Saturday, January 31, 2026

ਵੀਸੀ ਡਾ. ਘੁੰਮਣ ਦੀ ਮਿਹਨਤ ਸਦਕਾ ਬਦਲ ਰਹੀ ਹੈ ਪੰਜਾਬੀ ਯੂਨੀਵਰਸਿਟੀ ਦੀ ਫਿਜ਼ਾ……

            VC Dr. Ghuman Pb Uni Patiala`ਯੂਨੀਵਰਸਿਟੀ` ਆਪਣੇ ਆਪ `ਚ ਇੱਕ ਵੱਖਰੀ ਕਿਸਮ ਦਾ ਸੰਕਲਪ ਹੈ।ਇਹ ਸਿਰਫ ਕੰਕਰੀਟੀ ਇਮਾਰਤਾਂ ਨਾਲ਼ ਭਰੀ ਅਜਿਹੀ ਥਾਂ ਨਹੀਂ ਹੁੰਦੀ ਜੋ ਮਹਿਜ਼ ਕਾਲਜਾਂ ਦਾ ਨਿਰੀਖਣ ਕਰਨ, ਪ੍ਰੀਖਿਆਵਾਂ ਦਾ ਆਯੋਜਨ ਤੇ ਮੁਲਾਂਕਣ ਕਰਨ, ਡਿਗਰੀਆਂ ਸਰਟੀਫਿਕੇਟ ਜਾਰੀ ਕਰਨ ਜਾਂ ਫਿਰ ਮਿਥੇ ਘੜੇ ਪਾਠਕ੍ਰਮਾਂ ਨੂੰ ਲਾਗੂ ਕਰਵਾਉਣ ਲਈ ਬਣੇ ਹੈਡ ਆਫਿਸ ਵਾਂਗ ਕੰਮ ਕਰਦੀ ਹੋਵੇ।ਯੂਨੀਵਰਸਿਟੀ ਨਵੇਂ ਵਿਚਾਰ, ਨਵੀਆਂ ਖੋਜਾਂ ਤੇ ਪਹਿਲਕਦਮੀਆਂ ਦੀ ਜੰਮਣ-ਭੋਇੰ ਅਤੇ ਪ੍ਰਯੋਗਸ਼ਾਲਾ ਹੁੰਦੀ ਹਨ।ਅਜਿਹੀ ਪ੍ਰਯੋਗਸ਼ਾਲਾ ਵਿੱਚ ਹਰ ਨਵੇਂ ਖਿਆਲ ਤੇ ਵਿਚਾਰ ਦੀ ਕਦਰ ਅਤੇ ਸਤਿਕਾਰ ਕੀਤੇ ਜਾਣ ਵਾਲਾ ਇੱਕ ਸੁਖਾਵਾਂ ਅਕਾਦਮਿਕ ਮਾਹੌਲ ਸਿਰਜਿਆ ਜਾਣਾ ਲਾਜ਼ਮੀ ਹੁੰਦਾ ਹੈ।ਅਜਿਹਾ ਮਾਹੌਲ ਜਿਥੇ ਹਰ ਨਵ-ਸਿਰਜਤ ਖਿਆਲ ਦੀ ਉਚੇਚੀ ਸੁਣਵਾਈ ਹੋਵੇ।ਅਜਿਹੇ ਮਾਹੌਲ ਦੀ ਸਿਰਜਣਾ ਵਿੱਚ ਯੂਨੀਵਰਸਿਟੀਆਂ ਦੇ ਵੱਖ-ਵੱਖ ਵਿਭਾਗ ਉਦੋਂ ਤਕ ਸਫਲ ਨਹੀਂ ਹੋ ਸਕਦੇ ਜਦੋਂ ਤਕ ਕੋਈ ਦੂਰ ਦ੍ਰਿਸ਼ਟੀ ਸੰਪੰਨ ਸ਼ਖਸੀਅਤ ਇਸ ਦੀ ਅਗਵਾਈ ਨਾ ਕਰ ਰਹੀ ਹੋਵੇ।ਅਗਵਾਈਕਾਰ ਦੀ ਅਜਿਹੀ ਦੂਰ ਦ੍ਰਿਸ਼ਟੀ ਸੰਪਨਤਾ, ਤੀਖਣ ਬੁੱਧੀ, ਵਿਸ਼ਾਲ ਵਿਜ਼ਨ ਦੀ ਬਦੌਲਤ ਹੀ ਅਜਿਹੇ ਅਦਾਰਿਆਂ ਨੇ ਆਪਣੇ ਸਥਾਪਨਾ ਮੰਤਵਾਂ ਦੀ ਵਿਹਾਰਕਤਾ ਵੱਲ ਸੋਹਣੀਆਂ ਪੁਲਾਂਘਾਂ ਪੁੱਟਣੀਆਂ ਹੁੰਦੀਆਂ ਹਨ। ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਨ੍ਹੀਂ ਦਿਨੀਂ ਅਜਿਹੀਆਂ ਹੀ ਸੋਹਣੀਆਂ ਪੁਲਾਂਘਾਂ ਪੁੱਟ ਰਹੀ ਹੈ।ਦਿਨ-ਬ-ਦਿਨ ਯੂਨੀਵਰਸਿਟੀ ਦੀ ਫਿਜ਼ਾ ਬਿਹਤਰ ਹੁੰਦੀ ਜਾ ਰਹੀ ਹੈ।ਡਾ. ਬੀ.ਐਸ ਘੁੰਮਣ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਵਜੋਂ ਆਪਣੇ ਕਾਰਜ਼ਕਾਲ ਦੇ ਦੋ ਸਾਲ ਸਫਲਤਾ ਪੂਰਵਕ ਸੰਪੰਨ ਕਰ ਲਏ ਹਨ।
                           1962 ਵਿਚ ਸਥਾਪਿਤ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਸ ਦੇ ਮੋਢੀ ਵਾਈਸ ਚਾਂਸਲਰ ਜੋਧ ਸਿੰਘ ਤੋਂ ਲੈ ਕੇ ਕਿਰਪਾਲ ਸਿੰਘ ਨਾਰੰਗ, ਇੰਦਰਜੀਤ ਕੌਰ ਸੰਧੂ, ਅਮਰੀਕ ਸਿੰਘ, ਭਗਤ ਸਿੰਘ, ਸਰਦਾਰਾ ਸਿੰਘ ਜੌਹਲ, ਐਚ.ਕੇ ਮਨਮੋਹਨ ਸਿੰਘ, ਜੋਗਿੰਦਰ ਸਿੰਘ ਪੁਆਰ, ਜਸਬੀਰ ਸਿੰਘ ਆਹਲੂਵਾਲੀਆ, ਸਵਰਨ ਸਿੰਘ ਬੋਪਾਰਾਏ ਅਤੇ ਜਸਪਾਲ ਸਿੰਘ ਵਲੋਂ ਸ਼ਾਨਦਾਰ ਅਗਵਾਈ ਪ੍ਰਦਾਨ ਕੀਤੀ ਗਈ ਹੈ।ਡਾ. ਬੀ.ਐਸ ਘੁੰਮਣ ਨੇ 14 ਅਗਸਤ 2017 ਨੂੰ ਇਹ ਅਹੁੱਦਾ ਉਸ ਸਮੇਂ ਸੰਭਾਲਿਆ, ਜਦੋਂ ਪੰਜਾਬੀ ਯੂਨੀਵਰਸਿਟੀ ਵਡੇ ਵਿਤੀ ਸੰਕਟ ਨਾਲ ਜੂਝ ਰਹੀ ਸੀ।ਡਾ. ਘੁੰਮਣ ਨੇ ਇਸ ਸਥਿਤੀ ਨੂੰ ਚੁਣੌਤੀ ਵਜੋਂ ਲਿਆ।ਇਸ ਖੇਤਰ ਵਿੱਚਲੀਆਂ ਉਨ੍ਹਾਂ ਦੀਆਂ ਅਜਿਹੀਆਂ ਲਗਾਤਾਰ ਕੋਸ਼ਿਸ਼ਾਂ ਦੀ ਬਦੌਲਤ ਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ ਲਈ ਦੋ ਵਾਰ 50 ਕਰੋੜ ਦੀ ਵਿਸ਼ੇਸ਼ ਗਰਾਂਟ ਮਨਜ਼ੂਰ ਕੀਤੀ ਗਈ ਅਤੇ ਸਾਲਾਨਾ ਗ੍ਰਾਂਟ ਵਿਚ ਵੀ 6 ਫੀਸਦੀ ਵਾਧੇ ਦਾ ਐਲਾਨ ਕੀਤਾ ਗਿਆ।ਇਸ ਮਦਦ ਲਈ ਡਾ. ਘੁੰਮਣ ਵਲੋਂ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਵੀ.ਪੀ ਸਿੰਘ ਬਦਨੌਰ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਮੇਤ ਕੈਬਨਿਟ ਮੰਤਰੀ ਸਾਹਿਬਾਨਾਂ ਅਤੇ ਵਿਧਾਨ ਸਭਾ ਮੈਂਬਰ ਸਾਹਿਬਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ।ਜਿਨ੍ਹਾਂ ਵਲੋਂ ਇਸ ਵਿੱਤੀ ਮਦਦ ਮਨਜ਼ੂਰ ਕਰਨ ਵਿਚ ਅਹਿਮ ਰੋਲ ਅਦਾ ਕੀਤਾ ਹੈ।ਇਸ ਦੇ ਨਾਲ ਹੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਭਾਰਤ ਸਰਕਾਰ ਵਲੋਂ `ਰਾਸ਼ਟਰੀ ਉਚ ਸਿਖਿਆ ਅਭਿਆਨ` (ਰੂਸਾ) ਤਹਿਤ  `ਰਿਸਰਚ, ਇਨੋਵੇਸ਼ਨ ਅਤੇ ਕੁਆਲਿਟੀ ਇੰਪਰੂਵਮੈਂਟ` ਕੰਪੋਨੈਂਟ ਅਧੀਨ ਵੀ ਪੰਜਾਹ ਕਰੋੜ ਰੁਪਏ ਦੀ ਵੱਡੀ ਗਰਾਂਟ ਪ੍ਰਾਪਤ ਕਰਨ ਵਿਚ ਵੀ ਡਾ. ਘੁੰਮਣ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ।ਸੂਬਾ ਸਰਕਾਰ ਵਲੋਂ ਮਹਾਰਾਣਾ ਪ੍ਰਤਾਪ ਚੇਅਰ ਅਤੇ ਅਗਰਸੈਨ ਚੇਅਰ ਲਈ ਲਈ ਸੱਤ-ਸੱਤ ਕਰੋੜ ਰੁਪਏ ਦੇਣ ਦਾ ਐਲਾਨ ਕਰਨਾ ਵੀ ਇਸ ਅਰਸੇ ਵਿਚ ਉਨ੍ਹਾਂ ਦੀ ਵੱਡੀ ਪ੍ਰਾਪਤੀ ਰਿਹਾ ਹੈ।ਆਪਣੇ ਕਾਰਜਕਾਲ ਦੇ ਸ਼ੁਰੂਆਤੀ ਦਿਨਾਂ ਵਿਚ ਹੀ ਉਨ੍ਹਾਂ ਵਲੋਂ ਯੂਨੀਵਰਸਿਟੀ ਪ੍ਰਬੰਧਨ ਵਿਚਲਾ ਖਰਚਾ ਘਟਾਉਣ ਦੀਆਂ ਵਿਸ਼ੇਸ਼ ਹਦਾਇਤਾਂ ਕੀਤੀਆਂ ਗਈਆਂ।ਅਜਿਹੀਆਂ ਕੋਸ਼ਿਸ਼ਾਂ ਨਾਲ ਪੈਦਾ ਕੀਤੇ ਮਾਹੌਲ ਦੀ ਹੀ ਦੇਣ ਹੈ ਕਿ ਵਿੱਤੀ ਸੰਕਟ ਦੇ ਬਾਵਜ਼ੂਦ ਅੱਜ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਹਰ ਮਹੀਨੇ ਸਮੇਂ ਸਿਰ ਤਨਖਾਹ ਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਗਈ ਹੈ।
                    Punjabi Uni Patiala ਖੋਜ ਅਤੇ ਅਕਾਦਮਿਕ ਖੇਤਰ ਨੂੰ ਸਮੇਂ ਦੇ ਹਾਣ ਦਾ ਬਣਾਉਣ ਹਿਤ ਡਾ. ਘੁੰਮਣ ਦੀ ਅਗਵਾਈ ਵਿਚ ਵੱਖ-ਵੱਖ ਕਦਮ ਕਦਮ ਉਠਾਏ ਗਏ।ਮਸ਼ੀਨੀ ਬੁੱਧੀ, ਅੰਕੜਾ ਵਿਗਿਆਨ ਅਤੇ ਮਸ਼ੀਨੀ ਅਨੁਵਾਦ ਦੇ ਖੇਤਰ ਵਿੱਚ ਵੱਡੀ ਪ੍ਰਾਪਤੀ ਕਰਦਿਆਂ ਇਸ ਖੇਤਰ ਵਿਚ `ਸੈਂਟਰ ਫਾਰ ਆਰਟੀਫੀਸ਼ੀਅਜ਼ਇੰਟੈਲੀਜੈਂਸੀ ਐਂਡ ਡਾਟਾ ਸਾਇੰਸਜ਼` ਦੀ ਸਥਾਪਨਾ ਕਰਨਾ ਅਹਿਮੀਅਤ ਰੱਖਦਾ ਹੈ।ਇਸ ਤੋਂ ਇਲਾਵਾ `ਸੈਂਟਰ ਫਾਰ ਪ੍ਰੋਡਕਟਿਵ ਡਿਵੈਲਪਮੈਂਟ ਥਰੂ ਨੋਵਲ ਟੈਕਨੌਲਜੀ ਇੰਟਰਵੈਂਸ਼ਨ, ਸੈਂਟਰ ਫਾਰ ਹਿਊਮਨ ਡਿਵੈਲਪਮੈਂਟ ਐਂਡ ਨੌਲੇਜ ਮੈਨੇਜਮੈਂਟ`, `ਸੈਂਟਰ ਫਾਰ ਇੰਡਸਟਰੀਅਲ ਐਂਡ ਸੋਸ਼ਲ ਟਰਾਂਸਫਰਮੇਸ਼ਨ ਥਰੂ ਰਿਸਰਚ ਐਂਡ ਇਨੋਵੇਸ਼ਨ ਇਨ ਵੋਕੇਸ਼ਨਲ ਐਂਟਰਪਰਿਉਨਰਸ਼ਿਪ, `ਸੈਂਟਰ ਫਾਰ ਪਬਲਿਕ ਪਾਲਿਸੀ ਐਂਡ ਗਵਰਨੈਂਸ ਅਤੇ `ਰੈਪਿਡ ਪਰੋਟੋਟਾਈਪਿੰਗ ਐਂਡ ਮੈਟੀਰੀਅਲ ਟੈਸਟਿੰਗ ਰਿਸਰਚ ਸੈਂਟਰ` ਦੀ ਸਥਾਪਨਾ ਕਰਨਾ ਆਪਣੇ ਆਪ ਵਿਚ ਨਵੀਂ ਪਹਿਲਕਦਮੀ ਸੀ।ਇਸੇ ਤਰ੍ਹਾਂ ਦਿਵਿਆਂਗਾਂ ਲਈ ਤਕਨਾਲੋਜੀ ਵਿਕਾਸ ਖੋਜ ਕੇਂਦਰ ਭਾਵ ਰਿਸਰਚ ਸੈਂਟਰ ਫਾਰ ਟੈਕਨੌਲਜੀ ਡਿਵੈਲਪਮੈਂਟ ਫਾਰ ਡਿਫਰੈਂਟਲੀ ਏਬਲਡ ਪਰਸਨਜ਼ ਸਥਾਪਿਤ ਕੀਤਾ ਗਿਆ ਹੈ।
                   ਡਾ. ਘੁੰਮਣ ਦੀ ਅਗਵਾਈ ਸਦਕਾ ਪੈਦਾ ਹੋਏ ਅਕਾਦਮਿਕ ਮਾਹੌਲ ਦੀਆਂ ਪ੍ਰਾਪਤੀਆਂ ਦੀ ਇਕ ਮਿਸਾਲ ਇਹ ਰਹੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਆਪਣੇ ਖੋਜ ਵਫਦ ਸਮੇਤ ਅਤੇ ਪੰਜਾਬ ਸਰਕਾਰ ਦੇ ਮੁੱੱਖ ਸਕੱਤਰ ਰਾਕੇਸ਼ ਕੁਮਾਰ ਵਰਮਾ ਆਪਣੀ ਟੀਮ ਸਮੇਤ ਯੂਨੀਵਰਸਿਟੀ ਅਧਿਆਪਕਾਂ ਵਲੋਂ ਕੀਤੀ ਜਾ ਰਹੀ ਖੋਜ ਨੂੰ ਵੇਖਣ ਪਹੁੰਚੇ ਅਤੇ ਵਿਗਿਆਨ ਲੈਬਾਂ ਦਾ ਦੌਰਾ ਕਰ ਕੇ ਇਸ ਖੋਜ ਦੇ ਨਿਕਲੇ ਨਤੀਜਿਆਂ ਦੇ ਜੋ ਪੇਟੈਂਟ ਰਜਿਸਟਰ ਹੋਏ ਹਨ, ਬਾਰੇ ਵਿਚਾਰ ਵਟਾਂਦਰਾ ਕੀਤਾ।
                    ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਖੋਜ ਦੇ ਖੇਤਰ ਵਿਚ ਯੂਨੀਵਰਸਿਟੀ ਵਲੋਂ ਤਿੰਨ ਪੇਟੈਂਟ ਫਾਈਲ ਹੋਏ ਹਨ ਜਿਨ੍ਹਾਂ ਵਿਚੋਂ ਦੋ ਗਰਾਂਟ ਵੀ ਹੋ ਚੁੱਕੇ ਹਨ।  
                 ਯੂਨੀਵਰਸਿਟੀ ਨੂੰ ਵਿਸ਼ਵ ਦੇ ਪ੍ਰਸੰਗ ਵਿਚ ਨਵ-ਰੁਝਾਨਾਂ ਦੇ ਹਾਣ ਦਾ ਬਣਾਉਣ ਲਈ ਡਾ. ਘੁੰਮਣ ਵਲੋਂ ਇਸ ਅਰਸੇ ਦੌਰਾਨ ਕਈ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ।ਇਸ ਤੋਂ ਇਲਾਵਾ ਬਹੁਤ ਸਾਰੇ ਰਵਾਇਤੀ ਕੋਰਸਾਂ ਦੀ ਹਰਮਨਪਿਆਰਤਾ ਵਧ ਜਾਣ ਕਾਰਨ ਉਨ੍ਹਾਂ ਦੀਆਂ ਸੀਟਾਂ ਦੀ ਗਿਣਤੀ ਵਿਚ ਵਾਧਾ ਕਰਨ ਦੇ ਫੈਸਲੇ ਵੀ ਲੈਣੇ ਪਏ ਹਨ।ਕਾਨੂੰਨ ਜਿਹੇ ਪ੍ਰੋਫੈਸ਼ਨਲ ਕੋਰਸ ਲਈ ਵੀ ਪੰਜਾਬੀ ਯੂਨੀਵਰਸਿਟੀ ਵਿਖੇ ਦਾਖਲਾ ਲੈਣ ਦੇ ਇਛੁੱਕ ਵਿਦਿਆਰਥੀਆਂ ਦਾ ਰੁਝਾਣ ਐਨਾ ਵਧਿਆ ਹੈ ਕਿ `ਬਾਰ ਕੌਂਸਲ ਆਫ਼ ਇੰਡੀਆ` ਵਲੋਂ ਇਹ ਸੀਟਾਂ ਦੁੱਗਣੀਆਂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
               ਡਾ. ਘੁੰਮਣ ਵਲੋਂ ਪਲੇਸਮੈਂਟ ਸੈਲ ਦਾ ਵਿਸਥਾਰ ਕਰ ਕੇ ਸਥਾਪਿਤ ਕੀਤੇ ਫਿਨਿਸ਼ਿੰਗ ਸਕੂਲ ਦੇ ਨਿਰੰਤਰ ਯਤਨਾਂ ਨਾਲ 53 ਵੱਖ-ਵੱਖ ਨਾਮੀ ਕੰਪਨੀਆਂ ਵਲੋਂ ਇਸ ਦੋ ਸਾਲ ਦੇ ਅਰਸੇ ਦੌਰਾਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ।ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵਲੋਂ ਆਪਣੇ ਪੱਧਰ `ਤੇ ਵੀ ਪਲੇਸਮੈਂਟ ਸੈਲ ਅਤੇ ਵਿਭਾਗ ਪੱਧਰੀ ਕੋਸ਼ਿਸ਼ਾਂ ਨਾਲ `ਸਕੂਲ ਆਫ਼ ਮੈਨੇਜਮੈਂਟ ਵਿਭਾਗ` ਦੇ ਕੁੱਲ 240 ਵਿਦਿਆਰਥੀਆਂ ਵਿਚੋਂ 219 ਨੂੰ ਨੌਕਰੀ ਦਿਵਾਉਣਾ, ਜਿਨ੍ਹਾਂ ਵਿਚੋਂ ਕੁੱਝ ਵਿਦਿਆਰਥੀਆਂ ਦਾ ਸਾਲਾਨਾ ਪੈਕੇਜ 9 ਲੱਖ ਰੁਪਏ ਪ੍ਰਤੀ ਸਾਲ ਹੈ, ਸ਼ਰੀਰਿਕ ਸਿੱਖਿਆ ਵਿਭਾਗ ਦੇ 80 ਫੀਸਦੀ ਵਿਦਿਆਰਥੀ ਅਤੇ ਸੋਸ਼ਲ ਵਰਕ ਵਿਭਾਗ ਦੇ ਵਿਦਿਆਰਥੀਆਂ ਵਿਚੋਂ 70 ਫੀਸਦੀ ਵਿਦਿਆਰਥੀ ਨੌਕਰੀ ਪ੍ਰਾਪਤ ਕਰਨ ਦੇ ਯੋਗ ਹੋਏ ਹਨ।
               ਯੂਨੀਵਰਸਿਟੀ ਨੂੰ ਗਲੋਬਲ ਪੱਧਰ `ਤੇ ਚਮਕਾਉਣ ਹਿਤ ਡਾ. ਘੁੰਮਣ ਵਲੋਂ ਕਈ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਸਮਝੌਤੇ ਕੀਤੇ ਗਏ ਜਿਨ੍ਹਾਂ ਵਿਚ ਵਿਸ਼ਵ ਪੱਧਰੀ ਵੱਕਾਰੀ ਸੰਸਥਾਵਾਂ ਜਿਵੇਂ ਕਿ `ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ`, `ਯੂਨੀਵਰਸਿਟੀ ਆਫ ਵਿਸਕੌਨਸਨ ਪਾਰਕਸਾਈਡ, ਯੂ.ਐਸ.ਏ.`, `ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ, ਕੈਨੇਡਾ`, `ਯੂਨੀਵਰਸਿਟੀ ਆਫ ਨਾਰਥ ਬ੍ਰਿਟਿਸ਼ ਕੋਲੰਬੀਆ, ਕੈਨੇਡਾ`, ਯੂਨੀਵਰਸਿਟੀ ਆਫ ਵੁਲਵਰਹੈਂਪਟਨ, ਯੂ.ਕੇ`, `ਦਾ ਢਾਹਾਂ ਪਰਾਈਜ਼ ਫਾਰ ਪੰਜਾਬੀ ਲਿਟਰੇਚਰ, ਕੈਨੇਡਾ`, `ਪੰਜਾਬ ਕਲਾ ਭਵਨ ਕੈਨੇਡਾ` ਅਤੇ ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਦਿਵਾਉਣ ਲਈ ਪ੍ਰਸਿੱਧ ਸਨਅਤੀ ਅਤੇ ਵਪਾਰਕ ਸੰਸਥਾ `ਪੀ-ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨਵੀਂ ਦਿੱਲੀ` ਨਾਲ ਵੀ ਸਮਝੌਤਾ ਕੀਤਾ ਗਿਆ।ਅਜਿਹੀ ਹੀ ਸਾਂਝ ਦੇ ਕਦਮ ਵਜੋਂ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ 20 ਵਿਦਿਆਰਥੀ ਆਪਣੇ ਅਧਿਆਪਕਾਂ ਦੀ ਅਗਵਾਈ ਵਿੱਚ ਇਕ ਹਫਤੇ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਵਰਕਸ਼ਾਪ ਲਗਾ ਕੇ ਗਏ ਅਤੇ ਹੁਣ ਪੰਜਾਬੀ ਯੂਨੀਵਰਸਿਟੀ ਦੇ 15 ਵਿਦਿਆਰਥੀ ਅਤੇ ਪੰਜ ਅਧਿਆਪਕ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਅਜਿਹੇ ਹੀ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਜਾ ਰਹੇ ਹਨ।
                 ਜਿਥੇ ਇਕ ਪਾਸੇ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਦੇ ਆਸੇ ਨਾਲ ਉਪ ਭਾਸ਼ਾਵਾਂ ਦੇ ਵਿਸ਼ੇਸ਼ ਕਵੀ ਦਰਬਾਰ ਅਤੇ ਪੁਆਧੀ ਅਖਾੜੇ ਜਿਹੇ ਰਵਾਇਤੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਉੱਥੇ ਹੀ ਤਾਜ਼ਾ ਅਕਾਦਮਿਕ ਸੈਸ਼ਨ ਵਿਚ ਸਮੁੱਚੇ ਕਾਲਜਾਂ ਦੇ ਦਾਖਲੇ ਆਨਲਾਈਨ ਪੋਰਟਲ ਰਾਹੀਂ ਹੋਣਾ, ਖੋਜ ਵਿਭਾਗ ਵਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਇੱਕ ਵਿਸ਼ੇਸ਼ ਬਹੁਮੰਤਵੀ ਸਾਫਟਵੇਅਰ ਤਿਆਰ ਕਰਵਾਉਣਾ, ਈ-ਲਰਨਿੰਗ ਪੰਜਾਬੀ ਡਾਟ ਕਾਮ ਦਾ ਪੋਰਟਲ, ਜਿਸ ਰਾਹੀਂ ਪੰਜਾਬੀ ਦੀ ਬੁਨਿਆਦੀ ਪੜ੍ਹਾਈ ਕੀਤੀ ਜਾ ਸਕਦੀ ਹੈ, ਦੇ ਦੂਸਰੇ ਪੜਾਅ ਦਾ ਉਦਘਾਟਨ ਹੋਣਾ, ਪ੍ਰੀਖਿਆ ਸ਼ਾਖਾ ਸੰਬੰਧੀ ਵਿਸ਼ੇਸ਼ ਜਾਣਕਾਰੀਆਂ ਮੁਹੱਈਆ ਕਰਵਾਉਣ ਲਈ ਇਕ ਵਿਸ਼ੇਸ਼ ਆਨਲਾਈਨ ਪੋਰਟਲ ਅਤੇ ਮੋਬਾਈਲ ਐਪ ਲਾਂਚ ਕੀਤੇ ਜਾਣਾ ਯੂਨੀਵਰਸਿਟੀ ਦੇ ਆਧੁਨਿਕਤਾ ਨਾਲ ਬਰ ਮੇਚਣ ਦੇ ਸੰਕੇਤ ਹਨ।
ਪੰਜਾਬੀ ਯੂਨੀਵਰਸਿਟੀ ਦੇ ਮਿਆਰ, ਗੁਣਵਤਾ ਅਤੇ ਭਰੋਸੇਯੋਗਤਾ ਦੀ ਬਦੌਲਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਉਤਸਵ ਨੂੰ ਲੈ ਕੇ ਸਭ ਤੋਂ ਵੱਧ 57 ਪ੍ਰੋਗਰਾਮ ਉਲੀਕੇ ਹਨ।ਇਨ੍ਹਾਂ ਵਿਚੋਂ 45 ਪ੍ਰੋਗਰਾਮ ਸੰਪੂਰਨ ਹੋ ਚੁੱਕੇ ਹਨ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਨਾਲ ਨਾਲ ਸਮਾਜ ਭਲਾਈ ਦੇ ਖੇਤਰ ਨਾਲ ਵਾਬਸਤਗੀ ਰੱਖਣ ਵਾਲੇ ਅਜਿਹੇ ਪ੍ਰੋਗਰਾਮਾਂ, ਸੈਮੀਨਾਰਾਂ, ਕਾਨਫਰੰਸਾਂ ਆਦਿ ਦੀ ਗਿਣਤੀ ਦੋ ਸਾਲ ਦੇ ਅਰਸੇ ਦੌਰਾਨ 215 ਦੇ ਕਰੀਬ ਰਹੀ ਹੈ ਜਿਨ੍ਹਾਂ ਵਿਚ ਸੈਮੀਨਾਰ, ਕਾਨਫਰੰਸਾਂ, ਵਰਕਸ਼ਾਪਾਂ ਆਦਿ ਪ੍ਰੋਗਰਾਮ ਸ਼ਾਮਿਲ ਸਨ।
               ਡਾ. ਘੁੰਮਣ ਯੂਨੀਵਰਸਿਟੀ ਜਿਹੇ ਵਿੱਦਿਅਕ ਅਦਾਰਿਆਂ ਦੀ ਸਮਾਜਿਕ ਪ੍ਰਤੀਬੱਧਤਾ ਨੂੰ ਸਮਝਦਿਆਂ ਹਰ ਖੋਜ਼, ਸੈਮੀਨਾਰ, ਕਾਨਫਰੰਸ ਆਦਿ ਵਿਚੋਂ ਨਿਕਲੇ ਸਿੱਟਿਆਂ ਨੂੰ ਦਸਤਾਵੇਜੀ ਰੂਪ ਦੇਣ ਦੀ ਪੈਰਵਾਈ ਕਰਦੇ ਰਹਿੰਦੇ ਹਨ ਤਾਂ ਕਿ ਅਜਿਹਾ ਦਸਤਾਵੇਜ ਸੰਬੰਧਤ ਖੇਤਰ ਵਿਚਲੀ ਪਾਲਿਸੀ ਦੇ ਨਿਰਮਾਣ ਸਮੇਂ ਮਦਦਗਾਰ ਸਾਬਿਤ ਹੋ ਸਕੇ।ਪੰਜਾਬ ਵਿਚ ਹੋ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਸੰਬੰਧੀ ਉਨ੍ਹਾਂ ਵੱਲੋਂ ਅਜਿਹੀ ਹੀ ਇਕ ਵਰਕਸ਼ਾਪ ਦੇ ਸਿਟਿਆਂ `ਤੇ ਅਧਾਰਿਤ `ਪਗੜੀ ਸੰਭਾਲ ਜੱਟਾ` ਨਾਮੀ ਨਾਟਕ ਤਿਆਰ ਕਰਵਾਇਆ ਗਿਆ।ਪੰਜਾਬ ਸਰਕਾਰ ਦੇ ਬਹੁਤ ਸਾਰੇ ਅਦਾਰੇ ਵੱਖ-ਵੱਖ ਪ੍ਰਾਜੈਕਟਾਂ ਦੇ ਸਬੰਧ ਵਿੱਚ ਯੂਨੀਵਰਸਿਟੀ ਨਾਲ ਸਾਂਝ ਪਾਉਣ ਲਈ ਯਤਨਸ਼ੀਲ ਹਨ।ਇਸੇ ਦੇ ਚੱਲਦਿਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਇੰਟਰਨਸਿ਼ਪ ਪੰਜਾਬ ਸਰਕਾਰ ਦੇ ਵਿਭਾਗਾਂ, ਜਿਲ੍ਹਾ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਸੁਝਾਏ ਖੇਤਰਾਂ ਵਿੱਚ ਲਗਾਉਣ ਦਾ ਫੈਸਲਾ ਲਿਆ ਗਿਆ ਹੈ, ਜੋ ਕਿ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਯੋਗ ਬਣਾਉਣ ਵਿਚ ਕਾਰਗਰ ਸਿੱਧ ਹੋਵੇਗਾ।ਯੂਨੀਵਰਸਿਟੀ ਵਿੱਚਲੇ ਮੀਡੀਆ ਸੈਂਟਰ ਨੂੰ ਸੁਤੰਤਰ ਤੌਰ `ਤੇ ਡੀ.ਟੀ.ਐਚ ਚੈਨਲ ਦੀ ਅਲਾਟਮੈਂਟ ਹੋਣਾ ਵੀ ਇਕ ਪ੍ਰਾਪਤੀ ਸੀ।
               ਜ਼ਿਕਰਯੋਗ ਹੈ ਕਿ ਦੇਸ਼ ਭਰ ਦੇ ਕੁੱਲ 21 ਸੈਂਟਰਾਂ ਵਿਚੋਂ ਸਿਰਫ 6 ਸੈਂਟਰ ਹੀ ਅਜਿਹੇ ਹਨ, ਜਿਨ੍ਹਾਂ ਕੋਲ ਇਸ ਤਰ੍ਹਾਂ ਸੁਤੰਤਰ ਡੀ.ਟੀ.ਐਚ ਦਾ ਅਧਿਕਾਰ ਹੈ।ਪੁਸਤਕ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਪੁਸਤਕ ਮੇਲੇ ਲਗਾ ਕੇ ਦੋ ਸਾਲਾਂ ਦੌਰਾਨ ਯੂਨੀਵਰਸਿਟੀ ਵਲੋਂ ਆਪਣੀਆਂ ਪੁਸਤਕਾਂ ਦੀ ਤਕਰੀਬਨ ਪੌਣੇ ਦੋ ਕਰੋੜ ਦੀ ਵਿੱਕਰੀ ਕਰ ਕੇ ਇਕ ਇਤਿਹਾਸ ਸਿਰਜਿਆ ਗਿਆ।ਦੂਸਰਾ ਪੁਸਤਕ ਮੇਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੀ।ਪ੍ਰਕਾਸ਼ਨ ਦੇ ਖੇਤਰ ਵਿਚ ਵੀ ਯੂਨੀਵਰਸਿਟੀ ਵਲੋਂ ਰਾਸ਼ਟਰੀ ਪੱਧਰ ਦਾ ਮਾਅਰਕਾ ਮਾਰਦਿਆਂ ਪਬਲੀਕੇਸ਼ਨ ਬਿਊਰੋ ਦੀਆਂ ਦੋ ਕਿਤਾਬਾਂ ਉਪਰ ਰਾਸ਼ਟਰੀ ਐਵਾਰਡ ਹਾਸਿਲ ਕੀਤਾ ਗਿਆ ਹੈ।ਨੌਰਥ ਜ਼ੋਨ ਅਤੇ ਆਲ ਇੰਡੀਆ ਯੂਨੀਵਰਸਿਟੀ ਯੂਥ ਫੈਸਟੀਵਲ ਵਿੱਚ 2017-18 ਅਤੇ 2018-19 ਦੌਰਾਨ ਵੱਖ-ਵੱਖ ਆਈਟਮਾਂ ਵਿੱਚ ਯੂਨੀਵਰਸਿਟੀ ਦੇ ਬਾਰਾਂ ਵਿਦਿਆਰਥੀਆਂ ਵੱਲੋਂ ਪ੍ਰਾਪਤੀਆਂ ਕੀਤੀਆਂ ਗਈਆਂ।ਗੁਜਰਾਤ ਅਤੇ ਛਤੀਸਗੜ੍ਹ ਵਿਖੇ ਹੋਏ ਸਾਊਥ ਏਸ਼ੀਅਨ ਯੂਨੀਵਰਸਿਟੀਜ਼ ਫੈਸਟੀਵਲਜ਼ ਦੌਰਾਨ ਪੰਜਾਬੀ ਯੂਨੀਵਰਸਿਟੀ ਵਲੋਂ ਚਾਰ ਕਲਾ ਵੰਨਗੀਆਂ ਵਿੱਚ ਭਾਰਤੀ ਯੂਨੀਵਰਸਿਟੀਆਂ ਦੀ ਪ੍ਰਤੀਨਿਧਤਾ ਕੀਤੀ ਗਈ ਹੈ।ਨੈਸ਼ਨਲ ਇੰਸਟੀਚੁਸ਼ਨਲ ਰੈਂਕਿੰਗ ਫਰੇਮਵਰਕ (ਨਿਰਫ਼) ਦੀ ਰੈਂਕਿੰਗ ਵਿੱਚ ਯੂਨੀਵਰਸਿਟੀ ਦੇ ਫਰਮਿਊਸਟੀਕਲ ਸਾਇੰਸ ਐਂਡ ਡਰੱਗ ਰਿਸਰਚ ਵਿਭਾਗ ਵਲੋਂ ਆਪਣੇ ਖੇਤਰ ਵਿਚ ਦੇਸ਼ ਭਰ ਵਿਚੋਂ ਅਠਾਰਵਾਂ ਸਥਾਨ ਪ੍ਰਾਪਤ ਕੀਤਾ ਜਾ ਚੁੱਕਾ ਹੈ।ਯੂਨੀਵਰਸਿਟੀ ਨੇ ਯੂ.ਜੀ.ਸੀ ਦੀ ਨੈਕ ਐਕਰੀਡੇਸ਼ਨ ਏ ਦੀ ਸ਼੍ਰੇਣੀ ਦੋ ਤਹਿਤ ਅਕਾਦਮਿਕ ਖੇਤਰ ਦੀ ਖੁਦਮੁਖਤਿਆਰੀ ਹਾਸਿਲ ਕਰਨ ਦਾ ਮਾਣ ਵੀ ਪ੍ਰਾਪਤ ਕੀਤਾ ਹੈ।ਕੇਂਦਰ ਸਰਕਾਰ ਦੀ ਅਗਾਂਹਵਧੂ ਯੂਨੀਵਰਸਿਟੀਆਂ ਅਤੇ ਕੌਮੀ ਪੱਧਰ ਦੀਆਂ ਲੈਬੋਰੈਟਰੀਆਂ ਵਲੋਂ ਰਾਸ਼ਟਰੀ ਨੀਤੀ ਦੇ ਤਹਿਤ ਸਹੂਲਤਾਂ ਅਤੇ ਵਿਚਾਰਾਂ ਦੇ ਆਦਾਨ ਪ੍ਰਦਾਨ ਅਤੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਬਣਾਈ ਯੋਜਨਾ ਵਿਚ ਵੀ ਪੰਜਾਬੀ ਯੂਨੀਵਰਸਿਟੀ ਨੂੰ ਸ਼ਾਮਲ ਕੀਤਾ ਗਿਆ।ਖੇਡਾਂ ਦੇ ਖੇਤਰ ਵਿਚ ਅਕਾਦਮਿਕ ਵਰ੍ਹੇ 2016-17 ਦੌਰਾਨ ਮੌਲਾਨਾ ਅਬਦੁਲ ਕਲਾਮ ਅਜ਼ਾਦ ਟਰਾਫੀ ਨੂੰ ਦਸਵੀਂ ਵਾਰ ਪ੍ਰਾਪਤ ਕਰਨਾ ਅਤੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਖੇਡਾਂ ਦੇ ਖੇਤਰ ਵਿਚ ਯੂਨੀਵਰਸਿਟੀ ਨੂੰ ਦੇਸ਼ ਭਰ ਵਿਚੋਂ `ਸਰਵੋਤਮ` ਐਲਾਨਣਾ ਵੀ ਇਸ ਸਮੇਂ ਦੀ ਇੱਕ ਵੱਡੀ ਪ੍ਰਾਪਤੀ ਰਿਹਾ ਹੈ। ਪਿਛਲੇ ਸਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ `ਆਲ ਇੰਡੀਆ ਇੰਟਰ ਯੂਨੀਵਰਸਿਟੀ` ਮੁਕਾਬਿਲਆਂ ਵਿੱਚ ਵੀ ਪ੍ਰਥਮ ਰਹੀ।
ਪ੍ਰੋ. ਘੁੰਮਣ ਵਲੋਂ ਆਪਣੀਆਂ ਇਨ੍ਹਾਂ ਸਭ ਪ੍ਰਾਪਤੀਆਂ ਲਈ ਗਵਰਨਿੰਗ ਬਾਡੀਜ਼, ਅਧਿਆਪਨ ਅਤੇ ਗੈਰ ਅਧਿਆਪਨ ਵਰਗ ਦੇ ਸਮੁੱਚੇ ਕਰਮਚਾਰੀਆਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਗਿਆ ਹੈ ਕਿ ਇਨ੍ਹਾਂ ਸਭ ਦੇ ਸਹਿਯੋਗ ਤੋਂ ਬਗੈਰ ਅਜਿਹਾ ਸੰਭਵ ਨਹੀਂ ਹੋਣਾ ਸੀ।ਇਸ ਸਮੁੱਚੀ ਸਥਿਤੀ ਅਨੁਸਾਰ ਦਿਨ-ਬ-ਦਿਨ ਬਦਲ ਰਹੀ ਯੂਨੀਵਰਸਿਟੀ ਦੀ ਫਿਜ਼ਾ ਨੂੰ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਡਾ. ਘੁੰਮਣ ਵਲੋਂ ਕੀਤੀ ਜਾ ਰਹੀ ਇਸ ਮਿਹਨਤ ਅਤੇ ਸੁਹਿਰਦ ਯਤਨਾਂ ਦੇ ਬਿਹਤਰ ਸਿੱਟੇ ਨੇੜ ਭਵਿੱਖ ਵਿੱਚ ਵੀ ਵੇਖਣ ਨੂੰ ਮਿਲਣਗੇ।
Jaswant S Patiala

 

ਡਾ. ਜਸਵੰਤ ਸਿੰਘ ਪੁਰੀ
ਪਟਿਆਲਾ।
ਮੋ – 93165 20136
  

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply