ਹਰ ਮਹੀਨੇ ਤਿੰਨ-ਚਾਰ ਸੂਟ ਲੈਣ ਦੇ ਬਾਵਜ਼ੂਦ ਵੀ ਪਤਨੀ ਦੀ ਹਮੇਸ਼ਾਂ ਇਹ ਹੀ ਸ਼ਿਕਾਇਤ ਰਹਿੰਦੀ ਸੀ ਕਿ ਮੇਰੇ ਕੋਲ ਤਾਂ ਚੱਜ ਦਾ ਕੋਈ ਵੀ ਸੂਟ ਨਹੀਂ ਐ ਕਿਤੇ ਆਉਣ ਜਾਣ ਨੂੰ !! ਛੁੱਟੀ ਦਾ ਲਾਹਾ ਲੈ ਕੇ ਆਪਾਂ ਤੁਰੰਤ ਫੈਸਲਾ ਲੈ ਲਿਆ ਕਿ ਅੱਜ ਈ ਨਵਾਂ ਸੂਟ ਲੈ ਕੇ ਆਉਂਦੇ ਆਂ…. ਬਜਾਰ `ਚੋਂ।ਚੰਗੀ ਜੀ ਦੁਕਾਨ ਦੇਖ ਕੇ ਪਹੁੰਚ ਗਏ ਦੁਕਾਨ ਵਿੱਚ….. ਅੱਗੇ ਸੂਟਾਂ ਦਾ ਢੇਰ ਲੱਗਿਆ ਪਿਆ ਸੀ… ਲਓ ਜੀ ਜਾਣ ਸਾਰ ਭਾਗਵਾਨ ਨੇ ਕਰਤੀ ਫਰੋਲਾ-ਫਰਾਲੀ ਸ਼ੁਰੂ …. ਜਦੋਂ ਵੀ ਕੋਈ ਸੂਟ ਚੁੱਕ ਕੇ ਆਪਣੇ ਵੱਲ ਨੂੰ ਕਰੇ ਆਪਾਂ ਡਰਦੇ-ਡਰਦੇ ਹਾਂਮੀ ਜੀ ਭਰ ਦੇਈਏ “ਹਾਂ ਊਅ ਤਾਂ ਠੀਕ ਐ, ਤੈਨੂੰ ਕਿਵੇਂ ਲੱਗਿਆ?” ਅੱਗੋਂ ਉਸ ਦਾ ਜਵਾਬ ਹੁੰਦਾ “ਠੀਕ ਐ ਪਰ ਰੰਗ ਥੋੜ੍ਹਾ ਜਾ ਗੂੜ੍ਹਾ ਐ !! ” ਇਹ ਆਖ ਕੇ ਉਹ ਦੁਕਾਨ ਦੇ ਉਪਰਲੇ ਖਾਨਿਆਂ ਵਿਚੋਂ ਪੰਜ-ਸੱਤ ਸੂਟ ਹੋਰ ਲੁਹਾ ਲੈਂਦੀ… ਆਪਾਂ ਤਾਂ ਨੀਵੀਂ ਪਾ ਕੇ ਬੈਠ ਗਏ…. ਕੁੱਝ – ਕੁ ਸਮੇਂ ਮਗਰੋਂ ਜਦੋਂ ਦੇਖਣ ਲੱਗਦੇ ਤਾਂ ਸੂਟਾਂ ਦਾ ਢੇਰ ਅੱਗੇ ਨਾਲੋਂ ਦੁੱਗਣਾ ਹੋਇਆ ਜਾਪਦਾ… ਆਪਾਂ ਨੂੰ ਕੁੱਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਇੱਕ ਸੂਟ ਲੈਣ ਲਈ ਐਨੀ ਜੱਦੋਜਹਿਦ… .. ਹਾਂ ਨਵੇਂ-ਨਵੇਂ ਸ਼ਬਦ ਜਰੂਰ ਕੰਨਾਂ ਵਿੱਚ ਵੱਜ ਰਹੇ ਸਨ…. ” ਇਹ ਤਾਂ ਵੀਰੇ ਜਾਮ ਕੋਟਨ ਲੱਗਦੀ ਐ? ਅੱਗੋਂ ਉਹ ਆਖ ਦਿੰਦਾ, “ਨਹੀਂ ਭਾਈ!! ਇਹ ਗਰੇਸ ਕੋਟਨ ਆ…” “ਨਹੀਂ ਇਹ ਨਹੀਂ ਇਹ ਤਾਂ ਮੇਰੇ ਕੋਲ ਹੈਗਾ ਐ…ਜਵਾਂ ਓਹੋ ਜਾ ਆਪਣੀ ਸਰਬੀ ਕੋਲ ਐ… ਓਹ ਕਾਮਰਿਕ ਦਿਖਾਈਂ…… ਨਾਲ਼ੇ ਏਹ ਰਾਮਟੈਕਸ ਵੀ ਦਿਖਾ ਦੀ.”…. ਜੇ ਕਿਸੇ ਸੂਟ ਦਾ ਰੰਗ ਪਸੰਦ ਆ ਜਾਂਦਾ ਤਾਂ ਉਹ ਆਖ ਦਿੰਦੀ ” ਵੀਰੇ! ਏਸ `ਚ ਕੋਈ ਹੋਰ ਡਿਜ਼ਾਇਨ ਨੀਂ ਐ?” ਜੇ ਕਿਸੇ ਸੂਟ ਦਾ ਡਿਜ਼ਾਇਨ ਪਸੰਦ ਆ ਜਾਂਦਾ ਤਾਂ ਓਹ ਆਖ ਦਿੰਦੀ, “ਵੀਰੇ! ਓੇਸ `ਚ ਕੋਈ ਹੋਰ ਰੰਗ ਨਹੀਂ ਐ?” ਨਾਂ ਕੋਈ ਰੇਟ ਦਾ ਹਿਸਾਬ-ਕਿਤਾਬ ਕਦੇ ਹਜਾਰ-ਦੋ ਹਜ਼ਾਰ ਆਲਾ ਸੂਟ ਪਸੰਦ ਆ ਜਾਂਦਾ, ਕਦੇ ਚਾਰ-ਪੰਜ ਹਜਾਰ ਆਲ਼ਾ ਵੀ ਨਖਰੇ ਹੇਠ ਨਾਂ ਆਉਂਦਾ…… ਤਿੰਨ-ਚਾਰ ਘੰਟੇ ਦੀ ਤਕੜੀ ਮਸ਼ੱਕਤ ਮਗਰੋਂ ਆਖਿਰ ਇੱਕ ਸੂਟ ਦੀ ਚੋਣ ਹੋ ਗਈ!! ਆਪਾਂ ਵੀ ਡੂੰਘਾ ਜਾ ਸਾਹ ਲੈ ਕੇ ਆਖ ਤਾ ” ਵਾਹ!! ਆਹ ਬਣੀ ਐ ਗੱਲ… ਬਿਲਕੁੱਲ ਨਵਾਂ ਡਿਜ਼ਾਇਨ ਐ… ਨਾਲ਼ੇ ਰੰਗ ਵੀ ਕਿੰਨਾ ਪਿਆਰਾ ਐ…. ਹੋਰ ਤਾਂ ਹੋਰ ਏਹੋ ਜਾ ਕਿਸੇ ਦੇ ਪਾਇਆ ਵੀ ਨਹੀਂ ਦੇਖਿਆ… ਵੱਖਰਾ ਜਾ ਐ !! ….ਓਹ ਹੁੱਬ ਕੇ ਬੋਲੀ, “ਪਿਓਰ ਸਿਲਕ ਦਾ ਐ! ਹੈ ਵੀ ਪੂਰੇ ਪੰਜ ਹਜ਼ਾਰ ਦਾ…. ” ਹੁਣ ਓਹ ਦੇ ਚਿਹਰੇ ਦੇ ਉਪਰ ਹਲਕੀ ਰੌਣਕ ਝਲਕ ਰਹੀ ਸੀ…. ਆਪਾਂ ਵੀ ਅੰਦਰੋਂ ਆਪਣੇ ਆਪ ਨੂੰ ਹੌਂਸਲਾ ਜਾ ਦਿੱਤਾ ਕਿ ਚਲੋ ਦੁਕਾਨ ਵਿੱਚੋਂ ਜਾਨ ਤਾਂ ਛੁੱਟੀ ਭਾਵੇ ਪੰਜ ਹਜ਼਼ਾਰ ਲੱਗ ਹੀ ਗਿਆ…..ਅਜੇ ਦੁਕਾਨਦਾਰ ਸੂਟ ਲਿਫਾਫੇ ਵਿੱਚ ਪਾਉਣ ਈ ਲੱਗਿਆ ਸੀ ਕਿ ਪਤਨੀ ਬੋਲੀ “ਵੀਰੇ ਦੇਈ ਜਰਾ ਇਕ ਮਿੰਟ…. “ਮੇਰੇ ਦਿਲ ਦੀ ਧੜਕਣ ਰੁੱਕ ਗਈ ਕਿ ਛਿੜ ਗਿਆ ਫੇਰ ਤੋਂ ਕੋਈ ਨਵਾਂ ਪੰਗਾ…. ਓਹਨੇ ਸੂਟ ਫੜ ਕੇ ਬਾਹਰ ਚਾਨਣ `ਚ ਲਿਜਾ ਕੇ ਦੇਖਣ ਮਗਰੋਂ ਮੁੜ ਲਿਫਾਫੇ ਵਿੱਚ ਪਵਾ ਲਿਆ…ਆਪਣੇ ਸਾਹ ਵਿੱਚ ਸਾਹ ਆ ਗਿਆ .. ਅਤੇ ਮੈਨੂੰ ਕਹਿਣ ਲੱਗੀ, “ਤੁਸੀਂ ਵੀ ਆਪਣੇ ਵਾਸਤੇ ਕੋਈ ਕੁੜਤਾ ਪਜਾਮਾ ਦੇਖ ਲੈਂਦੇ…” ਨਹੀਂ ਮੈਂ ਕਦੇ ਫੇਰ ਲੈ ਲਊਂ …..”ਇਹ ਆਖ ਕੇ ਆਪਾਂ ਫੱਟ ਦੇਣੇ ਦੁਕਾਨ ਵਿੱਚੋਂ ਬਾਹਰ ਨਿਕਲ ਆਏ…. ਫਟਾਫਟ ਕਾਰ ਦੀ ਤਾਕੀ ਖੋਲ੍ਹ ਕੇ ਚਾਬੀ ਘੁਮਾ ਦਿੱਤੀ ਨਾਲ਼ੇ ਪੋਲੇ ਜੇ ਮੂੰਹ ਨਾਲ ਆਖਿਆ.” ਖੁੱਝ ਹੋਰ ਤਾਂ ਨੀਂ ਲੈਣਾ ਬਜਾਰ ਵਿਚੋਂ ?… ਲੈਣਾ ਤਾਂ ਹੈ ਸੀ ਚਲੋ ਫੇਰ ਆ ਜਾਵਾਂਗੇ ਜਾ ਕੇ ਰੋਟੀ-ਟੁੱਕ ਬਣਾਉਣਾ ਐ ਲੇਟ ਹੋ ਜਾਵਾਂਗੇ…. ਜਵਾਕ ਵੀ ਘਰ ਇਕੱਲੇ ਆ…. ਮੇਰੇ ਮਨ ਭਾਉਂਦਾ ਜਵਾਬ ਬੋਲ ਕੇ ਉਸ ਨੇ ਮੁੜ ਸੂਟ ਆਲ਼ਾ ਲਿਫਾਫਾ ਖੋਲ੍ਹ ਲਿਆ…. ਅਤੇ ਆਪਾਂ ਸਟੀਰੀਓ ਦੀ ਆਵਾਜ ਹੋਰ ਉਚੀ ਕਰ ਦਿੱਤੀ…….. ਘਰ ਆਉਣ ਸਾਰ ਓਸ ਨੇ ਇੱਕ-ਦੋ ਰਿਸ਼ਤੇਦਾਰੀਆਂ ਅਤੇ ਦੋ-ਚਾਰ ਸਹੇਲੀਆਂ ਕੋਲ ਨਵੇਂ ਲਿਆਂਦੇ ਸੂਟ ਦੀ ਸੂਚਨਾ ਦੇ ਦਿੱਤੀ… ਸੂਟ ਦੀਆਂ ਫੋਟੋਆਂ ਵਟਸਐਪ `ਤੇ ਵਾਇਰਲ ਹੋ ਗਈਆਂ….. ਇੱਕ ਦੋ ਥਾਵਾਂ ਤੋਂ ਸੂਟ ਸਲਾਹਿਆ ਗਿਆ, ਪਰ ਦੋ-ਕੁ ਜਾਣਿਆਂ ਵਲੋਂ ਕੁੱਝ-ਕੁ ਨੁਕਸ ਬੋਲ ਦਿੱਤੇ…… ਕੁੱਲ ਮਿਲ ਕੇ ਸਾਰਾ ਦਿਨ ਸੂਟ ਉਸ ਦੇ ਦਿਮਾਗ ਵਿੱਚ ਘੁੰਮਦਾ ਰਿਹਾ…… ਅਗਲੇ ਦਿਨ ਸਕੂਲ ਜਾਣ ਵੇਲ਼ੇ ਉਸ ਨੇ ਮੈਨੂੰ ਅਚਾਨਕ ਪੁੱਛਿਆ “ਹੁਣ ਤੁਹਾਨੂੰ ਅਗਲੀ ਛੁੱਟੀ ਕਦੋਂ ਐ ? “ਮੈ ਕਿਹਾ ” ਆਹੀ ਸ਼ਨੀਵਾਰ ਨੂੰ!! ਕਿਓਂ?”
“ਓਹ ਜਿਹੜਾ ਮੈਂ ਕੱਲ੍ਹ ਸੂਟ ਨੀਂ ਲੈ ਕੇ ਆਈ ਸੀ…. ਓਹ ਮੋੜ ਕੇ ਹੋਰ ਲੈ ਕੇ ਆਉਣਾ ਐ !!! ”

ਮਾਸਟਰ ਸੁਖਵਿੰਦਰ ਦਾਨਗੜ੍ਹ
ਮੋ – 94171 80205
Punjab Post Daily Online Newspaper & Print Media