ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਰਤ ਸਰਕਾਰ ਵੱਲੋਂ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਚੁੱਕੇ ਜਾ ਰਹੇ ਵੱਖ
ਵੱਖ ਕਦਮਾਂ ਦੀ ਸ਼ਲਾਘਾ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਜੇ ਰਹਿੰਦੇ ਸਮੇਂ ਦੇ ਵਿਚ ਅਸੀਂ ਵਾਤਾਵਰਣ ਨੂੰ ਮਨੁੱਖ ਦੇ ਰਹਿਣਯੋਗ ਨਾ ਬਣਾਇਆ ਤਾਂ ਮਨੁੱਖਤਾ ਦੀ ਹੋਂਦ ਨੂੰ ਖਤਰਾ ਪੈਦਾ ਹੋ ਸਕਦਾ ਹੈ। ਉਹ ਅੱਜ ਯੂ.ਜੀ.ਸੀ ੴਹਟਟਪ://ਣੁ.ਜ.ਿਸ/ਿ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵਿਖੇ ਸ਼ੁਰੂ ਹੋਏ ਵਾਤਾਵਰਣ ਵਿਗਿਆਨ ਦੇ ਦੋ ਹਫਤਿਆਂ ਦੇ ਚੱਲਣ ਵਾਲੇ ਰਿਫਰੈਸ਼ਰ ਕੋਰਸ ਦੇ ਉਦਘਾਟਨੀ ਸਮਾਰੋਹ ਸਮੇਂ ਮੁੱਖ ਮਹਿਮਾਨ ਦੇ ਤੌਰ `ਤੇ ਹਾਜ਼ਰ ਹੋਏ ਸਨ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਦੇਸ਼ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਪੁੱਜੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਵਾਤਾਵਰਣ ਵਿਗਿਆਨ ਦੇ ਵਿਸ਼ੇ ਨੂੰ ਮਨੁੱਖੀ ਜੀਵਨ ਨਾਲ ਜੋੜ ਕੇ ਅਤੀ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋ ਹਫਤਿਆਂ ਵਿਚ ਉਨ੍ਹਾਂ ਨੂੰ ਵਾਤਾਵਰਣ ਨਾਲ ਸਬੰਧਤ ਪੈਦਾ ਹੋ ਰਹੀਆਂ ਵੱਖ ਵੱਖ ਸਮੱਸਿਆਵਾਂ ਨੂੰ ਬਰੀਕੀ ਨਾਲ ਜਾਨਣ ਦਾ ਮੌਕਾ ਮਿਲੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਕੋਰਸ ਤੋਂ ਬਾਅਦ ਉਹ ਜਦੋਂ ਆਪਣੇ ਖੇਤਰ ਵਿਚ ਜਾ ਕੇ ਵਿਦਿਆਰਥੀਆਂ ਅਤੇ ਸਹਿਯੋਗੀਆਂ ਵਿਚ ਨਵੀਂ ਵਿਗਿਆਨਕ ਦ੍ਰਿਸ਼ਟੀ ਤੋਂ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨਗੇ ਤਾਂ ਵਾਤਾਵਰਣ ਵਿਚ ਸੁਧਾਰ ਆਵੇਗਾ। ਉਨ੍ਹਾਂ ਕਿਹਾ ਕਿ ਵਾਤਵਰਣ ਪ੍ਰਤੀ ਜਾਗਰੂਕਤਾ ਹੇਠ ਪੱਧਰ `ਤੇ ਪੈਦਾ ਕਰਨ ਦੀ ਓਨੀ ਹੀ ਜ਼ਰੂਰਤ ਹੈ ਜਿੰਨੀ ਵਿਸ਼ਵ ਪੱਧਰ `ਤੇ ਵੱਡੀਆਂ ਸੰਸਥਾਵਾਂ ਇਸ ਸਮੱਸਿਆ `ਤੇ ਕੰਮ ਕਰ ਰਹੀਆਂ ਹਨ।
ਉਨ੍ਹਾਂ ਨੇ ਪ੍ਰਦੂਸ਼ਣ, ਓਜ਼ੋਨ ਪਰਤਾਂ ਦੇ ਨਿਘਾਰ, ਸਮੋਗ ਅਤੇ ਅਸ਼ੁੱਧ ਹਵਾ ਤੇ ਪਾਣੀ ਦੇ ਪੱਧਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦੇ ਵਿਚ ਵਾਤਾਵਰਣ ਵਿਚ ਆ ਰਹੇ ਬਦਲਾਅ ਦੇ ਨਾਲ ਨਾਲ ਵਾਤਾਵਰਣ ਪ੍ਰਤੀ ਅਵੇਸਲਾਪਨ ਵੀ ਜ਼ਿੰਮੇਵਾਰ ਹੈ। ਉਨ੍ਹਾਂ ਭਾਗ ਲੈਣ ਵਾਲਿਆਂ ਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਤਾਵਰਣ ਪ੍ਰਤੀ ਜਾਗਰੂਕਤਾ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਅਧੀਨ ਹੀ ਯੂਨੀਵਰਸਿਟੀ ਵਿਚ ਵੱਖ ਵੱਖ ਪਾਰਕ ਸਥਾਪਤ ਕੀਤੇ ਗਏ ਹਨ ਉਥੇ ਵੀਹ ਹਜ਼ਾਰ ਤੋਂ ਵੱਧ ਵੱਖ ਵੱਖ ਕਿਸਮਾਂ ਦੇ ਰੁੱਖ ਲਗਾ ਕੇ ਕੈਂਪਸ ਨੂੰ ਹਰਾ ਭਰਾ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕੈਂਪਸ ਵਿਖੇ ਗਲਾਸ ਹਾਊਸ, ਫਰਨ ਹਾਊਸ, ਕੰਜ਼ਰਵੇਟਰੀ, ਮੌਸ ਹਾਊਸ ਅਤੇ ਨੈਟ ਹਾਊਸ ਦੀ ਸਥਾਪਨਾ ਕੀਤੀ ਗਈ ਹੈ ਤਾਂ ਕਿ ਹੋਰ ਜਲਵਾਯੂ ਦੀ ਬਨਸਪਤੀ ਨੂੰ ਉਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਂਪਕਾਂ ਵੱਲੋਂ ਦਿੱਤੇ ਗਏ ਸਹਿਯੋਗ ਸਦਕਾ ਯੂਨੀਵਰਸਿਟੀ ਦਾ ਵਾਤਾਵਰਣ ਖਿੱਤੇ ਦੀਆਂ ਬਾਕੀ ਯੂਨੀਵਰਸਿਟੀਆਂ ਦੇ ਮੁਕਾਬਲੇ ਕਿਤੇ ਵਧੀਆ ਹੈ ਜਿਸ `ਤੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਵੱਲੋਂ ਸਵੱਛ ਕੈਂਪਸ ਰੈਕਿੰਗ 2019-20 ਦੇ ਅਧੀਨ ਨੈਸ਼ਨਲ ਪੱਧਰ ਦੇ ਕਰਵਾਏ ਗਏ ਮੁਕਾਬਲਿਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਦੇਸ਼ ਦੀਆਂ ਸਰਕਾਰੀ, ਮਲਟੀਸਪੈਸ਼ਲਿਟੀ ਅਤੇ ਵੱਡੇ ਕੈਂਪਸ ਵਾਲੀਆਂ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਅਤੇ ਓਵਰਆਲ ਰੈਕਿੰਗ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਕੈਂਪਸ ਵਿਚ ਪ੍ਰਦੂਸ਼ਣ ਨੂੰ ਵਧਾਉਣ ਵਿਚ ਰੋਲ ਅਦਾ ਕਰਨ ਵਾਲੇ ਵਾਹਨਾਂ `ਤੇ ਵੀ ਪਾਬੰਦੀ ਲਗਾਈ ਗਈ ਹੈ ਅਤੇ ਵਿਦਿਆਰਥੀਆਂ ਅਤੇ ਸਟਾਫ ਵਿਚ ਕੈਂਪਸ ਵਿਚ ਪੌਦੇ ਲਗਾਉਣ ਲਈ ਹੀ ਨਹੀਂ ਸਗੋਂ ਉਨ੍ਹਾਂ ਦੀ ਸਾਂਭ ਸੰਭਾਲ ਲਈ ਵੀ ਉਤਸ਼ਾਹਤ ਕੀਤਾ ਜਾਂਦਾ ਹੈ।
ਇਸ ਮੌਕੇ ਡੀਨ ਫੈਕਲਟੀ ਆਫ ਲਾਈਫ ਸਾਇੰਸਜ਼ਕ, ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸ਼ਜ਼ ਵਿਭਾਗ ਦੇ ਪ੍ਰੋਫੈਸਰ ਅਤੇ ਆਈ.ਕਿਊ.ਏ.ਸੀ ਦੇ ਡਾਇਰੈਕਟਰ ਪ੍ਰੋ. ਰੇਣੂ ਭਾਰਦਵਾਜ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕੋਰਸ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਵਾਤਾਵਰਣ ਦਾ ਵਿਗਾੜ ਇਕ ਵਿਸ਼ਵਵਿਆਪੀ ਚੁਣੌਤੀ ਹੈ ਅਤੇ ਇਸ ਨਾਲ ਨਿਜੱਠਣ ਲਈ ਸਾਡੀ ਸਾਰਿਆਂ ਦੀ ਇਕਜੁਟਤਾ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਬਹੁਤ ਜ਼ਰੂਰੀ ਹੈ।
ਕੇਂਦਰ ਦੇ ਡਾਇਰੈਕਟਰ ਪ੍ਰੋਫੈਸਰ ਆਦਰਸ਼ ਪਾਲ ਵਿਗ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਵਿਭਾਗ ਦੇ ਮੁਖੀ ਡਾ. ਐਮ.ਐਸ. ਭੱਟੀ ਨੇ ਧੰਨਵਾਦ ਮਤਾ ਪੇਸ਼ ਕੀਤਾ। ਇਸ ਮੌਕੇ ਪ੍ਰੋ. ਅਵਿਨਾਸ਼ ਕੌਰ ਨਾਗਪਾਲ, ਡਾ. ਸਤਵਿੰਦਰ ਜੀਤ ਕੌਰ, ਡਾ. ਜਤਿੰਦਰ ਕੌਰ ਅਤੇ ਡਾ. ਰਜਿੰਦਰ ਕੌਰ ਵੀ ਹਾਜ਼ਰ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media