ਸਾਇੰਸ ਸਿਟੀ ਵਿਖੇ ਭਾਰਤ ਦੇ ਵਿਗਿਆਨ ਕੇਂਦਰਾਂ ਦੇ ਮੁਖੀਆਂ ਦੀ ਤਿੰਨ ਦਿਨਾਂ ਕਾਨਫ਼ਰੰਸ ਸ਼ੁਰੂ
ਕਪੂਰਥਲਾ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਕਿਸੇ ਵੀ ਦੇਸ਼ ਦਾ ਸਮਾਜਕ ਤੇ ਆਰਥਿਕ ਵਿਕਾਸ ਉਥੋਂ ਦੇ ਸਾਖਰਤਾ ਅਨੁਪਾਤ ਅਤੇ ਸਮਾਜਕ ਸਮੱਸਿਆਂ ਦੇ
ਹੱਲ ਲਈ ਵਿਗਿਆਨਕ ਸੋਚ ਅਪਣਾਉਣ ਦੀ ਇੱਛਾ ਸ਼ਕਤੀ ’ਤੇ ਨਿਰਭਰ ਕਰਦਾ ਹੈ।ਜਿਸ ਸੂਬੇ ਦੀ ਮਨੁੱਖੀ ਵਿਕਾਸ ਦੀ ਸੂਚੀ ਉਚ ਦਰਜ਼ੇ ਦੀ ਹੋਵੇਗੀ ਉਹ ਸਾਖਰਤਾ ਅਨੁਪਾਤ ਵਿਚ ਉਚ ਦਰਜੇ ਦਾ ਹੋਵੇਗਾ ਅਤੇ ਅਜਿਹੇ ਸੂਬੇ ਵਲੋਂ ਵਿਗਿਆਨ ਤੇ ਤਕਨਾਲੌਜੀ ਨੂੰ ਮੋਹਰੀ ਹੋ ਕੇ ਅਪਣਾਏਗਾ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉਦਯੋਗ ਤੇ ਵਪਾਰ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਸਾਇੰਸ ਸਿਟੀ ਵਿਖੇ ਭਾਰਤ ਦੇ ਵਿਗਿਆਨ ਕੇਂਦਰਾਂ ਦੇ ਮੁਖੀਆਂ ਦੀ ਤਿੰਨ ਰੋਜ਼ਾ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ 21ਵੀਂ ਸਦੀ ਦੌਰ ਵਿਚ ਵਿਗਿਆਨ ਤੇ ਖੋਜਾਂ ਦੇ ਨਵੇਂ ਖੇਤਰਾਂ ਜਿਵੇਂ ਕਿ ਅਲਟੀਫ਼ੀਸ਼ਲ ਇੰਟੈਲੀਜੈਂਸੀ, ਨੈਨੋਟੈਕਨਾਲੌਜੀ, ਕੁਅਨਟਮ (ਮਿਕਦਾਰ) ਅਤੇ ਇੰਟਰਨੈਟ ਦੀ ਵਰਤੋਂ (ਆਈ.ਓ.ਟੀ) ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣ ਵਿਗਿਆਨ ਕੇਂਦਰਾਂ ਦੀ ਇਕ ਸਮਾਜਿਕ ਜਿੰਮੇਵਾਰੀ ਹੋਵੇਗੀ।ਗਿਆਨ ਅਤੇ ਤਜਰਬਿਆਂ ਦੇ ਪ੍ਰਚਾਰ ਤੇ ਪ੍ਰਸਾਰ ਰਾਹੀਂ ਸਮਾਜ ਦੇ ਸਾਰੇ ਵਰਗਾਂ (ਪੇਂਡੂ ਤੇ ਸ਼ਹਿਰੀ) ਵਿਚ ਪਾਏ ਜਾਣ ਵਾਲੇ ਵਖਰੇਵੇਂ ਖਤਮ ਕਰਨ ਲਈ ਵਿਗਿਆਨ ਕੇਂਦਰ ਅਹਿਮ ਭੂਮਿਕਾ ਨਿਭਾਅ ਸਕਦੇ ਹਨ।ਉਨ੍ਹਾਂ ਕਿਹਾ ਕਿ ਸਾਇੰਸ ਸਿਟੀ ਦੇ ਵਿਸਥਾਰ ਲਈ ਫ਼ੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।ਸਾਇੰਸ ਸਿਟੀ ਦੀ ਅਪਗ੍ਰੇਡਸ਼ਨ ਲਈ ਪੰਜਾਬ ਸਰਕਾਰ ਵਲੋਂ ਆਪਣੇ ਹਿੱਸੇ ਦੇ ਬਣਦੇ ਫ਼ੰਡ ਮੁਹੱਈਆਂ ਕਰਵਾਏ ਜਾਣਗੇ।
ਉਨ੍ਹਾਂ ਅਗੋਂ ਕਿਹਾ ਕਿ ਵਿਗਿਆਨ ਸੋਚ ਜਿੱਥੇ ਤੱਥ ਅਧਾਰਿਤ ਸੋਚ ਨੂੰ ਉਤਸ਼ਹਿਤ ਕਰਦੀ ਹੈ, ਉਥੇ ਹੀ ਲੋਕਾਂ ਨੂੰ ਜਾਦੂ-ਟੂਣਿਆਂ ਤੇ ਵਹਿਮਾਂ ਭਰਮਾਂ ਵਿਚੋਂ ਵੀ ਕੱਢਦੀ ਹੈ।ਉਨ੍ਹਾਂ ਕਿਹਾ ਕਿ ਲਗਾਤਾਰ ਵਿਕਾਸ ਲਈ ਯੂ.ਐਨ.ਓ ਦੇ 2030 ਦੇ ਏਜੰਡੇ ਵਿਚ ਵੀ ਵਿਗਿਆਨ ਨੂੰ ਬਹੁਤ ਪ੍ਰਮੁੱਖਤਾ ਨਾਲ ਲਿਆ ਗਿਆ।
ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਜਲਵਾਯੂ ਪਰਿਵਰਤਨ, ਜੈਵਿਕ-ਵਿਭਿੰਨਤਾਂ ਅਤੇ ਉਪਜਾਊ ਭੂਮੀ ਦਾ ਮਾਰੂਥਲ ਬਦਲਣਾ ਆਦਿ ਸਮੱਸਿਆਵਾਂ ਨਾਲ ਨਜਿੱਠਣ ਲਈ ਬਹੁਤ ਸਾਰੇ ਸਮਝੌਤੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹਰੇਕ ਸਮਾਜ ਨੂੰ ਗਿਆਨਵਾਨ, ਬਣਾਉਣ, ਸਿਰਜਣਾਤਮਿਕਤਾ ਪੈਦਾ ਕਰਨ, ਪ੍ਰਫ਼ੁਲਤਾ ਅਤੇ ਸ਼ਾਂਤੀ ਬਣਾਈ ਰੱਖਣ ਲਈ ਨਵੇਂ ਰਾਹ ਦੇਖੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਚੰਗੇ ਵਿਗਿਆਨ ਅਤੇ ਉਸ ਨੂੰ ਸਮਝਣ ਦੀ ਹੈ ਜਿਸ ਨਾਲ ਵਿਅਕਤੀਗਤ ਅਤੇ ਸਮੂਹਿਕ ਪੀੜੀਆਂ ਨੂੰ ਲਾਭ ਹੋਵੇਗਾ।
ਇਸ ਮੌਕੇ ਐਨ.ਸੀ.ਐਸ.ਐਮ ਦੇ ਡਾਇਰੈਕਟਰ (ਹੈੱਡਕੁਆਟਰਸ) ਐਸ.ਕੁਮਾਰ, ਬਿਰਲਾ ਮਿੳੂਜ਼ੀਅਮ ਪਿਲਾਨੀ ਦੇ ਡਾਇਰੈਕਟਰ ਵੀ.ਐਨ ਧੌਲਾਖੰਡੀ, ਸਾਇੰਸ ਸਿਟੀ ਕਪੂਰਥਲਾ ਦੇ ਡਾਇਰੈਕਟਰ ਰਾਜੇਸ਼ ਗਰੋਵਰ, ਵਧੀਕ ਡਿਪਟੀ ਕਮਿਸ਼ਨਰ (ਜ) ਕਪੂਰਥਲਾ ਰਾਹੁਲ ਚਾਬਾ, ਐਸ.ਡੀ.ਐਮ ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ, ਡੀ.ਐਸ.ਪੀ ਹਰਿੰਦਰ ਸਿੰਘ ਗਿੱਲ ਤੋਂ ਇਲਾਵਾ ਮੁਲਕ ਭਰ ਵਿਚੋਂ ਆਏ ਵਿਗਿਆਨੀ ਹਾਜ਼ਰ ਸਨ।
Punjab Post Daily Online Newspaper & Print Media