ਪੰਜਾਬੀ ਫਿਲਮਾਂ ਦੀਆਂ ਕਹਾਣੀਆਂ ਯਥਾਰਤ ਦੇ ਨੇੜੇ ਹੋ ਕੇ ਗੁਜਰਦੀਆਂ ਹਨ ਇਸ ਗੱਲ ਦਾ ਅੰਦਾਜ਼ਾ ਪੰਜਾਬੀ ਫਿਲਮ `ਤਾਰਾ ਮੀਰਾ ` ਤੋਂ ਲਾ ਸਕਦੇ ਹੋ। ਬਿਨਾਂ ਸ਼ੱਕ ਅੱਜ ਪੰਜਾਬ ਦੇ ਸਰਦਾਰ ਤਾਂ ਵਿਦੇਸ਼ਾਂ ਵਿੱਚ ਦਿਹਾੜੀਆਂ ਕਰਨ ਲਈ ਭੱਜੇ ਜਾ ਰਹੇ ਹਨ ਤੇ ਬਿਹਾਰੀ ਭਈਏ ਪੰਜਾਬ ਵਿੱਚ ਸਰਦਾਰੀਆਂ ਕਾਇਮ ਕਰ ਰਹੇ ਹਨ। `ਤਾਰਾ ਮੀਰਾ` ਫਿਲਮ ਦਾ ਸਬੰਧ ਖੇਤਾਂ ਵਿੱਚ ਪੈਦਾ ਹੋਣ ਵਾਲੀ `ਤਾਰਾ ਮੀਰਾ` ਫ਼ਸਲ ਨਾਲ ਨਹੀਂ ਬਲਕਿ ਇਹ ਤਾਂ ਫਿਲਮ ਦੀ ਨਾਇਕ ਅਤੇ ਨਾਇਕਾ ਦੇ ਨਾਂ ਅਧਾਰਿਤ ਹੈ ਜੋ ਇੱਕ ਦੂਜੇ ਨੂੰ ਪਿਆਰ ਕਰਦੇ ਹਨ।ਤਾਰਾ ਆਪਣੀ ਮੀਰਾ ਨੂੰ ਜਿਮੀਦਾਰ ਸਰਦਾਰਾਂ ਦੀ ਕੁੜੀ ਸਮਝਦਾ ਹੈ, ਜਦਕਿ ਉਹ ਪਰਵਾਸੀ ਭਈਆਂ ਤੋਂ ਸਰਦਾਰ ਬਣੇ ਪਰਿਵਾਰ ਦੀ ਕੁੜੀ ਹੈ, ਜੋ ਵਿਦੇਸ਼ ਗਏ ਸਰਦਾਰਾਂ ਦੀ ਕੋਠੀ ਵਿੱਚ ਰਹਿ ਰਹੇ ਹਨ। ਜਦਕਿ ਤਾਰਾ ਪਿੰਡ ਦੇ ਕਹਿੰਦੇ-ਕਹਿੰਦੇ ਸਰਦਾਰ ਦਾ ਮੁੰਡਾ ਹੈ ਜੋ ਬਿਹਾਰੀ ਭਈਆਂ ਦੇ ਸਖਤ ਖਿਲਾਫ਼ ਹੈ। ਇਸੇ ਭਰਮ ਭੁਲੇਖੇ ਵਿੱਚ ਇਹ ਫਿਲਮ ਇੱਕ ਨਵੀਂ ਕਹਾਣੀ ਅਤੇ ਕਾਮੇਡੀ ਦਾ ਮਾਹੌਲ ਸਿਰਜਦੀ ਹੈ।
ਰਣਜੀਤ ਬਾਵਾ ਨੇ ਪਹਿਲੀ ਵਾਰ ਆਪਣੀਆਂ ਪਹਿਲੀਆਂ ਫਿਲਮਾਂ ਤੋਂ ਬਹੁਤ ਹਟਕੇ ਕਿਰਦਾਰ ਨਿਭਾਇਆ ਹੈ। ਜਦਕਿ ਉਸ ਨਾਲ ਮੁੱਖ ਭੂਮਿਕਾ ਨਿਭਾਉਣ ਵਾਲੀ ਨਾਜ਼ੀਆਂ ਹੁਸੈਨ ਨੇ ਵੀ ਆਪਣੀਆਂ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਯੋਗਰਾਜ ਸਿੰਘ, ਸਵਿੰਦਰ ਮਾਹਲ, ਸੁਦੇਸ਼ ਲਹਿਰੀ ਅਨੀਤਾ ਦੇਵਗਣ, ਜੁਗਰਾਜ ਸਿੰਘ ਰਾਜੀਵ ਠਾਕੁਰ, ਅਸ਼ੋਕ ਪਾਠਕ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਨਿਰਦੇਸ਼ਨ ਰਾਜੀਵ ਢੀਂਗਰਾ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ਅਮਰਿੰਦਰ ਗਿੱਲ ਨਾਲ `ਲਵ ਪੰਜਾਬ` ਅਤੇ ਕਪਿਲ ਸ਼ਰਮਾ ਨਾਲ ਫਿਰੰਗੀ` ਫਿਲਮਾਂ ਦਾ ਨਿਰਦੇਸ਼ਨ ਦੇ ਚੁੱਕੇ ਹਨ।ਇਹ ਉਨਾਂ ਦੀ ਤੀਸਰੀ ਫਿਲਮ ਹੈ ਜਿਸ ਨਾਲ ਉਹ ਬਤੌਰ ਨਿਰਮਾਤਾ ਵੀ ਅੱਗੇ ਆਏ ਹਨ।ਗੁਰੂ ਰੰਧਾਵਾ, ਅਸ਼ੋਕ ਯਾਦਵ, ਜੋਤੀ ਸੇਖੋਂ ਅਤੇ ਸ਼ਿਲਪਾ ਸ਼ਰਮਾ ਰਾਜੀਵ ਢੀਂਗਰਾਂ ਵਲੋਂ ਨਿਰਮਾਣ ਕੀਤੀ ਇਸ ਫਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਰਾਜੀਵ ਨੇ ਹੀ ਲਿਖਿਆ ਹੈ ਅਤੇ ਡਾਇਲਾਗ ਧੀਰਜ ਰਤਨ ਨੇ ਲਿਖੇ ਹਨ।11 ਅਕਤੂਬਰ ਨੂੰ ਰਲੀਜ਼ ਹੋਈ ਇਸ ਫਿਲਮ ਦੀ ਕਹਾਣੀ ਮੌਜੂਦਾ ਸਿਨੇਮੇ ਤੋਂ ਬਹੁਤ ਹਟ ਕੇ ਇੱਕ ਨਿਵੇਕਲੇ ਵਿਸ਼ੇ ‘ਤੇ ਅਧਾਰਿਤ ਹੈ ਜੋ ਸਮਾਜ ਵਿੱਚੋਂ ਨਸਲੀ ਭੇਦ-ਭਾਵ ਤੋਂ ਉਪਰ ਉਠ ਕੇ ਸੱਚੇ ਪਿਆਰਾਂ ਦੀ ਗਵਾਹੀ ਭਰਦੀ ਕਾਮੇਡੀ ਭਰਪੂਰ ਰੁਮਾਂਟਿਕ ਫ਼ਿਲਮ ਹੈ।

ਹਰਜਿੰਦਰ ਸਿੰਘ ਜਵੰਦਾ
ਪਟਿਆਲਾ।
Punjab Post Daily Online Newspaper & Print Media