ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅਜਾਦੀ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਦੀ ਦਮ ਤੋੜ ਰਹੀ ਪੇਚ ਇੰਡਸਟਰੀ ਦਾ ਮੁੱਦਾ ਸੰਸਦ ਵਿੱਚ ਉਠਾਉਂਦਿਆਂ ਕੇਂਦਰ ਸਰਕਾਰ ਤੋਂ ਵਿਸੇਸ਼ ਪੈਕੇਜ/ਰਾਹਤ ਦੀ ਮੰਗ ਕੀਤੀ ਹੈ।
ਲੋਕ ਸਭਾ ਵਿੱਚ ਬੋਲਦਿਆਂ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਅਜਾਦੀ ਤੋਂ ਬਾਅਦ 500 ਤੋਂ ਲੈ ਕੇ 600 ਦੇ ਕਰੀਬ ਪੇਚ ਇੰਡਸਟਰੀ ਲੱਗੀ ਹੋਈ ਸੀ ਅਤੇ ਅੰਮ੍ਰਿਤਸਰ ਪੇਚ ਇੰਡਸਟਰੀ ਦੇ ਹੱਬ ਵਜੋਂ ਜਾਣਿਆ ਜਾਂਦਾ ਸੀ ਅਤੇ ਇਹਨਾਂ ਕਾਰਖਾਨਿਆਂ ਵਿੱਚ ਹਜਾਰਾਂ ਲੋਕ ਕੰਮ ਕਰਕੇ ਆਪਣੇ ਪਰਿਵਾਰ ਦੀ ਪਾਲਣਾ ਕਰਦੇ ਸਨ।ਪਰ ਚਾਈਨਾ ਵਲੋਂ ਸਪਲਾਈ ਕੀਤੇ ਪੇਚਾਂ ਨੇ ਅੰਮ੍ਰਿਤਸਰ ਦੀ ਪੇਚ ਇੰਡਸਟਰੀ ਦਾ ਲੱਕ ਤੋੜ ਦਿਤਾ ਕਿਉਂਕਿ ਚਾਈਨਾ ਵਿੱਚ ਜਿਥੇ ਕੱਚਾ ਮਾਲ ਤੇ ਮਜ਼ਦੂਰੀ ਸਸਤੀ ਹੈ, ਉਥੇ ਹੀ ਚਾਈਨਾ ਸਰਕਾਰ ਵਲੋਂ ਪੇਚ ਇੰਡਸਟਰੀ ਨੂੰ ਵਿਸੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।ਪਰ ਭਾਰਤ ਵਿੱਚ ਕੱਚਾ ਮਾਲ ਬਹੁਤ ਮਹਿੰਗਾ ਹੈ ਜਿਸ ਲਈ ਕੇਂਦਰ ਸਰਕਾਰ ਨੇ ਪੇਚ ਇੰਡਸਟਰੀ ਨੂੰ ਬਾਹਰਲੇ ਦੇਸ਼ਾਂ ਤੋਂ ਕੱਚਾ ਮਾਲ ਆਯਾਤ ਕਰਨ ਲਈ ਇਜਾਜਤ ਦਿੱਤੀ ਗਈ ਸੀ ਪਰ ਵੱਡੇ ਕਾਰਖਾਨੇਦਾਰਾਂ ਨੇ ਸਰਕਾਰ ‘ਤੇ ਦਬਾਅ ਬਣਾ ਕੇ ਬਾਹਰਲੇ ਦੇਸ਼ਾਂ ਤੋਂ ਮਾਲ ਆਯਾਤ ਕਰਨ ਦੀ ਨੀਤੀ ਨੂੰ ਰੱਦ ਕਰਵਾ ਦਿੱਤਾ।
ਕੇਂਦਰ ਸਰਕਾਰ ਵਲੋਂ 2016 ਵਿੱਚ ‘ਮੇਕ ਇੰਨ ਇੰਡੀਆ’ ਦਾ ਨਾਅਰਾ ਦਿਤਾ ਸੀ ਜਿਸ ਨਾਲ ਅੰਮ੍ਰਿਤਸਰ ਦੀ ਪੇਚ ਇੰਡਸਟਰੀ ਨੂੰ ਦੁਬਾਰਾ ਆਸ ਬੱਝੀ ਕਿ ਉਹ ਦੁਬਾਰਾ ਕੰਮ ਕਰ ਸ਼ੁਰੂ ਕਰ ਸਕਦੀ ਹੈ।ਪਰ ਇਹ ਆਸ ਵੀ ਉਸ ਵੇਲੇ ਨਿਰਾਸ਼ਾ ਵਿੱਚ ਬਦਲ ਗਈ ਜਦ ਕੇਂਦਰ ਸਰਕਾਰ ਨੇ ਇੰਡਸਟਰੀ ਦੇ ਚੈਪਟਰ 83 ਅਧੀਨ ਬਣਦੇ ਮਾਲ ‘ਤੇ ਜੀ.ਐਸ.ਟੀ 6.05 ਪ੍ਰਤੀਸ਼ਤ ਤੋਂ ਵਧਾ ਕੇ 18 ਪ੍ਰਤੀਸ਼ਤ ਕਰ ਦਿੱਤਾ।ਔਜਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਜਾਦੀ ਤੋਂ ਬਾਅਦ ਦੇਸ਼ ਨੂੰ ਪੇਚ ਸਪਲਾਈ ਕਰਨ ਵਾਲੀ ਅੰਮ੍ਰਿਤਸਰ ਦੀ ਇੰਡਸਟਰੀ ਨੂੰ ਬਚਾਉਣ ਲਈ ਚਾਈਨਾ ਤੋਂ ਆਯਾਤ ਕੀਤੇ ਜਾਣ ਵਾਲੇ ਪੇਚਾਂ ‘ਤੇ ਰੋਕ ਲਗਾਈ ਜਾਵੇ ਜਾਂ ਫਿਰ ਉਸ ‘ਤੇ ਕਸਟਮ ਡਿਊਟੀ ਵਧਾਈ ਜਾਵੇ।ਔਜਲਾ ਨੇ ਮੰਗ ਕੀਤੀ ਕਿ ਅੰਮ੍ਰਿਤਸਰ ਦੀ ਇੰਡਸਟਰੀ ਨੂੰ ਬਚਾਉਣ ਲਈ ਪੇਚ ਇੰਡਸਟਰੀ ਦੀ ਚੈਪਟਰ 83 ਦੀਆਂ ਆਈਟਮਾਂ ‘ਤੇ ਲਗਾਏ ਜਾਣ ਵਾਲੇ ਜੀ.ਐਸ.ਟੀ ਨੂੰ 18 ਪ੍ਰਤੀਸ਼ਤ ਤੋਂ ਘਟਾ ਕੇ 5 ਪ੍ਰਤੀਸ਼ਤ ਕੀਤਾ ਜਾਵੇ।
ਦੱਸਣਯੋਗ ਹੈ ਕਿ ਅਜਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦ ਦੇਸ਼ ਦੀ ਸੰਸਦ ਵਿੱਚ ਕਿਸੇ ਨੇ ਅੰਮ੍ਰਿਤਸਰ ਦੀ ਪੇਚ ਇੰਡਸਟਰੀ ਦੀਆਂ ਮੁਸ਼ਕਿਲਾਂ ਦਾ ਮੁੱਦਾ ਨੂੰ ਉਠਾਇਆ ਹੈ।
Check Also
ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …