ਰਾਹਤ ਸਮਗਰੀ ਵਿਚ ਭਾਰੀ ਯੋਗਦਾਨ ਪਾਉਣ ਵਾਲਾ ਪਹਿਲਾ ਹਲਕਾ ਬਣਿਆ ਮਜੀਠਾ
ਪੰਜਾਬ ਸਰਕਾਰ ਵੱਲੋਂ ਹੜ ਪੀੜਤਾਂ ਦੀ ਮਦਦ ਲਈ ਜਾਇਜ਼ਾ ਲੈਣ ਲਈ ਸ੍ਰੀਨਗਰ ਜਾਣਗੇ ਸ. ਮਜੀਠੀਆ
ਮਜੀਠਾ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਜੰਮੂ-ਕਸ਼ਮੀਰ ਹੜ ਪੀੜਤਾਂ ਦੀ ਮਦਦ ਲਈ ਹਲਕਾ ਪੱਧਰ ‘ਤੇ ਪਹਿਲਕਦਮੀ ਕਰਦੇ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਆਪਣੇ ਹਲਕੇ ਮਜੀਠਾ ਤੋਂ ਹੜ ਪੀੜਤਾਂ ਦੀ ਮਦਦ ਲਈ ਰਾਹਤ ਸਮਗਰੀ ਨਾਲ ਭਰੇ 12 ਟਰੱਕਾਂ ਦੇ ਕਾਫਲੇ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਰਾਹਤ ਸਮਗਰੀ ਰਵਾਨਾ ਕਰਨ ਮੌਕੇ ਸੰਬੋਧਨ ਕਰਦੇ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੁਦਰਤੀ ਆਫਤਾਂ ਦੇ ਨਾਲ-ਨਾਲ ਹਰ ਔਖੇ ਸਮੇਂ ਦੂਸਰਿਆਂ ਦੀ ਮਦਦ ਕਰਨੀ ਪੰਜਾਬੀਆਂ ਦੇ ਹੀ ਹਿੱਸੇ ਆਈ ਹੈ। ਉਹਨਾਂ ਕਿਹਾ ਕਿ ਕਿ ਮੈਨੂੰ ਇਸ ਗੱਲ ਦੀ ਤਸੱਲੀ ਹੈ ਅੱਜ ਦੀ ਰਾਹਤ ਸਮਗਰੀ ਭੇਜ ਕੇ ਜਿੱਥੇ ਪੰਜਾਬੀਆਂ ਨੇ ਇੰਨਸਾਨੀਅਤ ਦਾ ਫਰਜ਼ ਨਿਭਾਇਆ ਹੈ, ਉਥੇ ਰਾਸ਼ਟਰੀ ਏਕਤਾ ਤੇ ਅਖੰਡਤਾ ਦੀ ਮਜ਼ਬੂਤੀ ਵੱਲ ਵੀ ਕਦਮ ਚੁੱਕਿਆ ਹੈ।
ਉਨਾਂ ਦੱਸਿਆ ਕਿ ਉਹ ਖੁਦ ਜਲਦੀ ਹੀ ਸ੍ਰੀਨਗਰ ਰਵਾਨਾ ਹੋਣਗੇ, ਜਿੱਥੇ ਉਹ ਪੰਜਾਬ ਸਰਕਾਰ ਵੱਲੋਂ ਹੜ ਪੀੜਤਾਂ ਦੀਆਂ ਲੋੜਾਂ ਦਾ ਜਾਇਜ਼ਾ ਲੈ ਕੇ ਪੰਜਾਬ ਸਰਕਾਰ ਨੂੰ ਰਿਪੋਰਟ ਕਰਨਗੇ, ਤਾਂ ਕਿ ਸਰਕਾਰ ਵੱਲੋਂ ਕਸ਼ਮੀਰੀ ਲੋਕਾਂ ਦੀ ਮਦਦ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਇਸ ਰਾਹਤ ਸਮਗਰੀ ਵਿਚ ਹਲਕੇ ਦੇ ਹਰੇਕ ਵਾਸੀ ਤੋਂ ਇਲਾਵਾ ਅੰਮ੍ਰਿਤਸਰ ਦੇ ਉਘੇ ਕਾਰੋਬਾਰੀ ਹਸਤੀਆਂ ਤੇ ਸੰਸਥਾਵਾਂ, ਜਿੰਨਾਂ ਵਿਚ ਖੰਨਾ ਪੇਪਰ ਮਿਲ, ਸਪਰਿੰਗ ਡੇਲ ਐਜੂਕੇਸ਼ਨ ਸੁਸਾਇਟੀ, ਸ੍ਰੀ ਕੋਚਰ, ਰਾਈਸ ਐਸੋਸੀਏਸ਼ਨ, ਅੰਮ੍ਰਿਤਸਰ ਸਵਦੇਸ਼ੀ, ਇੰਡੋ-ਪਾਕਿ ਐਕਸਪੋਰਟਰ ਐਸੋਸੀਅਸ਼ਨ, ਰਾਜਪਾਲ ਉਪਲ, ਕਮਲ ਡਾਲੀਮਾ, ਰਾਹੁਲ ਸੇਠ, ਬੀ ਕੇ ਬਜਾਜ, ਡਾ. ਅਤੁਲ ਕਪੂਰ, ਤਰੁਨ ਸਿੰਘ, ਬੌਬੀ ਸ਼ਾਹ, ਬਿਮਲ ਗੁਪਤਾ, ਰਾਕੇਸ਼ ਮਹਿਰਾ, ਨਵਲ ਕਪੂਰ, ਸੰਜੈ ਖੰਨਾ, ਮੋਹਿਤ ਖੰਨਾ ਤੋਂ ਇਲਾਵਾ ਬਾਬਾ ਅਜੈਬ ਸਿੰਘ ਕਾਰਸੇਵਾ ਟਾਹਲੀ ਸਾਹਿਬ ਵਾਲਿਆਂ ਨੇ ਵਿਸ਼ੇੇਸ਼ ਤੌਰ ‘ਤੇ ਯੋਗਦਾਨ ਪਾਇਆ। ਸ. ਮਜੀਠੀਆ ਨੇ ਇਸ ਰਾਹਤ ਸਮਗਰੀ ਵਿਚ ਹਿੱਸਾ ਪਾਉਣ ਵਾਲੇ ਹਲਕਾ ਮਜੀਠਾ ਦੇ ਵਾਸੀਆਂ, ਮੋਹਤਬਰਾਂ ਅਤੇ ਅੰਮ੍ਰਿਤਸਰ ਦੇ ਕਾਰੋਬਾਰੀਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਇਸ ਰਾਹਤ ਸਮਗਰੀ ਵਿਚ ਆਟਾ, ਚੌਲ, ਖੰਡ, ਕੱਪੜੇ, ਬਿਸਤਰੇ, ਦਵਾਈਆਂ, ਪੀਣ ਵਾਲਾ ਪਾਣੀ, ਸ਼ਾਲ, ਕੰਬਲ ਆਦਿ ਸ਼ਾਮਿਲ ਹਨ, ਜੋ ਕਿ ਲੋੜਵੰਦ ਤੱਕ ਪਹੁੰਚਾਏ ਜਾਣਗੇ।
ਉਨਾਂ ਕਿਹਾ ਕਿ 50 ਲੱਖ ਦੇ ਕਰੀਬ ਇਹ ਰਾਹਤ ਸਮਗਰੀ ਭੇਜ ਕੇ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਮਜੀਠਾ ਪੰਜਾਬ ਦਾ ਪਹਿਲਾ ਹਲਕਾ ਬਣ ਗਿਆ ਹੈ। ਉਨਾਂ ਕਿਹਾ ਕਿ ਜਿਸ ਤਰਾਂ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਕਰਨ, ਹਰੀ ਕ੍ਰਾਂਤੀ ਸਦਕਾ ਦੇਸ਼ ਦੇ ਅਨਾਜ ਭੰਡਾਰ ਭਰਨ ਵਿਚ ਪੰਜਾਬੀਆਂ ਨੇ ਦੇਸ਼ ਦੀ ਅਗਵਾਈ ਕੀਤੀ ਸੀ, ਉਸੇ ਤਰਾਂ ਇਸ ਕੁਦਰਤੀ ਸੰਕਟ ਵਿਚ ਦੇਸ਼ ਨਾਲ ਖੜ ਕੇ ਪੰਜਾਬ ਨੇ ਲਾਮਿਸਾਲ ਦਰਿਆ ਦਿਲੀ ਦਾ ਸਬੂਤ ਦਿੱਤਾ ਹੈ। ਉਨਾਂ ਕਿਹਾ ਕਿ ਇਹ ਰਾਹਤ ਸਮਗਰੀ ਸ੍ਰੀਨਗਰ ਦੇ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਵਿਖੇ ਪਹੁੰਚੇਗੀ, ਜਿਥੇ ਮੇਜਰ ਸ਼ਿਵਚਰਨ ਸਿੰਘ ਦੀ ਅਗਵਾਈ ਹੇਠ ਅੰਮ੍ਰਿਤਸਰ ਅਤੇ ਮਜੀਠਾ ਦੇ ਵਲੰਟੀਅਰ ਇਸ ਰਾਹਤ ਸਮਗਰੀ ਨੂੰ ਲੋੜਵੰਦਾਂ ਤੱਕ ਪੁੱਜਦੀ ਕਰਨ ਤੱਕ ਉਥੇ ਮੌਜੂਦ ਰਹਿਣਗੇ।
ਇਸ ਮੌਕੇ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ, ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ, ਵਿਰਸਾ ਸਿੰਘ ਵਲਟੋਹਾ ਅਤੇ ਹਰਮੀਤ ਸਿੰਘ ਸੰਧੂ, ਸਾਬਕਾ ਸਾਂਸਦ ਰਾਜਮਹਿੰਦਰ ਸਿੰਘ ਮਜੀਠਾ, ਵਿਧਾਇਕ ਮਨਜੀਤ ਸਿੰਘ ਮੰਨਾ ਤੇ ਬਲਜੀਤ ਸਿੰਘ ਜਲਾਲਉਸਮਾ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਐਸ ਐਸ ਪੀ ਜਸਦੀਪ ਸਿੰਘ, ਸਾਬਕਾ ਵਿਧਾਇਕ ਮਲਕੀਤ ਸਿੰਘ ਏ. ਆਰ, ਚੇਅਰਮੈਨ ਵੀਰ ਸਿੰਘ ਲੋਪੋਕੇ, ਤਲਬੀਰ ਸਿੰਘ ਗਿੱਲ, ਨਵਦੀਪ ਸਿੰਘ ਗੋਲਡੀ, ਮੈਂਬਰ ਸ੍ਰੋਮਣੀ ਕਮੇਟੀ ਜੋਧ ਸਿੰਘ ਸਮਰਾ ਤੇ ਭਗਵੰਤ ਸਿੰਘ ਸਿਆਲਕਾ, ਮੀਡੀਆ ਇੰਚਾਰਜ ਸੁਖਦੀਪ ਸਿੰਘ ਸਿੱਧੂ ਤੇ ਸਰਚਾਂਦ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ, ਹਰਵਿੰਦਰ ਸਿੰਘ ਪੱਪੂ, ਹਰਭਜਨ ਸਿੰਘ ਸੁਪਾਰੀਵਿੰਡ, ਜਗਰੂਪ ਸਿੰਘ ਚੰਦੀ, ਤਰਸੇਮ ਸਿੰਘ ਸਿਆਲਕਾ, ਬੱਬੀ ਭੰਗਵਾਂ, ਸੁਖਵਿੰਦਰ ਸਿੰਘ ਗੋਲਡੀ, ਰਾਕੇਸ਼ ਪਰਾਸ਼ਰ, ਸਰਬਜੀਤ ਸਿੰਘ ਬਾਬੋਵਾਲ, ਹੈਪੀ ਮੂਧਲ, ਜਸਪਾਲ ਸਿੰਘ ਤੇਗਾ, ਸਲਵੰਤ ਸਿੰਘ ਸੇਠ, ਸੁਰਿੰਦਰਪਾਲ ਗੋਕਲ, ਰੇਸ਼ਮ ਸਿੰਘ ਭੁੱਲਰ, ਬੀਬੀ ਧਰਮ ਕੌਰ ਮਹਿਮੂਦਪੁਰ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।