ਪੰਜ ਦਿਨਾਂ ਵਿੱਚ ਕਰੀਬ ਤਿੰਨ ਲੱਖ ਲੋਕਾਂ ਨੇ ਕੀਤਾ ਪਾਈਟੈਕਸ ਦਾ ਦੌਰਾ
ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਇਤਿਹਾਸਕ ਸ਼ਹਿਰ ਅੰਮ੍ਰਿਤਸਰ ‘ਚ ਪਿਛਲੇ ਪੰਜ ਦਿਨਾਂ ਤੋਂ ਚਲ ਰਿਹਾ ਪੰਜਾਬ ਅੰਤਰਰਾਸ਼ਟਰੀ
ਵਪਾਰ ਐਕਸਪੋ (ਪਾਈਟੈਕਸ-2019) ਅਮਿੱਟ ਯਾਦਾਂ ਦੇ ਨਾਲ ਸੋਮਵਾਰ ਨੂੰ ਸਮਾਪਤ ਹੋ ਗਿਆ।ਪੰਜ ਰੋਜਾ ਮੇਲੇ ਦੌਰਾਨ ਖਿੱਚ ਦਾ ਕੇਂਦਰ ਵੱਖੋ-ਵੱਖ ਵਿਸ਼ਿਆਂ ਤੇ ਆਯੋਜਿਤ ਸੈਮੀਨਾਰ ਅਤੇ ਥਾਈਲੈਂਡ ਦੇ ਸਟਾਲ ਰਹੇ ਉਥੇ ਹੀ ਫੂਡ ਕੋਰਟ ਵਿੱਚ ਇਸ ਵਾਰ ਰਾਜਸਥਾਨੀ ਅਤੇ ਪੰਜਾਬੀ ਖਾਣਾ ਲੋਕਾਂ ਦੀ ਪਹਿਲੀ ਪਸੰਦ ਰਿਹਾ।ਇਥੇ ਪੰਜ ਦਿਨਾਂ ਦੌਰਾਨ ਕਰੀਬ ਤਿੰਨ ਲੱਖ ਲੋਕਾਂ ਨੇ ਦੌਰਾ ਕੀਤਾ। ਇਸ ਤੋਂ ਇਲਾਵ ਮਧੱ ਪ੍ਰਦੇਸ਼ ਤੋਂ ਪਹਿਲੀ ਵਾਰ ਆਈ ਸੋਨੇ ਨਾਲ ਮੜ੍ਹੀ ਹੋਈ ਪਾਕੀਜ਼ਾ ਸਾੜੀ ਅਤੇ ਮਹਾਤਮਾ ਬੁੱਧ ਦੀ ਮੂਰਤੀ ਨੇ ਇਥੇ ਆਉਣ ਵਾਲੇ ਲੋਕਾਂ ਨੂੰ ਆਪਣੇ ਵੱਲ ਖਿਚਿਆ।
ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਿੱਚ ਪੰਜਾਬ ਚੈਪਟਰ ਦੇ ਚੇਅਰਮੈਨ ਕਰਣ ਗਿਲਹੋਤਰਾ ਅਤੇ ਉਪਦੇਸ਼ਕ ਆਰ.ਐਸ ਸਚਦੇਵਾ ਨੇ ਇਸ ਪ੍ਰੋਗਰਾਮ ਦੀ ਸਫਲਤਾ ‘ਚ ਦਿੱਤੇ ਗਏ ਸਹਿਯੋਗ ਦੇ ਲਈ ਜ਼ਿਲਾ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਐਸਐਸ ਗਿੱਲ ਅਤੇ ਸਮੂੱਚੇ ਜ਼ਿਲਾ ਪ੍ਰਸ਼ਾਸਨ ਤੇ ਅੰਮ੍ਰਿਤਸਰ ਪੁਲਿਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਪ੍ਰਦਰਸ਼ਨੀ ਦੇ ਦੌਰਾਨ ਆਯੋਜਿਤ ਕੀਤੇ ਗਏ ਪ੍ਰੋਗਰਾਮਾਂ ਦੀ ਸਾਰੇ ਦੇਸ਼ਾਂ ਵਲੋਂ ਪ੍ਰਸੰਸ਼ਾ ਕੀਤੀ ਗਈ।
ਇਸ ਆਯੋਜਨ ‘ਚ ਪੰਜਾਬ ਸਰਕਾਰ ਦੇ ਅਦਾਰੇ ਪੀ.ਐਸ.ਆਈ.ਈ.ਸੀ, ਪੇਡਾ, ਮਿਲਕਫੈਡ, ਮਾਰਕਫੈਡ ਨੇ ਆਪਣੀ ਮੌਜੂਦਗੀ ਦਰਜ਼ ਕਰਵਾਈ ਉਥੇ ਹੀ ਕੇਂਦਰ ਸਰਕਾਰ ਦੇ ਵਿਭਾਗ ਐਮ.ਐਸ.ਐਮ.ਈ, ਨਾਬਾਰਡ, ਆਯੂਸ਼ ਮੰਤਰਾਲੇ, ਐਨ.ਐਸ.ਆਈ.ਸੀ, ਨੈਸ਼ਨਲ ਅਤੇ ਕਾਰਪੋਰੇਸ਼ਨ, ਨੈਸ਼ਨਲ ਜੂਟ ਬੋਰਡ, ਨੈਸ਼ਨਲ ਕਾਇਰ ਬੋਰਡ ਸਮੇਤ ਕਈ ਵਿਭਾਗ ਪਾਈਟੈਕਸ ਵਿੱਚ ਆਪਣੀ ਭੂਮਿਕਾ ਯਕੀਨੀ ਬਣਾਈ।ਪਾਈਟੈਕਸ ਦੇ ਆਖਰੀ ਦਿਨ ਸੋਮਵਾਰ ਨੂੰ ਅੰਮਿ੍ਰਤਸਰ ਅਤੇ ਆਸਪਾਸ ਦੇ ਇਲਾਕਿਆਂ ਦੇ ਦਰਜਨਾਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਮੇਲੇ ਦਾ ਆਨੰਦ ਮਾਣਿਆ।
ਇਸੇ ਦੌਰਾਨ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਖੇਤਰੀ ਨਿਦੇਸ਼ਕ ਮਧੂ ਪਿਲੇ ਨੇ ਕਿਹਾ ਕਿ ਆਯੋਜਨ ਹਰ ਪੱਖੋਂ ਸਫਲ ਰਿਹਾ ਹੈ।ਇਸ ਪ੍ਰਦਰਸ਼ਨੀ ਦੌਰਾਨ ਜਿਥੇ ਵੱਡੇ-ਵੱਡੇ ਉਦਯੋਗਪਤੀਆਂ ਨੇ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਅਤੇ ਮੈਦਾਨ ‘ਚ ਲੱਗੀਆਂ ਵੱਖ-ਵੱਖ ਪਵੇਲਿਅਨ ‘ਚ ਲੱਖਾਂ ਲੋਕਾਂ ਨੇ ਆਪਣੇ ਰੋਜਾਨਾ ਵਰਤੋਂ ਦੀਆਂ ਚੀਜ਼ਾਂ ਦੀ ਖਰੀਦਦਾਰੀ ਕੀਤੀ ਹੈ।ਉਨ੍ਹਾਂ ਕਿਹਾ ਕਿ ਸਾਲ 2020 ਦੌਰਾਨ ਪਹਿਲਾ ਪਾਈਟੈਕਸ ਮੇਲਾ ਲੁਧਿਆਣਾ ਵਿੱਚ ਆਯੋਜਿਤ ਕੀਤਾ ਜਾਵੇਗਾ। ਜਿਸ ਦੀਆਂ ਤਿਆਰੀਆਂ ਹੁਣੇ ਤੋਂ ਸ਼ੁਰੂ ਹੋ ਚੁੱਕੀਆਂ ਹਨ।
Punjab Post Daily Online Newspaper & Print Media