ਹਿੰਦੀ ਵਿਭਾਗ ਵੱਲੋਂ `ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿਖਿਆਵਾਂ ਦਾ ਵਿਸ਼ਵੀ ਸੰੰਦਰਭ` ਬਾਰੇ ਸੈਮੀਨਾਰ
ਅੰਮ੍ਰਿਤਸਰ, 25 ਅਕਤੂਬਰ (ਪੰਜਾਬ ੋਸਟ- ਸੁਖਬੀਰ ਸਿੰਘ ਖੁਰਮਣੀਆਂ) – ਵਿਸ਼ਵ ਭਾਈਚਾਰੇ, ਅਹਿੰਸਾ, ਸ਼ਾਂਤੀ ਅਤੇ ਅਮਰ ਮਾਨਵੀ ਕੀਮਤਾਂ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਤਿਕਾਰ ਇਸ ਗੱਲ ਵਿਚ ਹੀ ਸਭ ਤੋਂ ਵੱਧ ਹੈ ਕਿ ਅਸੀਂ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰੀਏ ਅਤੇ ਇਸ ਧਰਤੀ ਨੂੰ ਰਹਿਣ ਲਈ ਹੋਰ ਚੰਗਾ ਬਣਾਈਏ। ਗੁਰੂ ਜੀ ਦਾ ਸੰਦੇਸ਼ ਸਭ ਸਮਾਜਿਕ-ਸਭਿਆਚਾਰਕ, ਰਾਜਨੀਤਿਕ, ਧਾਰਮਿਕ, ਸਭਿਆਚਾਰਕ, ਨੈਤਿਕ ਅਤੇ ਨਸਲੀ ਰੋਕਾਂ ਨੂੰ ਪਾਰ ਕਰਕੇ ਇਕ ਚੰਗੀ ਸਭਿਅਤਾ ਪੈਦਾ ਕਰਨ ਦੇ ਸਮਰੱਥ ਹੋਣ ਦਾ ਸੁਨੇਹਾ ਦਿੰਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਲਿਟਰੇਚਰ ਸਟੱਡੀਜ਼ ਦੇ ਸਾਬਕਾ ਮੁਖੀ ਅਤੇ ਪ੍ਰਸਿੱਧ ਵਿਦਵਾਨ, ਪ੍ਰੋ. ਰਤਨ ਸਿੰਘ ਜੱਗੀ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ `ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿਖਿਆਵਾਂ ਦਾ ਵਿਸ਼ਵੀ ਸੰੰਦਰਭ` ਵਿਸ਼ੇ ਉਪਰ ਇਕ ਸੈਮੀਨਾਰ ਮੌਕੇ ਕੀਤਾ।
ਪ੍ਰੋ. ਜੱਗੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜਿਕ ਤੇ ਰਾਜਨੀਤਿਕ ਬੁਰਾਈਆਂ ਜਿਵੇਂ ਜਾਤੀਵਾਦ, ਊਚਨੀਚ, ਔਰਤ ਦੀ ਦੁਰਦਸ਼ਾ ਅਤੇ ਰਾਜਨੀਤਿਕ ਨਿਜ਼ਾਮ ਦੀਆਂ ਵਧੀਕੀਆਂ ਵਿਰੁੱਧ ਅਵਾਜ਼ ਉਠਾਈ।ਇਹ ਸੈਮੀਨਾਰ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਤਾ ਗਿਆ ਸੀ।ਯੂਨੀਵਰਸਿਟੀ ਦੇ ਫੈਕਲਟੀ ਡਿਵੈਲਪਮੈਂਟ ਸੈਂਟਰ ਵਿਖੇ ਕਰਵਾਏ ਇਸ ਸੈਮੀਨਾਰ ਵਿਚ ਪੰਡਿਤ ਮਦਨ ਮੋਹਨ ਮਾਲਵੀਆ ਰਾਸ਼ਟਰੀ ਸਿਖਿਆ ਮਿਸ਼ਨ, ਉਚੇਰੀ ਸਿਖਿਆ ਵਿਭਾਗ, ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ, ਭਾਰਤ ਸਰਕਾਰ ਦਾ ਸਹਿਯੋਗ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਸੀ।ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ 75 ਅਧਿਆਪਕਾਂ ਅਤੇ ਖੋਜਾਰਥੀਆਂ ਨੇ ਭਾਗ ਲਿਆ।
ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਡੀਨ ਅਕਾਦਮਿਕ ਮਾਮਲੇ, ਪ੍ਰੋ. ਐਸ.ਐਸ ਬਹਿਲ ਨੇ ਕੀਤੀ ਜਦੋਂ ਕਿ ਪ੍ਰਸਿੱਧ ਵਿਦਵਾਨ, ਪ੍ਰੋ. ਰਤਨ ਸਿੰਘ ਜੱਗੀ ਨੇ ਇਸ ਮੌਕੇ ਮੁੱਖ ਭਾਸ਼ਣ ਦਿੱਤਾ।ਹਿੰਦੀ ਦੇ ਪ੍ਰਸਿੱਧ ਵਿਦਵਾਨ ਅਤੇ ਭਾਸਾ ਚਿੰਤਕ ਪਾਂਡੇ ਸਸ਼ੀ ਭੂਸ਼ਣ ਸ਼ੀਤਾਂਸ਼ੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰੋ. ਰਤਨ ਸਿੰਘ ਜੱਗੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਬਾਣੀ ਵਿਸ਼ਵ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਯੁਗਪੁਰਸ਼ ਦੇ ਰੂਪ ਵਿਚ ਵਿਦਮਾਨ ਹਨ। ਉਨ੍ਹਾਂ ਕਿਹਾ ਕਿ ਅਜੋਕੇ ਮਾਹੌਲ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੌਜੁਆਨ ਪੀੜ੍ਹੀ ਨੂੰ ਸੇਧ ਦੇਣ ਵਾਲੀ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਗ੍ਰਹਿਸਥ ਵਿਚ ਰਹਿੰਦੇ ਹੋਏ ਮਾਨਵਤਾ ਦਾ ਕਲਿਆਣ ਕੀਤਾ।
ਪ੍ਰੋ. ਬਹਿਲ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਅਤੇ ਪੱਛਮ ਵਿਚ ਪੁਨਰਜਾਗਰਣ ਦੇ ਆਪਸੀ ਸਬੰਧਾਂ ਬਾਰੇ ਬੋਲਦਿਆਂ ਕਿਹਾ ਕਿ ਦੋਵਾਂ ਦਿਸ਼ਾਵਾਂ ਹੀ ਮਨੁੱਖ ਕੇਂਦਰਤ ਹਨ।ਉਨ੍ਹਾਂ ਕਿਹਾ ਕਿ ਪੁਨਰਜਾਗਰਣ ਦਾ ਸਬੰਧਤ ਸਭਿਆਚਾਰਕ ਕ੍ਰਾਂਤੀ ਨਾਲ ਹੈ ਅਤੇ ਗੁਰੂ ਜੀ ਦੀਆਂ ਸਿਖਿਆਵਾਂ ਅਧਿਆਤਮ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਨੂੰ ਇਕ ਸੁਰਤ ਦਿੱਤੀ ਜਿਸ ਵਿਚ ਉਹ ਵਾਧੂ ਕਾਰਜਾਂ ਨੂੰ ਸੰਕੋਚਦੇ ਹੋਏ ਵਿਵੇਕਪੂਰਨ ਢੰਗ ਨਾਲ ਸਹਿਜ ਵਿਚ ਆਪਣਾ ਜੀਵਨ ਜੀਅ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਗੁਰੂ ਜੀ ਦੇ ਕਲਿਆਣ ਮਾਰਗ ਨੂੰ ਵਿਸ਼ਵ ਦੇ ਹਰ ਕੋਨੇ ਵਿਚ ਪੁਚਾਉਣ ਦਾ ਯਤਨ ਕਰੀਏ। ਗੁਰੂ ਨਾਨਕ ਦੇਵ ਜੀ ਦੀ ਇਸ ਸ਼ਤਾਬਦੀ ਨੂੰ ਮਨਾਉਣ ਹਿਤ ਯੂਨੀਵਰਸਿਟੀ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ।
ਪ੍ਰੋ. ਪਾਂਡੇ ਸਸ਼ੀ ਭੂਸ਼ਣ ਸ਼ੀਤਾਂਸ਼ੂ ਨੇ ਵਿਸ਼ਵ ਵਿਚ ਵਧ ਰਹੇ ਸੰਕੀਰਨਤਾਵਾਦ, ਰੂੜ੍ਹੀਵਾਦ, ਕੱਟੜਵਾਦ ਅਤੇ ਰੈਡੀਕਲਇਜ਼ਮ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਇਨ੍ਹਾਂ ਬੁਰਾਈਆਂ ਨੂੰ ਦੂਰ ਕਰਨ ਦੇ ਸਮਰੱਥ ਹੈ।ਮਨੁੱਖੀ ਨੈਤਿਕ ਵਿਵਹਾਰ ਵਿਚ ਆ ਰਹੀ ਗਿਰਾਵਟ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਅਸੀਂ ਸਾਡੇ ਮਹਾਨ ਗੁਰੂ ਦੇ ਦਿੱਤੇ ਸੰਦੇਸ਼ ਨੂੰ ਭੁੱਲ ਚੁੱਕੇ ਹਾਂ।ਉਨ੍ਹਾਂ ਕਿਹਾ ਕਿ ਗੁਰੂ ਜੀ ਸਿਰਫ ਇਕੋ ਹੀ ਧਰਮ ਦੇ ਗੁਰੂ ਨਹੀਂ ਸਨ ਸਗੋਂ ਉਹ ਜਗਤ-ਗੁਰੂ ਸਨ।ਹਰ ਧਰਮ ਜਾਤੀ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਗੁਰੂ ਮੰਨਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਬਾਣੀ `ਤੇ ਕਿਸੇ ਵੀ ਜਾਤੀ ਤੇ ਧਰਮ ਦਾ ਅਧਿਕਾਰ ਨਹੀਂ ਹੈ ਸਗੋਂ ਉਹ ਸਰਵਵਿਆਪੀ ਹੈ।
ਪ੍ਰੋ. ਜੈ ਪ੍ਰਕਾਸ਼ ਨੇ ਕਿਹਾ ਕਿ ਜੇਕਰ ਅਸੀਂ ਗੁਰੂਾਂ, ਸੰਤਾਂ ਅਤੇ ਪੀਰਾਂ ਫਕੀਰਾਂ ਦੀ ਵਿਚਾਰਧਾਰਾ ਨੂੰ ਗ੍ਰਹਿਣ ਨਹੀਂ ਕਰਾਂਗੇ ਤਾਂ ਸਾਡੇ ਬੱਚੇ ਅਤੇ ਪਰਿਵਾਰ ਰਿਸ਼ਤਿਆਂ ਵਿਚ ਨਹੀਂ ਬੱਝ ਸਕਣਗੇ। ਪ੍ਰੌ. ਇੰਦੂ ਵਿਰੇਂਦਰ ਨੇ ਕਿਹਾ ਕਿ ਜੇਕਰ ਗੁਰੂ ਜੀ ਦੀ ਬਾਣੀ ਦਾ ਕੁੱਝ ਹਿੱਸਾ ਵੀ ਅਸੀਂ ਗ੍ਰਹਿਣ ਕਰਕੇ ਅਮਲ ਕਰ ਸਕੀਏ ਤਾਂ ਅਸੀਂ ਉਤਮ ਇਨਸਾਨ ਬਣ ਸਕਣੇ ਹਾਂ।ਪੋ੍ਰ. ਐਸ.ਐਸ ਨਾਰੰਗ ਨੇ ਕਿਹਾ ਕਿ ਅਜੋਕੇ ਮਾਹੌਲ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਦੀ ਬਹੁਤ ਲੋੜ ਹੈ।
ਸੈਮੀਨਾਰ ਦੇ ਕੋਆਰਡੀਨੇਟਰ ਅਤੇ ਹਿੰਦੀ ਵਿਭਾਗ ਦੇ ਮੁੱਖੀ ਪ੍ਰੋ. ਸੁਧਾ ਜਤਿੰਦਰ ਨੇ ਕਿਹਾ ਕਿ ਆਪੇ ਦੀ ਪਛਾਣ ਲਈ ਗੁਰੂ ਜੀ ਦੀਆਂ ਸਿਖਿਆਵਾਂ ਅਤੇ ਜੀਵਨ ਸ਼ੈਲੀ ਨੂੰ ਆਪਣੇ ਜੀਵਨ ਵਿਚ ਢਾਲਣਾ ਚਾਹੀਦਾ ਹੈ।ਇਸ ਤੋਂ ਪਹਿਲਾਂ ਫੈਕਲਟੀ ਡਿਵੈਲਪਮੈਂਟ ਸੈਂਟਰ ਦੇ ਪ੍ਰੋਜੈਕਟ ਕੋਆਰਡੀਨੇਟਰ, ਪ੍ਰੋ. ਆਦਰਸ਼ ਪਾਲ ਵਿਗ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਪ੍ਰੋ. ਵਿਨੋਦ ਕੁਮਾਰ ਤਨੇਜਾ, ਡਾ. ਮੋਹਨ ਕੁਮਾਰ, ਪ੍ਰੋਫੈਸਰ, ਸੁਖਵਿੰਦਰ ਕੌਰ ਬਾਠ, ਪ੍ਰੋ. ਰਵੀ ਕੁਮਾਰ ਅਨੂ ਤੋਂ ਇਲਾਵਾ ਹੋਰ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।ਅੰਤ `ਚ ਸਾਰਿਆਂ ਨੇ ਰਲ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕੀਤਾ।