿਆ।ਇਤਿਹਾਸਕ ਹਵਾਲੇ ਇਹ ਵੀ ਸੰਕੇਤ ਦੇਂਦੇ ਹਨ ਕਿ ਪਹਿਲੀ ਸਦੀ ਤੋਂ 6ਵੀਂ ਤੱਕ ਸੁਲਤਾਨਪੁਰ ਲੋਧੀ ਬੁੱਧ ਧਰਮ ਦੇ ਭਗਤੀ ਮਾਰਗ ਤੇ ਗਿਆਨ ਮਾਰਗ ਦਾ ਕੇਂਦਰ ਰਿਹਾ ਹੈ।ਇਹ ਇਸਲਾਮਿਕ ਤਾਲੀਮ ਦਾ ਵੀ ਵੱਡਾ ਕੇਂਦਰ ਮੰਨਿਆ ਜਾਂਦਾ ਸੀ।ਔਰੰਗਜੇਬ ਤੇ ਦਾਰਾਸ਼ਿਕੋਹ ਵਰਗੇ ਬਾਦਸ਼ਾਹਾਂ ਆਦਿ ਨੇ ਆਪਣੀ ਉਚੇਰੀ ਵਿਦਿਆ ਇਥੋ ਹੀ ਪ੍ਰਾਪਤ ਕੀਤੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਬੰਧ ਇਸ ਸ਼ਹਿਰ ਨਾਲ ਆਪਣੀ ਭੈਣ ਬੇਬੇ ਨਾਨਕੀ ਜੀ ਤੇ ਭਣਵਾਈਏ ਸ੍ਰੀ ਜੈ ਰਾਮ ਜੀ ਕਰਕੇ ਬਣਿਆ।ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸਤ “ਗੁਰਦੁਆਰਾ ਬੇਰ ਸਾਹਿਬ ਦਾ ਇਤਿਹਾਸ” ਅਨੁਸਾਰ ਗੁਰੂ ਜੀ ਇਥੇ 14 ਸਾਲ 9 ਮਹੀਨੇ 13 ਦਿਨ ਰਹੇ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੁਕਾਈ ਨੂੰ ਤਾਰਨ ਲਈ ਸੰਸਾਰ ਦੇ ਵੱਖ-ਵੱਖ ਪ੍ਰਚਾਰ ਦੌਰੇ ਕੀਤੇ।ਇਨ੍ਹਾਂ ਪ੍ਰਚਾਰ ਦੌਰਿਆਂ ਸਮੇਂ ਗੁਰੂ ਜੀ ਜਿਥੇ ਜਿਥੇ ਵੀ ਗਏ ਉਥੋਂ ਦੇ ਹਲਾਤਾਂ ਅਨੁਸਾਰ ਆਪ ਨੇ ਮਨੁੱਖਤਾ ਨੂੰ ਉਪਦੇਸ਼ ਕੀਤਾ।
          ਪਹਿਲੀ ਉਦਾਸੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਸੈਦਪੁਰ ਪਹੁੰਚੇ।ਇਸ ਥਾਂ ਦਾ ਨਾਮ ਬਾਅਦ ਵਿਚ ਐਮਨਾਬਾਦ ਕਰਕੇ ਪ੍ਰਸਿੱਧ ਹੋਇਆ।ਪੁਰਾਤਨ ਜਨਮ ਸਾਖੀ ਭਾਈ ਬਾਲਾ ਜੀ, ਜਨਮ ਸਾਖੀ ਸ੍ਰੀ ਗੁਰੂ ਨਾਨਕੁ ਸ਼ਾਹ ਕੀ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਥ ਪ੍ਰਕਾਸ਼, ਮਹਿਮਾਪ੍ਰਕਾਸ਼, ਪੁਰਾਤਨ ਜਨਮ ਸਾਖੀ, ਮਹਾਨਕੋਸ਼ ਅਤੇ ਸਿਖ ਵਿਸ਼ਵਕੋਸ਼ ਦੇ ਕਰਤਾਵਾਂ ਨੇ ਗੁਰੂ ਨਾਨਕ ਦੇਵ ਜੀ ਤੇ ਭਾਈ ਲਾਲੋ ਜੀ ਸਬੰਧੀ ਵੱਖ-ਵੱਖ ਵੇਰਵੇ ਦਰਜ਼ ਕੀਤੇ ਹਨ।ਸ੍ਰ. ਕੇਹਰ ਸਿੰਘ ਮਠਾਰੂ ਨੇ “ਕਿਰਤੀ ਸੂਰਮੇ” ਨਾਮੀ ਗ੍ਰੰਥ ਵਿੱਚ ਭਾਈਲਾਲੋ ਜੀ ਬਾਰੇ ਚੰਗੀ ਤੇ ਭਾਵਪੂਰਤ ਜਾਣਕਾਰੀ ਦਿੱਤੀ ਹੈ।
           ਸ੍ਰ. ਕੇਹਰ ਸਿੰਘ ਲਿਖਦਾ ਹੈ ਕਿ ਇਸ ਐਮਨਾਬਾਦ ਵਿਚ ਭਾਈਲਾਲੋ ਨਾਮ ਦਾ ਇਕ ਕਿਰਤੀ ਸਿੱਖ ਰਹਿੰਦਾ ਸੀ। ਭਾਈ ਲਾਲੋ ਜੀ ਬੜੇ ਸੱਚੇ-ਸੁੱਚੇ, ਧਰਮ ਦੀ ਕਿਰਤ ਕਰਨ ਵਾਲੇ, ਮਿਹਨਤੀ, ਸਾਧੂ ਸੁਭਾ ਦੇ ਮਾਲਕ ਸਨ, ਜੋ ਆਪਣੀ ਕਿਰਤ ਦੀ ਕਮਾਈ ਨੂੰ ਹਮੇਸ਼ਾਂ ਵੰਡ ਕੇ ਛੱਕਦੇ ਸਨ। ਭਾਈ ਲਾਲੋ ਜੀ ਦਾ ਜਨਮ 11 ਅੱਸੂ 1452 ਈ: ਵਿਚ ਸੈਦਪੁਰ ਸੰਡਿਆਲੀ ਜ਼ਿਲ੍ਹਾ ਗੁੱਜਰਾਂਵਾਲਾ (ਪਾਕਿਸਤਾਨ) ਵਿਚ ਪਿਤਾ ਭਾਈ ਜਗਤ ਰਾਮ ਦੇ ਘਰ ਮਾਤਾ ਬੀਬੀ ਖੇਮੋ ਦੀ ਕੁੱਖ ਤੋਂ ਹੋਇਆ।ਭਾਈ ਲਾਲੋ ਦੁਨਿਆਵੀ ਉਮਰ ਪੱਖੋਂ ਗੁਰੂ ਨਾਨਕ ਜੀ ਤੋਂ 17 ਕੁ ਸਾਲ ਅਤੇ ਭਾਈ ਮਰਦਾਨਾ ਜੀ ਤੋਂ 8 ਸਾਲ ਵੱਡੇ ਸਨ।ਭਾਵ ਇਹ ਦੋਵੇਂ ਸਾਥੀ ਗੁਰੂ ਨਾਨਕ ਦੇਵ ਜੀ ਤੋਂ ਵਡੇਰੀ ਉਮਰ ਦੇ ਸਨ।ਪਿੰਡ, ਕਸਬਾ ਸੈਦਪੁਰ ਸੰਡਿਆਲੀ ਤੇ ਬਾਬਰ ਵਲੋਂ ਜਬਰ ਜ਼ੁਲਮ ਕਰਕੇ ਜੋ ਬੇਇੰਤਹਾ ਕਤਲੇਆਮ ਕੀਤਾ ਉਸ ਨਰਸਿੰਘਾਰ ਤੱਕ ਇਸ ਪਿੰਡ ਦਾ ਇਹੋ ਨਾਮ ਰਿਹਾ।ਹੰਕਾਰੀ ਰਾਜਾ ਬਾਬਰ ਨੂੰ ਜਾਬਰ ਕਹਿ ਕੇ ਵੰਗਾਰਨ ਵਾਲੇ ਬਾਬਾ ਨਾਨਕ ਹੀ ਸਨ, ਬਾਬਰ ਦਾ ਪੂਰਾ ਨਾਂ ਜ਼ਹੀਰੁਦੀਨ ਮੁਹੰਮਦ ਬਾਬਰ ਸੀ।ਇਸ ਦੀ ਮਾਤਾ ਦਾ ਨਾਂ ਕਤਲਗ ਨਿਗਾਰ ਖ਼ਾਨਮ ਜੀ।ਜਿਸ ਦਾ ਪਿਛੋਕੜ ਚੰਗੇਜ਼ ਖਾਂ, ਨਾਲ ਮਿਲਦਾ ਹੈ।ਬਾਬਰ ਦਾ ਖਨਵਾਦਾ ਤੈਮੂਰ ਨਾਲ ਰਲਦਾ ਸੀ।ਉਸ ਦਾ ਬਾਪ ਮਿਰਜ਼ਾ ਉਮਰ ਸ਼ੇਖ ਸੀ।ਜਦੋਂ ਬਾਬਰ ਦਾ ਸੈਦਪੁਰਵਲ ਤੀਸਰਾ ਹਮਲਾ ਸੀ ਤਾਂ ਗੁਰੂ ਨਾਨਕ ਸਾਹਿਬ ਵੀ ਤੀਸਰੀ ਉਦਾਸੀ ਵੇਲੇ ਉਥੇ ਹੀ ਆਏ ਹੋਏ ਸਨ।26 ਜੂਨ 1539 ਈ: ਨੂੰ ਚੌਸੇ ਦੇ ਮੈਦਾਨ ਵਿਚ ਸ਼ੇਰਸ਼ਾਹ ਸੂਰੀ ਪਾਸੋਂ ਹਿਮਾਯੂੰ ਦੀ ਹਾਰ ਹੋਈ।ਫਿਰ 15 ਮਈ 1540 ਈ: ਨੂੰ ਕਨੌਜ ਵਿਚ ਵੱਡੀ ਲੜਾਈ ਹੋਈ।ਉਥੇ ਵੀ ਹਮਾਯੂੰ ਹਾਰ ਗਿਆ ਤੇ ਬੱਚਦੀ ਫੌਜ ਲੈ ਕੇ ਪੰਜਾਬ ਵੱਲ ਭਜ ਨਿਕਲਿਆ।ਮਗਰ ਆਏ ਸ਼ੇਰ ਸ਼ਾਹ ਸੂਰੀ ਨੇ ਸੈਦਪੁਰ ਨੂੰ ਜਿੱਤ ਕੇ ਬੁਰੀ ਤਰ੍ਹਾਂ ਉਜਾੜਿਆ ਆਪ ਵਸਾ ਕੇ ਨਾਮ ਸ਼ੇਰਗੜ੍ਹ ਰੱਖਿਆ।ਅਕਬਰ ਦੇ ਅਹਿਲਕਾਰ ਮੁਹੰਮਦ ਅਮੀਨ ਕਰੋੜੀ ਨੇ ਇਸ ਦਾ ਨਾਂ ਸ਼ੇਰਗੜ੍ਹ ਤੋਂ ਬਦਲ ਕੇ ਏਮਨਾਬਾਦ ਰੱਖਿਆ।ਇਹ ਪੱਛਮੀ ਪਾਕਿਸਤਾਨ ਵਿਚ ਗੁਜਰਾਂਵਾਲੇ  ਸ਼ਹਿਰ ਤੋਂ ਅੱਠ ਮੀਲ ਦੇ ਵਿਥ ਤੇ ਹੈ।ਏਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਰੋੜਿਆਂ ਦਾ ਥੜਾ ਬਣਾ ਕੇ ਧਰਮ ਪ੍ਰਚਾਰ ਕਰਦੇ ਰਹੇ ਅੱਜ ਅਸਥਾਨ ਗੁਰਦੁਆਰਾ ਰੋੜੀ ਸਾਹਿਬ, ਭਾਈ ਲਾਲੋ ਜੀ ਦੇ ਵੇਹੜੇ ਵਾਲੀ ਖੂਹੀ ਜਿਥੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਦੇ ਸਨ ਉਹ ਅਸਥਾਨ ਖੂਹੀ ਸਾਹਿਬ ਬਣਿਆ ਅਤੇ ਗੁਰਦੁਆਰਾ ਚੱਕੀ ਸਾਹਿਬ ਸਭਾਏਮਾਨ ਹੈ।ਭਾਈ ਲਾਲੋ ਨੇ ਪਿੰਡ ਦੇ ਮੌਲਵੀ ਪਾਸੋਂ ਵਿਦਿਆ ਪ੍ਰਾਪਤ ਕੀਤੀ।ਭਾਈ ਲਾਲੋ ਜੀ ਲੱਕੜ ਦੇ ਕੰਮ ਦੇ ਮਾਹਰ ਕਾਰੀਗਰ ਸਨ।ਉਹ ਇਸ ਕੰਮ ਦੇ ਨਾਲ-ਨਾਲ ਹਕੀਮੀ ਵੀ ਜਾਣਦੇ ਸਨ, ਬੀਮਾਰਾਂ ਦਾ ਮੁਫਤ ਇਲਾਜ ਕਰਿਆ ਕਰਦੇ ਸਨ।ਉਸ ਸਮੇਂ ਸਮਾਜ ਅੰਦਰ ਜਾਤੀਵਾਦ ਦਾ ਕੋਹੜ ਇਨ੍ਹਾਂ ਭਾਰੀ ਸੀ ਕਿ ਆਪਣੇ ਆਪ ਨੂੰ ਉੱਚ ਜਾਤੀ ਦੇ ਸਮਝਣ ਵਾਲੇ ਲੋਕ ਗਰੀਬ ਲੋਕਾਂ ਦਾ ਪਰਛਾਵਾਂ ਵੀ ਬਰਦਾਸ਼ਤ ਨਹੀਂ ਸਨ ਕਰਦੇ।ਸ੍ਰੀ ਗੁਰੂ ਨਾਨਕ ਦੇਵ ਜੀ ਸਮਾਜ ਦੀਆਂ ਪਾਈਆਂ ਹੋਈਆਂ ਅਖੌਤੀ ਜਾਤ-ਪਾਤ ਦੀਆਂ ਵੰਡੀਆਂ ਨੂੰ ਤੋੜ ਕੇ ਭਾਈ ਲਾਲੋ ਜੀ ਦੇ ਘਰ  ਆ ਠਹਿਰੇ ਹੋਏ ਸਨ।ਗੁਰੂ ਸਾਹਿਬ ਦੇ ਭਾਈਲਾਲੋ ਦੇ ਘਰ ਰਹਿਣ ਕਾਰਨ ਐਮਨਾਬਾਦ ਦੇ ਅਖੌਤੀ ਉੱਚ ਜਾਤੀ ਲੋਕਾਂ ਵਿਚ ਚਰਚਾ ਛਿੜੀ ਹੋਈ ਸੀ, ਕਿ ਗੁਰੂ ਸਾਹਿਬ ਉਚੀ ਕੁਲ ਬੇਦੀਆਂ ਚੋਂ ਹੋ ਕੇ ਇਕ ਸ਼ੂਦਰ ਦੇ ਘਰ ਠਹਿਰੇ ਹੋਏ ਹਨ।
            ਐਮਨਾਬਾਦ ਵਿਚ ਹੀ ਉਥੋਂ ਦੇ ਪਠਾਨ ਫੌਜਦਾਰ ਜ਼ਾਲਮ ਖਾਂ ਦਾ ਇਕ ਹਿੰਦੂ ਅਹਿਲਕਾਰ ਮਲਕ ਭਾਗੋ ਵੀ ਰਹਿੰਦਾ ਸੀ।ਉਹ ਹੰਕਾਰੀ ਜਾਬਰ ਤੇ ਵੱਡਾ ਵੱਢੀ-ਖੋਰ ਸੀ।ਉਹ ਲੋਕਾਂ ਦੇ ਹੱਕ ਦੀ ਕਮਾਈ ਨੂੰ ਲੁੱਟ ਰਿਹਾ ਸੀ।ਉਸ ਨੂੰ ਆਪਣੀ ਉੱਚੀ ਜਾਤ ਤੇ ਹੰਕਾਰ ਸੀ।ਲੋਕਾਂ ਦੀ ਕਮਾਈ ਤੇ ਐਸ਼ ਕਰਨ ਵਾਲਾ ਇਹ ਮਲਕ ਭਾਗੋ ਅਖੌਤੀ ਨੀਵੀਂ ਜਾਤ ਵਾਲਿਆਂ ਨਾਲ ਹਮੇਸ਼ਾਂ ਮਾੜਾ ਵਿਵਹਾਰ ਕਰਦਾ ਸੀ।ਸ੍ਰੀ ਗੁਰੂ ਨਾਨਕ ਦੇਵ ਜੀ ਜਦ ਐਮਨਾਬਾਦ ਵਿਚ ਹੀ ਸਨ ਤਾਂ ਮਲਕਭਾਗੋ ਨੇ ਆਪਣੇ ਘਰ ‘ਬ੍ਰਹਮ ਭੋਜ’ ਰੱਖਿਆ ਜਿਸ ਲਈ ਉਸ ਨੇ ਬ੍ਰਾਹਮਣਾਂ, ਸਾਧੂ ਸੰਤਾਂ ਦੇ ਨਾਲ ਗੁਰੂ ਸਾਹਿਬ ਨੂੰ ਵੀ ਸੱਦਾ ਭੇਜਿਆ, ਪਰ ਗੁਰੂ ਜੀ ਉਸ ਦੇ ਭੋਜ ਤੇ ਨਾ ਆਏ। ਮਲਕ ਭਾਗੋ ਨੇ ਇਸ ਵਿਚ ਆਪਣੀ ਨਿਰਾਦਰੀ ਸਮਝਦਿਆਂ ਦੁਬਾਰਾ ਆਪਣੇ ਨੌਂਕਰਾਂ ਨੂੰ ਗੁਰੂ ਜੀ ਨੂੰ ਲੈਣ ਲਈ ਭੇਜਿਆ।ਜਦ ਗੁਰੂ ਜੀ ਆਏ ਤਾਂ ਮਲਕਭਾਗੋ ਨੇ ਗੁਰੂ ਜੀ ਨੂੰ ਭਾਈਲਾਲੋ ਦੇ ਘਰ ਦੀ ਰੁੱਖੀ-ਸੁੱਖੀ ਰੋਟੀ ਦੀ ਜਗ੍ਹਾ ਆਪਣੇ ਵਲੋਂ ਤਿਆਰ ਕਰਵਾਏ ਛੱਤੀ ਪ੍ਰਕਾਰ ਦੇ ਭੋਜਨ ਨਾ ਛਕਣ ਦਾ ਕਾਰਨ ਪੁਛਿਆ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਲਕਭਾਗੋ ਨੂੰ ਸਮਝਾਇਆ ਕਿ ਤੁਹਾਡੇ ਦੁਆਰਾ ਤਿਆਰ ਕਰਵਾਇਆ ਗਿਆ ਛੱਤੀ ਪ੍ਰਕਾਰ ਦਾ ਭੋਜਨ ਗਰੀਬ ਲੋਕਾਂ ਦੇ ਲਹੂ ਨਾਲ ਭਰਿਆ ਪਿਆ ਹੈ।ਤੁਸੀਂ ਗਰੀਬ ਤੇ ਮਿਹਨਤੀ ਲੋਕਾਂ ਦੀ ਲਹੂ-ਪਸੀਨੇ ਨਾਲ ਕੀਤੀ ਕਮਾਈ ਨੂੰ ਧੱਕੇ ਨਾਲ ਖੋਹ ਕਿ ਉਸ ਨਾਲ ਬ੍ਰਹਮ ਭੋਜ ਕਰ ਰਹੇ ਹੋ।ਪਾਪਾਂ ਰਾਹੀਂ ਇਕੱਠੀ ਕੀਤੀ ਮਾਇਆ ਨਾਲ ਜੇਕਰ ਜਗ ਲਾ ਦਈਏ ਤਾਂ ਉਹ ਹੱਕ ਦੀ ਨਹੀਂ ਹੋ ਜਾਂਦੀ।ਅਜਿਹੀ ਕਮਾਈ ਨਾਲ ਕੀਤਾ ਹੋਇਆ ਦਾਨ-ਪੁਨ ਪਰਮਾਤਮਾਂ ਦੇ ਦਰ ਤੇ ਪ੍ਰਵਾਨ ਨਹੀਂ ਹੋਣਾ। ਚੇਤੇ ਰੱਖ:
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ॥(ਪੰਨਾ 141)
    ਗੁਰੂ ਜੀ ਕਹਿਣ ਲਗੇ ਦੂਜੇ ਪਾਸੇ ਭਾਈਲਾਲੋ ਦਸਾਂ ਨੋਹਾਂ ਦੀ ਕਿਰਤ ਕਰਨ ਵਾਲਾ ਪ੍ਰਭੂ ਦਾ ਭਗਤ ਹੈ ਜੋ ਆਪਣੀ ਕੀਤੀ ਹੋਈ ਨਿਰਮਲ ਕਮਾਈ ਵਿਚੋਂ ਲੋੜਵੰਦਾਂ ਨੂੰ ਵੰਡ ਕੇ ਛੱਕਦਾ ਹੈ।ਇਸ ਵਾਸਤੇ ਉਸ ਦੁਆਰਾ ਤਿਆਰ ਕੀਤਾ ਰੁੱਖਾ-ਸੁੱਖਾ ਭੋਜਨ ਵੀ ਦੁੱਧ ਵਾਂਗ ਨਰੋਆ ਸੁਆਦੀ ਤੇ ਪਵਿੱਤ੍ਰ ਹੈ।ਜੇਕਰ ਤੁਸੀਂ ਉੱਚ ਜਾਤ ਦੀ ਗਲ ਕਰਦੇ ਹੋ ਤਾਂ ਅਸਲ ਵਿਚ ਮਨੁੱਖ ਦੁਆਰਾ ਕੀਤੇ  ਕੰਮ ਹੀ ਉਸ ਦੀ ਉੱਚੀ ਜਾਂ ਨੀਵੀਂ ਜਾਤ ਦਾ ਨਿਰਨਾ ਕਰਦੇ ਹਨ। ਉੱਚੀ ਕੁਲ ਵਿਚ ਜਨਮ ਲੈ ਕੇ ਜੇਕਰ ਮਨੁੱਖ ਦੇ ਕਰਮ ਮਾੜੇ ਹਨ ਤਾਂ ਉਹ ਅਸਲ ਵਿਚ ਨੀਚ ਜਾਤ ਹੈ:
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥(ਪੰਨਾ 1330)
         ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੇ ਗਏ ਅੰਮ੍ਰਿਤ ਮਈ ਉਪਦੇਸ਼ਾਂ ਕਾਰਨ ਮਲਕਭਾਗੋ ਦੀਆਂ ਅੱਖਾਂ ਖੁਲ ਗਈਆਂ ਉਹ ਗੁਰੂ ਸਾਹਿਬ ਦੇ ਚਰਨੀ ਪੈ ਗਿਆ ਤੇ ਆਪਣੇ ਔਗਣ ਬਖਸਾਉਣ ਲਈ ਬੇਨਤੀਆਂ ਕਰਨ ਲੱਗਾ।ਮਲਕ ਭਾਗੋ ਨੇ ਪ੍ਰਣ ਕੀਤਾ ਕਿ ਉਹ ਅੱਜ ਤੋਂ ਬਾਅਦ ਕਿਸੇ ਨਾਲ ਧੱਕਾ ਜਾਂ ਵਧੀਕੀ ਨਹੀਂ ਕਰੇਗਾ, ਪਰਾਇਆ ਹੱਕ ਨਹੀਂ ਖਾਏਗਾ ਅਤੇ ਧਰਮ ਦੀ ਕਿਰਤ ਕਰੇਗਾ।ਗੁਰੂ ਜੀ ਨੇ ਮਲਕ ਭਾਗੋ ਨੂੰ ਆਪਣਾ ਸਿੱਖ ਬਣਾਇਆ।ਐਮਨਾਬਾਦ ਵਿਚ ਗੁਰੂ ਜੀ ਦੇ ਬਹੁਤ ਸਾਰੇ ਸ਼ਰਧਾਲੂ ਸਿੱਖ ਬਣ ਗਏ।ਗੁਰੂ ਜੀ ਨੇ ਭਾਈਲਾਲੋ ਨੂੰ ਉਥੋਂ ਦੀ ਸੰਗਤ ਦਾ ਮੁੱਖੀ ਪ੍ਰਚਾਰਕ ਥਾਪਿਆ।
          ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਸਮੇਂ 1517 ਈ: ਵਿਚ ਭਾਈਲਾਲੋ ਦੇ ਘਰ ਫਿਰ ਆਏ ਅਤੇ ਉਨ੍ਹਾਂ ਦੀ ਇਕਲੌਤੀ ਸਪੁੱਤਰੀ ਬੀਬੀ ਰੱਜੀ ਦਾ ਵਿਆਹ ਪਿੰਡ ਤਤਲੇ ਜ਼ਿਲ੍ਹਾ ਗੁੱਜਰਾਂਵਾਲਾ ਵਿਖੇ ਕਰਵਾਇਆ। 1521 ਈ: ਵਿਚ ਗੁਰੂ ਸਾਹਿਬ ਜਦੋਂ ਤੀਸਰੀ ਉਦਾਸੀ ਤੇ ਸਨ ਤਾਂ ਬਾਬਰ ਲਗਾਤਾਰ ਐਮਨਾਬਾਦ ਤੇ ਹਮਲੇ ਕਰ ਰਿਹਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਮੇਂ ਭਾਈ ਲਾਲੋ ਦੇ ਘਰ ਠਹਿਰੇ ਹੋਏ ਸਨ।ਗੁਰੂ ਜੀ ਨੇ ਬਾਬਰ ਦੁਆਰਾ ਜੰਤਾ ਉਪਰ ਕੀਤੇ ਜਾ ਰਹੇ ਜ਼ੁਲਮ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।ਗੁਰੂ ਸਾਹਿਬ ਨੇ ਫੁਰਮਾਇਆ:
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥(ਪੰਨਾ 722)

ਭਾਈ ਲਾਲੋ ਜੀ 1531 ਈ: ਵਿਚ ਪਿੰਡ ਤਤਲੇ ਵਿਖੇ ਅਕਾਲ ਚਲਾਣਾ ਕਰ ਗਏ।ਭਾਈ ਲਾਲੋ ਜੀ ਨੇ ਆਪਣਾ ਸਾਰਾ ਜੀਵਨ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਮਾਰਗ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛੱਕੋ ਦੇ ਸਿਧਾਂਤ ਤੇ ਚਲਦਿਆਂ ਬਤੀਤ ਕੀਤਾ।ਭਾਈ ਲਾਲੋ ਜੀ ਦਾ ਜੀਵਨ ਸਾਨੂੰ ਇਮਾਨਦਾਰੀ ਨਾਲ ਕਿਰਤ ਕਰਨ, ਨਾਮ ਜਪਨ ਅਤੇ ਵੰਡ ਕੇ ਛੱਕਣ ਦੀ ਪ੍ਰੇਰਨਾ ਦਿੰਦਾ ਹੈ।
“ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿਰਤੀ ਸਿੱਖ ਭਾਈ ਲਾਲੋ ਜੀ” ਦਾ ਜਨਮ ਦਿਨ 11 ਅੱਸੂ ਭਾਵ 27 ਸਤੰਬਰ ਨੂੰ ਦੇਸ਼ ਵਿਦੇਸ਼ ਵਿੱਚ ਉਨ੍ਹਾਂ ਦੇ ਨਾਮਪੁਰ ਬਣੀਆਂ ਸਭਾ ਸੁਸਾਇਟੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁ. ਮੰਜੀ ਸਾਹਿਬ ਦੀਵਾਨ ਹਾਲ ਵਿਖੇ 24 ਸਤੰਬਰ 2019 ਨੂੰ ਪਹਿਲੀ ਵਾਰ ਮਨਾਇਆ ਗਿਆ।
Bedi Diljit

 

ਦਿਲਜੀਤ ਸਿੰਘ ਬੇਦੀ
ਸਾਬਕਾ ਸਕੱਤਰ
ਸ਼੍ਰੋ.ਗੁ.ਪ੍ਰ. ਕਮੇਟੀ, ਸ੍ਰੀ ਅਮ੍ਰਿਤਸਰ।
ਮੋ- 98148 58570

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply