ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ
ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਵਿੱਦਿਅਕ ਅਦਾਰਿਆਂ ਲਈ ਉਲੀਕੇ ਪ੍ਰੋਗਰਾਮ ਤਹਿਤ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਤਹਿਤ ‘ਨੂਰ ਦੀਆਂ ਪੈੜਾਂ’ ਆਯੋਜਿਤ ਕੀਤਾ ਗਿਆ।ਪ੍ਰੋਗਰਾਮ ਦਾ ਉਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਮਾਨਵਤਾ, ਵਿਸ਼ਵਵਿਆਪੀ ਭਾਈਚਾਰੇ ਅਤੇ ਸ਼ਾਂਤੀ ਨਾਲ ਸਬੰਧਿਤ ਫ਼ਲਸਫੇ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਨਾ ਸੀ।
ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਜ ਅਤੇ ਜੀਵਨ ’ਤੇ ਵਿਸਥਾਰਪੂਰਵਕ ਝਾਤ ਪਵਾਈ ਗਈ।ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵਨਿਊ ਦੇ ਪ੍ਰੋ: ਯੁਧਵੀਰ ਸਿੰਘ ਦੁਆਰਾ ਨਿਰਦੇਸ਼ਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੁਨਿਆਵੀ ਪਾਖੰਡਵਾਦ, ਊਚ ਨੀਚ, ਜਾਤੀਵਾਦ, ਜਬਰ-ਜੁਲਮ, ਨਾਰੀਜਾਤੀ ਵਿਰੋਧ ਆਦਿ ਸਮਾਜਿਕ ਕੁਰੀਤੀਆਂ ’ਤੇ ਕਟਾਸ ਕਰਦਾ ਨਾਟਕ ਪੇਸ਼ ਕੀਤਾ ਗਿਆ, ਜਿਸ ’ਚ ਹਾਜ਼ਰ ਸਖਸ਼ੀਅਤਾਂ ਅਤੇ ਸਟਾਫ਼, ਵਿਦਿਆਰਥੀਆਂ ਨੂੰ ਖੂਬ ਸਹਾਰਨਾ ਕੀਤੀ ਗਈ।
ਇਸ ਤੋਂ ਪਹਿਲਾਂ ਪ੍ਰਿੰ: ਮਨਪ੍ਰੀਤ ਕੌਰ ਨੇ ਛੀਨਾ ਦਾ ਫੁੱਲਾਂ ਦੇ ਗੁਲਦਸਤੇ ਨਾਲ ਰਸਮੀ ਤੌਰ ’ਤੇ ਸਵਾਗਤ ਕੀਤਾ ਗਿਆ।ਛੀਨਾ ਨੇ ਸੰਬੋਧਨ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਸਭ ਨੂੰ ਵਧਾਈ ਦਿੱਤੀ ਅਤੇ ਇਸ ਸ਼ੁਭ ਦਿਹਾੜੇ ਸਬੰਧੀ ਮੈਨੇਜ਼ਮੈਂਟ ਵਲੋਂ ਕਰਵਾਏ ਜਾ ਰਹੇ ਵੱਖ-ਵੱਖ ਧਾਰਮਿਕ ਸਮਾਗਮਾਂ ਬਾਰੇ ਵਿਚਾਰ ਸਾਂਝੇ ਕੀਤੇ।ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਸਾਡਾ ਸੁਭਾਗ ਹੈ ਕਿ ਅਸੀਂ ਗੁਰੂ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਅਤੇ ਇਸ ਨਾਟਕ ਦੀ ਪੇਸ਼ਕਾਰੀ ਸਾਡੀ ਅਬੁੱਲ ਯਾਦ’ ਬਣ ਗਈ ਹੈ।ਇਸ ਉਪਰੰਤ ਉਨ੍ਹਾਂ ਪ੍ਰੋਗਰਾਮ ਦਾ ਹਿੱਸਾ ਬਣੇ ਮੁੱਖ ਮਹਿਮਾਨ, ਨਾਟਕ ਦੀ ਟੀਮ, ਵੱਖ-ਵੱਖ ਕਾਲਜਾਂ ਤੋਂ ਆਏ ਅਧਿਆਪਕ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਦੇ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਨੇ ਕਿਹਾ ਕਿ ਮੈਨੇਜ਼ਮੈਂਟ ਵਲੋਂ ਹੋਏ ਆਦੇਸ਼ਾਂ ਮੁਤਾਬਕ ਪਿਛਲੇ 2 ਮਹੀਨੇ ਦੀ ਸਖ਼ਤ ਮਿਹਨਤ ਅਤੇ ਲਗਨ ਨਾਲ ਕਾਲਜ ਦੇ ਵਿਦਿਆਰਥੀਆਂ ਦੁਆਰਾ ਇਹ ‘ਲਾਈਟ ਐਂਡ ਸਾਊਂਡ’ ਨਾਟਕ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਖ਼ਾਲਸਾ ਕਾਲਜ ਆਫ਼ ਲਾਅ ਦੇ ਪਿ੍ਰੰਸੀਪਲ ਡਾ. ਜਸਪਾਲ ਸਿੰਘ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਨਾਨਕ ਸਿੰਘ, ਖ਼ਾਲਸਾ ਕਾਲਜ ਚਵਿੰਡਾ ਦੇਵੀ ਪਿ੍ਰੰਸੀਪਲ ਡਾ. ਐਚ.ਬੀ ਸਿੰਘ, ਖ਼ਾਲਸਾ ਕਾਲਜ ਆਫ਼ ਫ਼ਿਜ਼ੀਕਲ ਐਜ਼ੂਕੇਸ਼ਨ, ਹੇਰ ਪਿ੍ਰੰਸੀਪਲ ਡਾ. ਕੰਵਲਜੀਤ ਸਿੰਘ, ਕੌਂਸਲ ਦੇ ਅੰਡਰ ਸੈਕਟਰੀ ਡੀ.ਐਸ ਰਟੌਲ ਤੋਂ ਇਲਾਵਾ ਹੋਰਨਾਂ ਦਾ ਸਟਾਫ਼, ਵਿਦਿਆਰਥੀ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਵੀ ਸ਼ਾਮਿਲ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media