ਫੱਗੂਵਾਲਾ ਪੁਲ ’ਤੇ ਜ਼ਿਲੇ ਦੀਆਂ 7 ਧੀਆਂ ਦੀਆਂ ਤਸਵੀਰਾਂ ਬਣੀਆਂ ਗਰੈਫਿਟੀਆਂ ਦਾ ਸ਼ਿੰਗਾਰ
ਲੌਂਗੋਵਾਲ, 29 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗਰੂਰ ਸ਼ਹਿਰ ਨੂੰ ਆਉਂਦੇ ਕੌਮੀ ਸ਼ਾਹਰਾਹ-7 ਦੀਆਂ ਸੜਕਾਂ ’ਤੇ ਸਥਿਤ ਪੁਲ ‘ਬੇਟੀ ਬਚਾਓ,
ਬੇਟੀ ਪੜਾਓ’ ਦਾ ਹੋਕਾ ਦੇ ਰਹੇ ਹਨ।ਇਨਾਂ ਪੁਲਾਂ ’ਤੇ ਗਰੈਫਿਟੀਜ਼ ਰਾਹੀਂ ਜਿਥੇ ਉਘੀ ਮੁੱਕੇਬਾਜ਼ ਮੈਰੀ ਕੋਮ, ਕ੍ਰਿਕਟਰ ਹਰਮਨਦੀਪ ਕੌਰ ਤੇ ਉਘੀ ਕਾਰਕੁੰਨ ਮਲਾਲਾ ਯੂਸਫ਼ਜ਼ਈ ਜਿਹੀਆਂ ਹਸਤੀਆਂ ਦੀਆਂ ਸਫਲ ਕਹਾਣੀਆਂ ਨੂੰ ਰੰਗਾਂ ਦੀ ਛੋਹ ਦਿੱਤੀ ਗਈ ਹੈ।ਉਥੇ ਫੱਗੂਵਾਲਾ ਸਥਿਤ ਪੁਲ ’ਤੇ ਜ਼ਿਲਾ ਸੰਗਰੂਰ ਦੀਆਂ ਖੇਡਾਂ ਅਤੇ ਪੜਾਈ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੀਆਂ 7 ਧੀਆਂ ਦੀਆਂ ਤਸਵੀਰਾਂ ਵੀ ਹੋਰਨਾਂ ਲਈ ਪ੍ਰੇਰਨਾਸ੍ਰੋਤ ਹਨ।ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੀਤੀ ਇਸ ਨਿਵੇਕਲੀ ਪਹਿਲ ਬਾਰੇ ਜ਼ਿਲਾ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਹੋਰਾਂ ਪੁਲਾਂ ਵਾਂਗ ਫੱਗੂਵਾਲਾ ਫਲਾਈਓਵਰ ’ਤੇ ਗਰੈਫਿਟੀ ਬਣ ਕੇ ਤਿਆਰ ਹੋ ਗਈ ਹੈ।ਉਨਾਂ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ‘ਬੇਟੀ ਬਚਾਓ, ਬੇਟੀ ਪੜਾਓ’ ਤਹਿਤ ਜ਼ਿਲਾ ਸੰਗਰੂਰ ਵਿਚ ਜਿਥੇ ਹੋਰ ਜਾਗਰੂਕਤਾ ਗਤੀਵਿਧੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ, ਉਥੇ ਕਈ ਪੁਲਾਂ ’ਤੇ ਗਰੈਫਿਟੀਜ਼ ਰਾਹੀਂ ਬੇਟੀਆਂ ਨੂੰ ਬਚਾਉੁਣ ਅਤੇ ਪੜਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ।
ਇਨਾਂ ਵਿਚ ਰੋਪ ਸਕਿਪਿੰਗ ਵਿਚ ਸੂਬਾ ਪੱਧਰ ’ਤੇ ਪਹਿਲਾ ਅਤੇ ਕੌਮੀ ਪੱਧਰ ’ਤੇ ਦੂਜਾ ਸਥਾਨ ਹਾਸਲ ਕਰਨ ਵਾਲੀ ਸਰਕਾਰੀ ਸੀਨੀਅਰ ਸੈਕੰਡੀ ਸਕੂਲ ਮੂਨਕ (ਸ਼ਹਿਰੀ) ਦੀ ਵਿਦਿਆਰਥਣ ਪ੍ਰਿਅੰਕਾ ਕੌਰ, ਸਾਈਕਲਿੰਗ ’ਚੋਂ ਸੂਬਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਦੀ ਵਿਦਿਆਰਥਣ ਬਲਜੀਤ ਕੌਰ, 800 ਮੀਟਰ ਦੌੜ (ਜ਼ੋਨ ਪੱਧਰ) ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਦੀ ਵਿਦਿਆਰਥਣ ਸੰਦੀਪ ਕੌਰ, ਟੇਬਲ ਟੈਨਿਸ ਵਿਚੋਂ ਜ਼ਿਲਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਦੀ ਨਵਨਿੰਦਰ ਕੌਰ, ਸੈਸ਼ਨ 2018-19 ਵਿਚ ਬਾਰਵੀਂ ਜਮਾਤ ਵਿਚੋਂ 95.55 ਫੀਸਦੀ ਅੰਕ ਪ੍ਰਾਪਤ ਕਰਨ ਵਾਲੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੀ ਨਕਸ਼ਦੀਪ ਕੌਰ, ਯੋਗਾ ਵਿਚ ਅੰਡਰ-17 ਸੂਬਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਨੜਾ ਦੀ ਵਿਦਿਆਰਥਣ ਸੰਦੀਪ ਕੌਰ, ਸੈਸ਼ਨ 2018-19 ਵਿਚ ਬਾਰਵੀਂ ਜਮਾਤ ਵਿਚ 96 ਫੀਸਦੀ ਅੰਕ ਹਾਸਲ ਕਰਨ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਦੀ ਹਰਮਨਜੋਤ ਕੌਰ ਦੀਆਂ ਤਸਵੀਰਾਂ ਸ਼ਾਮਲ ਹਨ।
ਉਨਾਂ ਦੱਸਿਆ ਕਿ ਫੱਗੂਵਾਲਾ ਪੁੱਲ ਸਮੇਤ ਜ਼ਿਲਾ ਸੰਗਰੂਰ ਦੇ ਕੁੱਲ 3 ਪੁਲਾਂ ’ਤੇ ਲੜਕੀਆਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਨੂੰ ਦਰਸਾਉਂਦੀਆਂ ਇਹ ਗਰੈਫ਼ਿਟੀਜ਼ ਆਕਰਸ਼ਣ ਦਾ ਕੇਂਦਰ ਬਣੀਆਂ ਹੋਈਆਂ ਹਨ।ਨੈਸ਼ਨਲ ਹਾਈਵੇ-7 ’ਤੇ ਫੱਗੂਵਾਲਾ ਤੋਂ ਇਲਾਵਾ ਸੰਗਰੂਰ ਸ਼ਹਿਰ ਤੋਂ ਕਰੀਬ 7 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪੁਲ ਤੇ ਬਡਰੁੱਖਾਂ ਨੇੜਲੇ ਪੁੱਲ ਉਤੇ ਇਸ ਉਪਰਾਲੇ ਨਾਲ ‘ਬੇਟੀ ਬਚਾਓ, ਬੇਟੀ ਪੜਾਓ’ ਦਾ ਹੋਕਾ ਦਿੱਤਾ ਗਿਆ ਹੈ।
Punjab Post Daily Online Newspaper & Print Media