ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਸੈਮੀਨਾਰ ਹਾਲ ’ਚ ਏਡਜ਼ ਵਰਗੀ ਭਿਆਨਕ ਮਹਾਂਮਾਰੀ ਤੋਂ ਜਾਗਰੂਕ ਕਰਵਾਉਣ ਦੇ ਮਕਸਦ ਤਹਿਤ ਡਾਇਰੈਕਟੋਰੇਟ ਆਫ਼ ਯੁਵਕ ਸੇਵਾਵਾਂ ਪੰਜਾਬ ਵਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਵਰਕਸ਼ਾਪ ਅਤੇ ਐਡਵੋਕੇਸੀ ਮੀਟਿੰਗ ਦਾ ਆਯੋਜਨ ਕੀਤਾ ਗਿਆ।ਕਾਲਜ ਦੇ ਪਿ੍ਰੰਸੀਪਲ ਡਾ. ਮਹਿਲ ਸਿੰਘ ਦੀ ਰਹਿਨੁਮਾਈ ਹੇਠ ਇਸ ਸਮਾਗਮ ’ਚ ਅੰਮਿ੍ਰਤਸਰ ਜ਼ਿਲ੍ਹੇ ਦੀਆਂ ਵੱਖ-ਵੱਖ 17 ਵਿੱਦਿਅਕ ਸੰਸਥਾਵਾਂ ਦੇ ਰੈਡ ਰਿਬਨ ਕਲੱਬਾਂ ਦੇ ਨੋਡਲ ਅਫਸਰ ਅਤੇ ਵਲੰਟੀਅਰ ਵਿਦਿਆਰਥੀ ਹਾਜ਼ਰ ਹੋਏ।
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਖ਼ਾਲਸਾ ਕਾਲਜ ਦੇ ਸੁਖਮੀਨ ਬੇਦੀ ਡੀਨ ਅਕਾਦਮਿਕ ਮਾਮਲੇ ਨੇ ਸਮੂਹ ਨੋਡਲ ਅਫਸਰਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਰੈਡ ਰਿਬਨ ਕਲੱਬ ਏਡਜ਼ ਵਰਗੀ ਬਿਮਾਰੀ ’ਤੇ ਕਾਬੂ ਪਾਉਣ ’ਚ ਬੜੀ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ ਤੇ ਕਾਲਜ ਅਜਿਹੇ ਯਤਨਾਂ ਦਾ ਸਵਾਗਤ ਅਤੇ ਸਮਰਥਨ ਕਰਦਾ ਹੈ।
ਇਸ ਤੋਂ ਪਹਿਲਾ ਅਰੁਣ ਕੁਮਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਅੰਮ੍ਰਿਤਸਰ ਨੇ ਆਪਣੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵਿਭਾਗ ਜਿਥੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਵੱਖ-ਵੱਖ ਕਿਸਮ ਦੇ ਲੀਡਰਸ਼ਿਪ ਕੈਂਪ ਲਗਾਉਦਾ ਹੈ, ਉਥੇ ਸਮਾਜ ’ਚ ਫੈਲੀਆਂ ਵੱਡੀਆਂ ਬਿਮਾਰੀਆਂ ਤੋਂ ਜਾਗਰੂਕ ਕਰਨ ਲਈ ਸਕੂਲਾਂ ਤੇ ਕਾਲਜਾਂ ’ਚ ਰੈਲੀਆਂ, ਵਰਕਸ਼ਾਪਾਂ ਅਤੇ ਸੈਮੀਨਾਰਾਂ ਦਾ ਵੀ ਪ੍ਰਬੰਧ ਕਰਦਾ ਹੈ।
ਇਸ ਮੌਕੇ ਮੁੱਖ ਪ੍ਰਵਕਤਾ ਵਜੋਂ ਪਹੁੰਚੇ ਡਾ. ਸਵਿਤਾ ਸ਼ਰਮਾ ਏ.ਆਰ.ਟੀ ਸੈਂਟਰ, ਗੁਰੂ ਨਾਨਕ ਦੇਵ ਹਸਪਤਾਲ ਨੇ ਐਚ.ਆਈ.ਵੀ ਤੋਂ ਬਚਣ ਦੀ ਗੁਹਾਰ ਦਿੰਦਿਆਂ ਕਿਹਾ ਕਿ ਇਸ ਵਾਇਰਸ ਤੋਂ ਹੋਣ ਵਾਲੀ ਬਿਮਾਰੀ ਏਡਜ਼ ਨਾਲ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਵਿਚ ਭਾਰਤ ਦਾ ਸੰਸਾਰ ’ਚ ਅਫ਼ਰੀਕਾ ਅਤੇ ਨਾਇਜੀਰੀਆਂ ਤੋਂ ਬਾਅਦ ਤੀਸਰਾ ਨੰਬਰ ਹੈ ਤੇ ਭਾਰਤ ’ਚ ਪੰਜਾਬ ਪਹਿਲੇ ਨੰਬਰ ’ਤੇ ਇਸ ਬਿਮਾਰੀ ਦੀ ਗਿ੍ਰਫ਼ਤ ’ਚ ਹੈ।ਉਨ੍ਹਾਂ ਦੱਸਿਆ ਕਿ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ’ਚ ਅੰਮ੍ਰਿਤਸਰ ਜ਼ਿਲ੍ਹੇ ’ਚ ਇਸ ਬਿਮਾਰੀ ਤੋਂ ਪੀੜਤ ਸਭ ਤੋਂ ਵੱਧ 16 ਹਜ਼ਾਰ ਮਰੀਜ਼ ਹਨ।ਉਨ੍ਹਾਂ ਕਿਹਾ ਕਿ ਪੀੜਤ ਮਰੀਜ਼ਾਂ ਨਾਲ ਹਮਦਰਦੀ ਅਤੇ ਇਸ ਬਿਮਾਰੀ ਤੋਂ ਬਚੇ ਹੋਏ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਇਸ ਸਮੇਂ ਦੀ ਮੁੱਖ ਲੋੜ ਹੈ।
ਡਾ. ਆਂਚਲ ਅਰੋੜਾ ਡਾਇਰੈਕਟਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਨੇ ਏਡਜ਼ ਦੇ ਨਾਲ-ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਣ ਲਈ ਚੰਗੀ ਖੁਰਾਕ, ਪਲਾਸਟਿਕ ਦੀ ਵਰਤੋਂ ਨਾ ਕਰਨ, ਡੱਬੇ-ਬੰਦ ਵਸਤਾਂ ਦੀ ਵਰਤੋਂ ਨਾ ਕਰਨ ਅਤੇ ਕੁਦਰਤ ਨਾਲ ਜੁੜੇ ਰਹਿਣ ਲਈ ਨੌਜਵਾਨਾਂ ਨੂੰ ਸੁਝਾਅ ਦਿੱਤੇ।ਖ਼ਾਲਸਾ ਕਾਲਜ ਰੈਡ ਰਿਬਨ ਕਲੱਬ ਦੇ ਨੋਡਲ ਅਫਸਰ ਡਾ. ਭੁਪਿੰਦਰ ਸਿੰਘ ਜੌਲੀ ਨੇ ਸਟੇਜ ਸੰਚਾਲਨ ਕਰਦਿਆਂ ਏਡਜ਼ ਵਰਗੀ ਭਿਆਨਕ ਬਿਮਾਰੀ ਤੋਂ ਬਚਣ ਲਈ ਸ਼ਖਸੀਅਤ ਅਤੇ ਆਚਰਣ ਨੂੰ ਉਚਾ ਚੁੱਕਣ ’ਤੇ ਜ਼ੋਰ ਦਿੱਤਾ।
ਇਸ ਮੌਕੇ ਰਵੀ, ਡਾ. ਆਤਮ ਰੰਧਾਵਾ, ਡਾ. ਪਰਮਿੰਦਰ ਸਿੰਘ, ਡਾ. ਪੀ.ਕੇ ਅਹੂਜਾ, ਡਾ. ਅਵਤਾਰ ਸਿੰਘ, ਡਾ. ਹੀਰਾ ਸਿੰਘ, ਡਾ. ਜਸਬੀਰ ਸਿੰਘ, ਡਾ. ਹਰਜੀਤ ਕੌਰ, ਡਾ. ਗੁਰਿੰਦਰ ਕੌਰ ਹਾਜ਼ਰ ਸਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …