ਅੱਜ ਐਤਵਾਰ ਦੁਪਹਿਰ ਬਾਅਦ ਹੋਵੇਗਾ ਅੰਤਿਮ ਸੰਸਕਾਰ
ਨੰਦੇੜ, 20 ਅਕਤੂਬਰ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਸ਼ਰੋਮਣੀ ਪੰਥ ਅਕਾਲੀ 96 ਕਰੋੜੀ ਬੁੱਢਾ ਦਲ ਦੇ 15ਵੇਂ ਜਥੇਦਾਰ ਅਤੇ
ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਦੇ ਮੁੱਖੀ ਨਿਹੰਗ ਸਿੰਘ ਸੰਤ ਬਾਬਾ ਪ੍ਰੇਮ ਸਿੰਘ ਦਾ ਸ਼ਨੀਵਾਰ ਦੀ ਦੁਪਹਿਰ ਤਕਰੀਬਨ 12.15 ਵਜੇ ਇੱਕ ਸੜਕ ਹਾਦਸੇ ਵਿੱਚ ਮੌਤ ਗਈ।ਬਾਬਾ ਜੀ ਦੀ ਉਮਰ 73 ਸਾਲ ਦੇ ਕਰੀਬ ਸੀ।ਇਸ ਦੁੱਖਦਾਈ ਘਟਨਾ ਦਾ ਪਤਾ ਲੱਗਦਿਆਂ ਹੀ ਜਿਥੇ ਸਾਰੇ ਹਜੂਰ ਸਾਹਿਬ ਇਲਾਕੇ ‘ਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ, ਉਥੇ ਨਿਹੰਗ ਸਿੰਘ ਬਰਾਦਰੀ ਵਿੱਚ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।ਮਿਲੀ ਸੂਚਨਾ ਅਨੁਸਾਰ ਬਾਬਾ ਜੀ ਦਾ ਅੰਤਿਮ ਸਸਕਾਰ ਅੱਜ ਐਤਵਾਰ 2.30 ਵਜੇ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਮੁਤਾਬਿਕ ਸੰਤ ਬਾਬਾ ਪ੍ਰੇਮ ਸਿੰਘ ਸ਼ਨੀਵਾਰ ਦੀ ਦੁਪਹਿਰ ਗੁਰਦੁਆਰੇ ਦੇ ਕਿਸੇ ਕਾਰਜ਼ ਲਈ ਸਕਾਰਪਿਓ ਗੱਡੀ ਵਿੱਚ ਸਵਾਰ ਹੋ ਕੇ ਦੋ ਨਿਹੰਗ ਸਿੰਘਾਂ ਨਾਲ ਮੁਦਖੇੜ ਸ਼ਹਿਰ ਵੱਲ ਜਾ ਰਹੇ ਸਨ ਤਾਂ ਰਸਤੇ ‘ਚ ਗੱਡੀ ਨੂੰ ਸਾਹਮਣੇ ਤੋਂ ਆ ਰਹੀ ਇੱਕ ਸਕੂਲ ਬੱਸ ਨੇ ਟੱਕਰ ਮਾਰ ਦਿੱਤੀ।ਇਹ ਟੱਕਰ ਇੰਨੀ ਜਬਰਦਸਤ ਸੀ ਕਿ ਬਾਬਾ ਜੀ ਅਤੇ ਉਨਾਂ ਦੇ ਦੋਨੋ ਸਾਥੀ ਗੰਭੀਰ ਜਖ਼ਮੀ ਹੋ ਗਏ।ਕੁੱਝ ਲੋਕਾਂ ਨੇ ਉਨ੍ਹਾਂ ਨੂੰ ਇੱਕ ਨਿੱਜੀ ਵਾਹਨ ਰਾਹੀਨ ਸ਼ਹਿਰ ਦੇ ਇੱਕ ਵੱਡੇ ਹਸਪਤਾਲ ਵਿੱਚ ਇਲਾਜ਼ ਲਈ ਦਾਖਲ ਕਰਵਾਇਆ, ਜਿਥੇ ਉਨਾਂ ਨੇ ਪ੍ਰਾਣ ਤਿਆਗ ਦਿੱਤੇ।
ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਗੁਰਦੁਆਰਾ ਤਖਤ ਸਚਖੰਡ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ, ਗੁਰਦੁਆਰਾ ਲੰਗਰ ਸਾਹਿਬ ਦੇ ਸੰਤ ਬਾਬਾ ਬਲਵਿੰਦਰ ਸਿੰਘ, ਗੁਰਦੁਆਰਾ ਸਚਖੰਡ ਬੋਰਡ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਮਿਨਹਾਸ, ਸੈਕਟਰੀ ਰਵਿੰਦਰ ਸਿੰਘ ਬੁੰਗਾਈ, ਮੈਂਬਰ ਪਰਮਜੋਤ ਸਿੰਘ ਚਾਹਿਲ, ਗੁਰਮੀਤ ਸਿੰਘ ਮਹਾਜਨ, ਮਨਪ੍ਰੀਤ ਸਿੰਘ ਕੁੰਜੀਵਾਲੇ, ਸਰਦੂਲ ਸਿੰਘ ਫੌਜੀ, ਜਗਬੀਰ ਸਿੰਘ ਸ਼ਾਹੂ, ਭਾਗਿੰਦਰ ਸਿੰਘ ਘੜੀਸਾਜ, ਗੁਰਦੁਆਰਾ ਬੋਰਡ ਪ੍ਰਧਾਨ ਗੁਰਵਿੰਦਰ ਸਿੰਘ ਵਾਧਵਾ, ਸਰਦਾਰ ਡੀ.ਪੀ ਸਿੰਘ, ਸੁਖਵਿੰਦਰ ਸਿੰਘ ਹੁੰਦਲ, ਗੁਰਮੀਤ ਸਿੰਘ ਬੇਦੀ ਅਤੇ ਹੋਰਾਂ ਸੇਵਾਦਾਰਾਂ ਨੇ ਹਸਪਤਾਲ ਪਹੁੰਚ ਕੇ ਬਾਬਾ ਜੀ ਦੇ ਅੰਤਮ ਦਰਸ਼ਨ ਕੀਤੇ।ਬਾਬਾ ਜੀ ਦੀ ਦੇਹ ਗੁਰਦੁਆਰਾ ਮਾਤਾ ਸਾਹਿਬ ਦੇਵਾ ਦੇ ਦੀਵਾਨ ਹਾਲ ‘ਚ ਦਰਸ਼ਨਾਂ ਲਈ ਰੱਖੀ ਗਈ ਹੈ।
ਗੁ. ਮਾਤਾ ਸਾਹਿਬ ਦੇਵਾ ਤੋਂ ਤਖਤ ਸਚਖੰਡ ਸ਼੍ਰੀ ਹਜੁਰ ਸਾਹਿਬ ਪਹੁੰਚਣ ‘ਤੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਅਤੇ ਪੰਜ ਪਿਆਰੇ ਸੰਤ ਬਾਬਾ ਪ੍ਰੇਮ ਸਿੰਘ ਦੀ ਦੇਹ ‘ਤੇ ਸਿਰੋਪਾਓ ਭੇਟ ਕਰਨਗੇ।ਅੰਤਿਮ ਯਾਤਰਾ ਇਥੋਂ ਚੱਲ ਕੇ ਭਗਤ ਸਿੰਘ ਮਾਰਗ, ਅਬਚਲ ਨਗਰ, ਬਾਫਨਾ ਚੌਕ, ਦੇਗਲੂਰ ਨਾਕਾ, ਵਾਜੇਗਾਂਵ ਤੇ ਸ਼ਿਕਰ ਘਾਟ ਹੋ ਕੇ ਵਾਪਸ ਗੁਰਦੁਆਰਾ ਮਾਤਾ ਸਾਹਿਬ ਪਰਤੇਗੀ, ਜਿਥੇ ਹਜਾਰਾਂ ਸ਼ਰਧਾਲੁਆਂ ਦੀ ਹਾਜ਼ਰੀ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਮ੍ਰਿਤਕ ਦੇਹ ਦਾ ਧਾਰਮਿਕ ਮਰਿਆਦਾ ਅਨੁਸਾਰ ਅੰਤਿਮ ਸੰਸਕਾਰ ਕੀਤਾ ਜਾਵੇਗਾ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media