ਸਾਰੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਗੱਲ ਵੀ ਆਖੀ
ਲਹਿਰਾਗਾਗਾ /ਲੌਂਗੋਵਾਲ, 18 ਨਵੰਬਰ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ
ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਰਾਜ ਕੁਮਾਰ ਵੇਰਕਾ ਚੇਅਰਮੈਨ ਪੰਜਾਬ ਵੇਅਰਹਾੳੂਸਿੰਗ ਕਾਰਪੋਰੇਸ਼ਨ (ਕੈਬਨਿਟ ਮੰਤਰੀ ਰੈਂਕ) ਪਿੰਡ ਚੰਗਾਲੀਵਾਲ ਵਿਖੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਅਤੇ ਐਲਾਨ ਕੀਤਾ ਕਿ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਣ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਪੀੜਤ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਤੇ ਪਰਿਵਾਰ ਨੂੰ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ ਅਤੇ ਬੱਚਿਆਂ ਦੀ ਪੜਾਈ ਦਾ ਖਰਚਾ ਚੁੱਕਿਆ ਜਾਵੇਗਾ।ਸਰਕਾਰ ਵਲੋਂ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਲਈ ਵੀ ਕਦਮ ਚੁੱਕੇ ਜਾਣਗੇ।ਵੇਰਕਾ ਨੇ ਸੀਨੀਅਰ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਵਿਧਾਇਕ ਰਾਜ ਕੁਮਾਰ ਚੱਬੇਵਾਲ ਨਾਲ ਪਿੰਡ ਚੰਗਾਲੀਵਾਲ ਪਹੁੰਚ ਕੇ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਤੇ ਆਖਿਆ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇਗੀ।
ਇਸ ਤੋਂ ਪਹਿਲਾਂ ਸਰਕਟ ਹਾੳੂਸ ਪੁੱਜੇ ਡਾ. ਰਾਜ ਕੁਮਾਰ ਵੇਰਕਾ ਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਆਈ.ਜੀ ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਤੇ ਐਸ.ਐਸ.ਪੀ ਸੰਦੀਪ ਗਰਗ ਨਾਲ ਮੀਟਿੰਗ ਕੀਤੀ ਗਈ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ।ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ ਤੇ ਰਾਜ ਕੁਮਾਰ ਚੱਬੇਵਾਲ (ਐਸ.ਸੀ/ਐਸ.ਟੀ/ਬੀ.ਸੀ ਭਲਾਈ ਕਮੇਟੀ ਦੇ ਮੈਂਬਰ) ਵੀ ਹਾਜ਼ਰ ਸਨ।
ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਰਾਜ ਕੁਮਾਰ ਵੇਰਕਾ ਨੇ ਆਖਿਆ ਕਿ ਮੀਟਿੰਗ ਵਿਚ ਸਾਰੇ ਮਾਮਲੇ ਦੀ ਰਿਪੋਰਟ ਲਈ ਗਈ ਹੈ।ਉਨਾਂ ਕਿਹਾ ਕਿ ਪਰਿਵਾਰ ਨਾਲ ਵੀ ਰਾਬਤਾ ਬਣਾਇਆ ਗਿਆ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ ਹਨ ਕਿ ਇਸ ਮਾਮਲੇ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਤੇ ਇਸ ਵਾਸਤੇ ਸਾਰੇ ਅਧਿਕਾਰੀ ਆਪੋ ਆਪਣੀ ਜ਼ਿੰਮੇਵਾਰ ਨਿਭਾਅ ਰਹੇ ਹਨ ਤੇ ਪੀੜਤ ਪਰਿਵਾਰ ਨੂੰ ਐਸਸੀ/ਐਸਟੀ ਐਕਟ ਤਹਿਤ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਪ੍ਰਤੀ ਪੂਰੀ ਗੰਭੀਰ ਹੈ ਅਤੇ ਕਿਸੇ ਤੇ ਵੀ ਅਜਿਹਾ ਜੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨਾਂ ਕਿਹਾ ਕਿ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਵੀ ਪਰਿਵਾਰ ਦੀਆਂ ਅਹਿਮ ਮੰਗਾਂ ਦੀ ਪੂਰਤੀ ਲਈ ਮੁੱਖ ਮੰਤਰੀ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ ਤਾਂ ਜੋ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਹੋ ਸਕੇ। ਆਈਜੀ ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ ਨੇ ਆਖਿਆ ਕਿ ਪੁਲੀਸ ਵਲੋਂ ਇਸ ਮਾਮਲੇ ਵਿਚ ਦਰੁਸਤ ਕਾਰਵਾਈ ਕੀਤੀ ਗਈ ਹੈ ਤੇ ਅਗਲੀ ਪ੍ਰਕਿਰਿਆ ਵੀ ਜਾਰੀ ਹੈ ਤੇ ਪੀੜਤ ਪਰਿਵਾਰ ਪੁਲੀਸ ਕਾਰਵਾਈ ਤੋਂ ਪੂਰੀ ਤਰਾਂ ਸੰਤੁਸ਼ਟ ਹੈ।
ਮੀਟਿੰਗ ਤੋਂ ਪਹਿਲਾਂ ਵੇਰਕਾ ਨੇ ਆਖਿਆ ਕਿ ਚੰੰਗਾਲੀਵਾਲ ਦੇ ਦਲਿਤ ਨੌਜਵਾਨ ’ਤੇ ਤਸ਼ੱਦਦ ਦੀ ਘਟਨਾ ਬਹੁਤ ਗੰਭੀਰ ਹੈ ਤੇ ਉਹ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਪੈਰਵੀ ਕਰਨਗੇ ਤੇ ਉਹ ਚੀਫ ਜਸਟਿਸ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨਾਲ ਮੁਲਾਕਾਤ ਕਰਨਗੇ ਤੇ ਪੀੜਤ ਪਰਿਵਾਰ ਨੂੰ ਹਰ ਪੱਖੋਂ ਇਨਸਾਫ ਦਿਵਾਇਆ ਜਾਵੇਗਾ। ਉਨਾਂ ਆਖਿਆ ਕਿ ਅੱਜ ਸਥਿਤੀ ਦਾ ਜਾਇਜ਼ਾ ਲੈ ਕੇ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਜਾ ਰਹੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਬੱਤਰਾ, ਸਹਾਇਕ ਕਮਿਸ਼ਨਰ ਚਰਨਜੀਤ ਸਿੰਘ, ਡੀਐਸਪੀ ਮਨਜੀਤ ਸਿੰਘ ਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਫਸਰ ਮੁਕੁਲ ਬਾਵਾ ਵੀ ਹਾਜ਼ਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media