ਪਿੰਡ ਬਾਠ ਸਾਹਿਬ ‘ਚ ਖੇਤੀਬਾੜੀ ਸੇਵਾ ਸਭਾ ਦੇ ਮੈਂਬਰਾਂ ਲਈ ਜਾਗਰੂਕਤਾ ਕੈਂਪ ਲਗਾਇਆ
ਪਠਾਨਕੋਟ, 13 ਦਸੰਬਰ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਠਾਨਕੋਟ ਵਲੋਂ ਸਹਿਕਾਰਤਾ ਵਿਭਾਗ ਵਲੋਂ ਸਹਿਕਾਰੀ ਸਭਾਵਾਂ ਦੇ
ਮੈਂਬਰਾਂ ਨੂੰ ਖੇਤੀ ਦੀਆਂ ਨਵੀਤਮ ਤਕਨੀਕਾਂ ਅਤੇ ਸਭਾਵਾਂ ਦੇ ਕੰਮ ਕਾਰ ਬਾਰੇ ਕੇਂਦਰੀ ਪ੍ਰਯੋਜਿਤ ਸਕੀਮ ਫਸਲਾਂ ਦੀ ਪਰਾਲੀ ਦੀ ਖੇਤਾਂ ਵਿਚ ਸਾਂਭ ਸੰਭਾਲ ਤਹਿਤ ਜਾਗਰੁਕਤਾ ਪੈਦਾ ਕਰਨ ਲਈ ਦਸੰਬਰ ਮਹੀਨੇ ਦੌਰਾਨ ਵਿਸ਼ੇਸ਼ ਮਹਿੰਮ ਚਲਾਈ ਗਈ ਹੈ। ਜਿਸ ਤਹਿਤ ਬਲਾਕ ਪਠਾਨਕੋਟ ਦੀਆ ਸਮੁੱਚੀਆਂ 15 ਸਹਿਕਾਰੀ ਸਭਾਵਾਂ ਵਿਚ ਜਾਗਰੁਕਤਾ ਕੈਂਪ ਲਗਾਏ ਜਾ ਰਹੇ।ਸਹਿਕਾਰੀ ਸਭਾ ਬਾਰਠ ਸਾਹਿਬ ਵਿਖੇ ਲਗਾਏ ਜਾਗਰੁਕਤਾ ਕੈਂਪ ਵਿਚ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕਿਹਾ ਕਿ ਝੋਨਾ-ਕਣਕ ਫਸਲੀ ਚੱਕਰ ਕਾਰਨ ਜਮੀਨ ਦੀ ਉਪਜਾਊ ਸ਼ਕਤੀ ਲਗਾਤਾਰ ਕਮਜੋਰ ਹੋ ਰਹੀ ਹੈ ਅਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵੀ ਹੇਠਾਂ ਚਲਾ ਗਿਆ ਹੈ।ਉਨਾਂ ਕਿਹਾ ਕਿ ਕੀਟਨਾਸ਼ਕ, ਉਲੀਨਾਸ਼ਕ ਅਤੇ ਨਦੀਨਨਾਸ਼ਕਾਂ ਦੀ ਅੰਨੇਵਾਹ ਵਰਤੋਂ ਨਾਲ ਪਾਣੀ ਅਤੇ ਹਵਾ ਦੂਸ਼ਿਤ ਹੋ ਗਏ।ਉਨਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋ ਖੇਤੀ ਲਾਗਤ ਖਰਚਿਆਂ ਵਿੱਚ ਚੋਖਾ ਵਾਧਾ ਹੋਇਆ, ਪਰ ਫਸਲਾਂ ਦੀ ਪੈਦਾਵਾਰ ਵਿੱਚ ਬਹੁਤ ਵਾਧਾ ਨਹੀ ਹੋ ਰਿਹਾ।ਉਨਾਂ ਕਿਹਾ ਕਿ ਸਾਂਝੇ ਪਰਿਵਾਰਾਂ ਦੀ ਖੇਤੀ ਦੀ ਜਗ੍ਹਾ ਇਕੱਲਿਆਂ ਦੀ ਖੇਤੀ ਰਹਿ ਗਈ ਹੈ।ਉਨਾਂ ਕਿਹਾ ਕਿ ਪੰਜਾਬ ਅੰਦਰ ਛੋਟੇ ਕਿਸਾਨਾਂ ਦੀ ਗਿਣਤੀ ਲਗਭਗ 60 ਫੀਸਦੀ ਹੈ ਜਿਨਾਂ ਕੋਲ 2-3 ਏਕੜ ਜਮੀਨ ਦੀ ਮਾਲਕੀ ਹੈ।ਆਮਦਨ ਦੇ ਸਰੋਤ ਵੀ ਸੀਮਿਤ ਹਨ। ਛੋਟੇ ਕਿਸਾਨ ਖੇਤੀ ਸਮੱਗਰੀ ਮਹਿੰਗੀ ਹੋਣ ਕਾਰਨ ਖੇਤੀਬਾੜੀ ਮਾਹਿਰਾਂ ਅਨੁਸਾਰ ਨਵੀਨਤਮ ਖੇਤੀ ਤਕਨੀਕਾਂ ਅਪਣਾ ਕੇ ਫਸਲਾਂ ਦੀ ਕਾਸ਼ਤ ਕਰਨ ਤੋ ਅਸਮਰੱਥ ਹਨ।ਉਨਾਂ ਕਿਹਾ ਕਿ ਇਨਾਂ ਸਮੱਸਿਆਂਵਾਂ ਨੂੰ ਮੁੱਖ ਰੱਖਦਿਆਂ ਜੇਕਰ ਖੇਤੀਬਾੜੀ ਦੇ ਕਿੱਤੇ ਨੂੰ ਲਾਹੇਵੰਦ ਬਨਾਉਣਾ ਹੈ ਤਾਂ ਸਹਿਕਾਰੀ ਖੇਤੀ ਨੂੰ ਮਜ਼ਬੂਤ ਕਰਨਾ ਪਵੇਗਾ।ਉਨਾਂ ਕਿਹਾ ਕਿ ਸਹਿਕਾਰੀ ਸਭਾ ਇਸ ਤਰਾਂ ਦੀ ਹੋਣੀ ਚਾਹੀਦੀ ਹੈ ਕਿ ਕਿਸੇ ਵੀ ਮੈਂਬਰ ਨੂੰ ਜ਼ਰੂਰਤ ਅਨੁਸਾਰ ਕੋਈ ਵੀ ਵਸਤੂ ਬਾਜ਼ਾਰ ਤੋਂ ਖ੍ਰੀਦਣੀ ਨਾ ਪਵੇ।ਉਨਾਂ ਕਿਹਾ ਕਿ ਕਿਸਾਨਾਂ ਦੁਆਰਾ ਪੈਦਾ ਕੀਤੀਆਂ ਦਾਲਾਂ ਜਾਂ ਹੋਰ ਖੇਤੀ ਜਿਨਸਾਂ, ਸਹਿਕਾਰੀ ਸਭਾਵਾਂ ਵਿਚ ਹੀ ਵਿਕਣ ਤਾਂ ਜੋ ਕਿਸਾਨਾਂ ਨੂੰ ਲਾਹੇਵੰਦ ਭਾਅ ਮਿਲ ਸਕੇ।
ਉਨਾਂ ਕਿਹਾ ਕਿ ਖੇਤੀ ਮਸ਼ੀਨਰੀ ਬੈਂਕ ਸਥਾਪਤ ਕਰਨਾ,ਫਸਲ ਦੀ ਪੈਦਾਵਾਰ ਵਧਾਉਣ ਲਈ ਨਵੀਨਤਮ ਖੇਤੀ ਅਪਨਾਉਣਾ, ਡੇਅਰੀ ਫਾਰਮਿੰਗ, ਖੇਤੀ ਪਦਾਰਥਾਂ ਦਾ ਡੱਬਾਬੰਦੀ, ਘੱਟ ਲਾਗਤ ਵਾਲਾ ਭੰਡਾਰਨ ਢਾਂਚਾ ਬਨਾਉਣ, ਟਰਾਂਸਪੋਰਟ ਅਤੇ ਮੰਡੀਕਰਨ ਦੀਆਂ ਸਹੂਲਤਾਂ ਪ੍ਰਦਾਨ ਕਰਨਾ, ਖੇਤੀ ਸਮੱਗਰੀ ਦੀ ਦੁਕਾਨ ਖੋਲਣਾ ਆਦਿ ਅਜਿਹੀਆ ਗਤੀਵਿਧੀਆਂ ਹਨ ਜਿਸ ਨਾਲ ਸਮੂਹ ਦੇ ਮੈਂਬਰਾਂ ਦੀ ਆਮਦਨ ਵਿਚ ਵਾਧਾ ਕਰਕੇ ਉਨਾਂ ਦਾ ਜੀਵਨ ਪੱਧਰ ਉਚਾ ਕੀਤਾ ਜਾ ਸਕਦਾ ਹੈ।
ਅੰਸ਼ੁਮਨ ਸ਼ਰਮਾ ਨੇ ਕਿਹਾ ਕਿ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਦੇ ਆਧਾਰ ‘ਤੇ ਕਰਨੀ ਚਾਹੀਦੀ ਹੈ ਤਾਂ ਜੋ ਰਸਾਇਣਕ ਖਾਦਾਂ ਤੇ ਹੋਣ ਵਾਲੇ ਖਰਚੇ ਨੂੰ ਘਟਾ ਕੇ ਖੇਤੀਬਾੜੀ ਤੋਂ ਸ਼ੁੱਧ ਆਮਦਨ ਨੂੰ ਵਧਾਇਆ ਜਾ ਸਕੇ।ਸੁਖਜਿੰਦਰ ਸਿੰਘ ਵਲੋਂ ਕਿਸਾਨਾਂ ਖੇਤੀ ਸਹਾਇਕ ਕਿੱਤੇ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ।
Punjab Post Daily Online Newspaper & Print Media