Saturday, July 5, 2025
Breaking News

ਪਾਣੀ ਦੀ ਵੱਧਦੀ ਸਮੱਸਿਆ……

            ਪਾਣੀ ਸਾਡੀ ਜਿੰਦਗੀ ਦਾ ਅਨਮੋਲ ਖਜ਼ਾਨਾ ਹੈ।ਅਸੀਂ ਇਹਦੀ ਵਰਤੋਂ ਸੰਜ਼ਮ ਨਾਲ ਨਹੀਂ ਕਰਦੇ ਜਿਵੇਂ ਬੁਰਸ਼ ਕਰਨ, ਨਹਾਉਣ ਵੇਲੇ, ਵਾਹਨ ਧੋਣ, ਪਸ਼ੂਆਂ ਨੂੰ ਨਹਾਉਣ ਝੋਨਾ ਲਾਉਣ ਅਤੇ ਘਰਾਂ ਦੇ ਫਰਸ਼ ਧੋਣ ਵੇਲੇ।ਪਬਲਿਕ ਥਾਵਾਂ ਅਤੇ ਘਰਾ ਵਿੱਚ ਪਾਣੀ ਸਪਲਾਈ ਕਰਨ ਵਾਲੀਆ ਪਾਈਪਾਂ ਅਤੇ ਟੂਟੀਆਂ ਰਾਹ ਵਿੱਚ ਅਕਸਰ ਹੀ ਲੀਕ ਹੋਣ ਕਰਕੇ ਟੈਂਕੀ ਖਤਮ ਹੋਣ ਤੱਕ ਪਾਣੀ ਵਗਦਾ ਰਹਿੰਦਾ ਹੈ।ਘਰਾਂ ਵਿੱਚ ਵੀ ਬਾਰਿਸ਼ ਦਾ ਪਾਣੀ ਸਟੋਰ ਕਰਕੇ ਫੁੱਲਾਂ ਅਤੇ ਸਬਜ਼ੀਆਂ ਨੂੰ ਦਿੱਤਾ ਜਾ ਸਕਦਾ ਹੈ, ਪਰ ਜਾਗਰੂਕਤਾ ਦੀ ਅਣਹੋਂਦ ਕਰਕੇ ਲੋਕ ਅਜਿਹਾ ਨਹੀਂ ਕਰਦੇ।ਪਾਣੀ ਦਾ ਵਿਸ਼ਾ ਏਨਾ ਗੰਭੀਰ ਅਤੇ ਚਿੰਤਾਜਨਕ ਹੋਣ ਦੇ ਬਾਵਜੂਦ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।
                ਕੇਂਦਰ ਸਰਕਾਰ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਖੇਤੀ ਉਦਯੋਗ ਅਤੇ ਘਰੇਲੂ ਵਰਤੋਂ ਲਈ ਧਰਤੀ ਹੇਠਲਾ ਪਾਣੀ ਤੇਜ਼ ਰਫਤਾਰ ਨਾਲ ਕੱਢਿਆ ਜਾ ਰਿਹਾ ਹੈ।ਜੇ ਪਾਣੀ ਨੂੰ ਧਰਤੀ ਹੇਠ ਰਿਸਾਉਣ (ਰੀਚਾਰਜ਼) ਲਈ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਜਾਵੇਗਾ।ਪਿਛਲੇ ਦਿਨੀ ਨੀਤੀ ਆਯੋਗ ਵੱਲੋਂ ਰਿਪੋਰਟ ਜਾਰੀ ਕੀਤੀ ਗਈ ਸੀ ਕਿ 2020 ਤੱਕ 21 ਸ਼ਹਿਰਾਂ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ।ਜਿਨ੍ਹਾਂ ਵਿੱਚ ਪੰਜ ਸ਼ਹਿਰ ਪੰਜਾਬ ਦੇ ਵੀ ਸ਼ਾਮਿਲ ਹਨ।ਕੇਂਦਰੀ ਟ੍ਰਿਬਿਊਨਲ ਨੇ ਰਿਪੋਰਟ `ਚ ਕਿਹਾ ਸੀ ਕਿ ਸੰਨ 2025 ਤੱਕ ਪਾਣੀ 300-400 ਮੀਟਰ ਦੀ ਡੂੰਘਾਈ ਤੱਕ ਪਾਣੀ ਖਤਮ ਹੋ ਜਾਵੇਗਾ।ਵੇਖਦੇ ਹੀ ਵੇਖਦੇ ਨਲਕਿਆਂ ਦੀ ਡੂੰਘਾਈ 5-6 ਫੁੱਟ ਤੋਂ ਸਾਢੇ ਤਿੰਨ ਸੋ ਚਾਰ ਸੋ ਚਲੀ ਗਈ।ਆਉਣ ਵਾਲੀਆਂ ਪੁਸ਼ਤਾਂ ਲਈ ਪਾਣੀ ਬਿਨ੍ਹਾ ਜ਼ਿੰਦਾ ਰਹਿਣਾ ਮੁਸ਼ਕਿਲ ਹੋ ਜਾਵੇਗਾ।ਅਸੀਂ ਚਾਰ ਪੌਦੇ ਲਗਾ ਕੇ ਤਸਵੀਰਾਂ ਖਿਚਾਉਣ ਅਤੇ ਅਖਬਾਰ ਦੀਆਂ ਸੁਰਖੀਆਂ ਬਨਣ ਤੱਕ ਹੀ ਸੀਮਤ ਰਹਿ ਗਏ ਹਾਂ।ਪੌਦੇ ਭਾਵੇ ਥੋੜੇ ਹੀ ਲਗਾਏ ਜਾਣ, ਪਰ ਇਹਨਾਂ ਦੀ ਸਾਂਭ ਸੰਭਾਲ ਕਰਨੀ ਵੀ ਅਤਿ ਜਰੂਰੀ ਹੈ।ਪਰਾਲੀ ਜਾਂ ਨਾੜ ਨੂੰ ਅੱਗ ਲਾਉਂਦੇ ਸਮੇਂ ਬਹੁਤ ਸਾਰੇ ਪੌਦੇ ਅਤੇ ਰੁੱਖ ਸੜ ਜਾਂਦੇ ਹਨ।ਉਸ ਸਮੇਂ ਕੋਈ ਵੀ ਵਿਅਕਤੀ ਭਵਿੱਖ ਦੀ ਚਿੰਤਾਂ ਨਹੀਂ ਕਰਦਾ।ਜ਼ਿਲ੍ਹਾ ਪੱਧਰ `ਤੇ ਸਰਕਾਰੀ ਅਧਿਕਾਰੀਆਂ ਅਤੇ ਜਨਤਾ ਦੇ ਸਹਿਯੋਗ ਨਾਲ ਪਾਣੀ ਦੇ ਪੱਧਰ ਨੂੰ ਉਚਾ ਚੁੱਕਣ ਦੇ ਯਤਨ ਕਾਰਗਰ ਸਿੱਧ ਹੋ ਸਕਦੇ ਹਨ।
            ਉਚ ਅਧਿਕਾਰੀ ਬਲਾਕ ਪੱਧਰ `ਤੇ ਮੀਟਿੰਗਾਂ ਕਰਨ ਤਾਂ ਪਤਾ ਲੱਗੇ ਕਿੰਨੇ੍ਹ ਬੂਟੇ ਲਗਾਏ ਹਨ ਅਤੇ ਕਿੰਨ੍ਹੇ ਜ਼ਿੰਦਾ ਹਨ।ਜੋ ਵਿਅਕਤੀ ਜਾਂ ਸੰਸਥਾ ਸਮਾਜ ਭਲਾਈ ਦਾ ਕੰਮ ਕਰਦੀ ਹੈ, ਉਤਸ਼ਾਹ ਵਧਾਉਣ ਉਸ ਦੀ ਲੋੜੀਂਦੀ ਮਦਦ ਵੀ ਕੀਤੀ ਜਾਣੀ ਚਾਹੀਦੀ ਹੈ।ਵਾਟਰ ਰੀਚਾਰਜ਼ ਸਿਸਟਮ ਲਈ ਬਲਾਕ ਡਿਵੈਲਪਮੈਂਟ ਅਫਸਰ, ਬਲਾਕ ਖੇਤੀਬਾੜੀ ਅਫਸਰ, ਬਲਾਕ ਸਿੱਖਿਆ ਅਫਸਰ, ਸੀ.ਡੀ.ਪੀ.ਓ, ਬੈਂਕ ਮੈਨੇਜਰ, ਬਾਗਬਾਨੀ ਵਿਭਾਗ, ਬਿਜਲੀ ਬੋਰਡ, ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਪੁਲਿਸ ਮਹਿਕਮੇ ਨਾਲ ਮੀਟਿੰਗਾਂ ਲਾਭਦਾਇਕ ਹੋ ਸਕਦੀਆਂ ਹਨ।ਧਾਰਮਿਕ ਸੰਸਥਾਵਾਂ ਤੇ ਸੰਪ੍ਰਦਾਵਾਂ ਦੇ ਮੁੱਖੀ, ਸਮਾਜ ਸੇਵੀ ਸੰਸਥਾਵਾਂ, ਨੌਜੁਆਨ ਕਲੱਬਾਂ, ਐਨ.ਜੀ.ਓ, ਪੱਤਰਕਾਰ, ਲ਼ੇਖਕ, ਸਨਅਤਕਾਰ, ਸਰਵਿਸ ਸ਼ਟੇਸ਼ਨ ਅਤੇ ਮੈਰਿਜ਼ ਪੈਲਿਸਾਂ ਦੇ ਮਾਲਕ ਪਾਣੀ ਦੀ ਸਮੱਸਿਆ ਦੇ ਹੱਲ ਕਰਨ ਲਈ ਅਹਿਮ ਰੋਲ ਅਦਾ ਕਰ ਸਕਦੇ ਹਨ।
            ਬਲਾਕ ਡਿਵੈਲਪਮੈਂਟ, ਬਲਾਕ ਖੇਤੀਬਾੜੀ ਅਤੇ ਪੰਚਾਇਤ ਅਫਸਰ ਪਿੰਡ ਦੀਆਂ ਨਾਲੀਆਂ, ਸੀਵਰੇਜ਼ ਅਤੇ ਛੱਤਾਂ ਦੇ ਪਾਣੀ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਵਾਧੂ ਪਾਣੀ ਨੂੰ ਜਮੀਨ ਵਿੱਚ ਰੀਚਾਰਜ਼ ਕਰਨ ਲਈ ਵਾਟਰ ਹਾਰਵੈਸਟਿੰਗ ਬੋਰ ਦਾ ਪ੍ਰਬੰਧ ਕਰ ਸਕਦੇ ਹਨ।ਚਾਇਲਡ ਡਿਵੈਲਪਮੈਂਟ ਪ੍ਰੋਜੈਕਟ ਅਫਸਰ ਅਤੇ ਬਲਾਕ ਸਿੱਖਿਆ ਅਫਸਰ ਆਪਣੇ ਸਕੂਲਾਂ ਵਿੱਚ ਅਜਿਹੇ ਉਪਰਾਲੇ ਕਰਨ।ਬਾਗਬਾਨੀ ਵਿਭਾਗ ਵੱਧ ਤੋਂ ਵੱਧ ਰੁੱਖ ਲਗਾਵੇ।ਜਿਥੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਾਣੀ ਦੀ ਸਪਲਾਈ ਦੀਆਂ ਪਾਈਪਾਂ ਨੂੰ ਸਮੇਂ-ਸਮੇਂ ਸਿਰ ਚੈਕ ਕਰਨ ਉਥੇ ਲੋਕ ਵੀ ਆਪਣੀ ਜਿੰਮੇਵਾਰੀ ਸਮਝਣ।ਸਿਹਤ ਵਿਭਾਗ ਜਾਗਰੂਕਤਾ ਸੈਮੀਨਾਰ ਲਗਾਵੇ।ਲੇਖਕਾਂ ਅਤੇ ਪੱਤਰਕਾਰਾਂ ਵੱਲੋਂ ਦਿੱਤੇ ਗਏ ਸੁਝਾਅ ਵੀ ਅਮਲ ਵਿੱਚ ਲਿਆਂਦੇ ਜਾ ਸਕਦੇ ਹਨ।
            ਪਾਣੀ ਦੀ ਸੰਭਾਲ ਲਈ ਰਵਾਇਤੀ ਤੇ ਅਧੁਨਿਕ ਤਕਨੀਕਾਂ ਤਹਿਤ ਬਰਸਾਤ ਦੌਰਾਨ ਕੰਡੀ ਇਲਾਕੇ ਵਿੱਚ ਵੱਡੀ ਪੱਧਰ `ਤੇ ਚੈਕ ਡੈਮ ਬਣਾ ਕੇ ਵੱਖ-ਵੱਖ ਥਾਵਾਂ `ਤੇ ਨਦੀਆਂ ਅਤੇ ਨਾਲਿਆਂ ਦੇ ਪਾਣੀ ਨੂੰ ਰੋਕ ਕੇ ਵਾਟਰ ਹਾਰਵੈਸਟਿੰਗ ਬੋਰਾਂ ਨਾਲ ਪਾਣੀ ਨੂੰ ਜਮੀਨ `ਚ ਰੀਚਾਰਜ਼ ਕੀਤਾ ਜਾ ਸਕਦਾ ਹੈ।ਪਰ ਜਿਥੇ ਪਾਣੀ ਗੰਦਾ ਤੇ ਜ਼ਹਿਰੀਲਾ ਹੈ ਜਾਂ ਝੋਨੇ ਦਾ ਕੀਟਨਾਸ਼ਕ ਦਵਾਈਆਂ ਵਾਲਾ ਹੈ, ਉਥੇ ਸੀਵਰੇਜ਼ ਟਰੀਟਮੈਂਟ ਪਲਾਂਟ ਵੀ ਲਗਾਇਆ ਜਾ ਸਕਦਾ ਹੈ।ਸ਼ਹਿਰਾਂ ਅਤੇ ਪਿੰਡਾਂ ਵਿੱਚ ਇਮਾਰਤਾਂ ਦੀਆਂ ਛੱਤਾਂ `ਤੇ ਪਾਣੀ ਨੂੰ ਜ਼ਮੀਨ ਹੇਠਾਂ ਜਜ਼ਬ ਕਰਨ ਲਈ ਲੋੜੀਂਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।
          ਇਕੱਲੇ ਕਿਸਾਨਾਂ ਨੂੰ ਹੀ ਪਾਣੀ ਦੀ ਕਿੱਲਤ ਦਾ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।ਅਸਲੀਅਤ ਇਹ ਹੈ ਕਿ ਇਸ ਵਿੱਚ ਸੰਸਥਾਵਾਂ, ਵਿਅਕਤੀ, ਸਨਅਤਕਾਰ ਅਤੇ ਵਿਗਿਆਨੀ ਵੀ ਸ਼ਾਮਿਲ ਹਨ।ਝੋਨੇ ਤੋਂ ਇਲਾਵਾ ਹੋਰ ਬਦਲਵੀਆਂ ਵਪਾਰਕ ਫਸਲਾਂ ਦਾ ਸਰਕਾਰ ਵੱਲੋਂ ਘੱਟ ਤੋਂ ਘੱਟ ਸਮੱਰਥਨ ਮੁੱਲ ਤੈਅ ਕੀਤਾ ਜਾਣਾ ਚਾਹੀਦਾ ਹੈ ਅਤੇ ਮੰਡੀਕਰਨ ਦਾ ਵੀ ਢੁੱਕਵਾਂ ਪ੍ਰਬੰਧ ਹੋਵੇ ਤਾਂ ਜੋ ਕਿਸਾਨਾਂ `ਚ ਬਦਲਵੀਆਂ ਫਸਲਾਂ ਦਾ ਰੁਝਾਨ ਵਧ ਸਕੇ।
         ਆਓ ਇੱਕਜੁੱਟ ਹੋ ਕੇ ਪਾਣੀ ਦੀ ਸਾਂਭ ਸੰਭਾਲ ਕਰਨ ਲਈ ਮੂਹਰੇ ਹੋ ਕੇ ਯੋਗਦਾਨ ਪਾਈਏ ਤਾਂ ਜੋ ਆਉਣ ਵਾਲੀਆਂ ਪੀੜੀਆਂ ਵੀ ਆਪਣੇ ਵੱਡਿਆਂ `ਤੇ ਫਖ਼ਰ ਮਹਿਸੂਸ ਕਰਨ।
 Shinag Shaminder
ਸ਼ਿਨਾਗ ਸਿੰਘ ਸੰਧੂ    
ਸ਼ਮਿੰਦਰ ਕੌਰ ਰੰਧਾਵਾ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ।
ਮੋ- 97816 93300

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply