ਗੁਰੂ ਨਾਨਕ ਦੇਵ ਯੂਨੀਵਰਸਿਟੀ ਫਸਟ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਸੈਕੰਡ ਰਨਅਰਜ਼-ਅੱਪ ਰਹੀ
ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – 35ਵਾਂ ਨਾਰਥ ਜ਼ੋਨ ਅੰਤਰ-ਯੂਨੀਵਰਸਿਟੀ ਯੁਵਕ ਮੇਲਾ `ਯੁਵਫੋਰੀਆ – 2019` ਅਮਿਟ ਅਤੇ ਪਿਆਰੀਆਂ ਯਾਦਾਂ ਛਡਦਾ ਹੋਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸੰਪੰਨ ਹੋ ਗਿਆ। ਉਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਵਿਚੋਂ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਕਈ ਯੂਨੀਵਰਸਿਟੀਆਂ ਨੂੰ ਸਖਤ ਮੁਕਾਬਲਾ ਦਿੰਦੀ ਹੋਈ ਤਾਜ ਆਪਣੇ ਸਿਰ ਸਜਾ ਗਈ ਜਦੋਂਕਿ ਮੇਜ਼ਬਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਫਸਟ ਰਨਅਰਜ਼ਅੱਪ ਅਤੇ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਨੂੰ ਸੈਕੰਡ ਜਰਨਅਰਜ਼-ਅੱਪ ਰਹੀ।
ਕੁੱਲ 27 ਦੇ ਲਗਪਗ ਹੋਏ ਮੁਕਾਬਲਿਆਂ ਵਿਚੋਂ ਸੰਗੀਤ ਦੇ ਵੱਖ ਵੱਖ ਮੁਕਾਬਲਿਆਂ ਵਿਚ ਲਵਲੀ ਯੂਨੀਵਰਸਿਟੀ, ਫਗਵਾੜਾ ਨੇ ਟਰਾਫੀ ਹਾਸਲ ਕੀਤੀ ਜਦੋਂਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਡਾਂਸ ਵਰਗ ਵਿਚ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਨੇ ਲਿਟਰੇਰੀ ਵਰਗ ਵਿਚ, ਚੰਡੀਗੜ ਯੂਨੀਵਰਸਿਟੀ, ਮੋਹਾਲੀ ਨੇ ਥੀਏਟਰ ਤੇ ਫਾਈਨ ਆਰਟਸ ਵਿਚ ਟਰਾਫੀ ਹਾਸਲ ਕੀਤੀ। ਸਭਿਆਚਾਰਕ ਪ੍ਰੋਸੈਸ਼ਨ ਵਿਚ ਪਹਿਲੀ ਪੁਜੀਸ਼ਨ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਹਾਸਲ ਕੀਤੀ ਜਦੋਂਕਿ ਦੂਜੀ ਪੁਜੀਸ਼ਨ ਕੁਰਕੁਸ਼ੇਤਰਾ ਯੂਨੀਵਰਸਿਟੀ ਅਤੇ ਤੀਜੀ ਪੁਜੀਸ਼ਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਹਾਸਲ ਕੀਤੀ।
ਜੇਤੂ ਯੂਨੀਵਰਸਿਟੀਆਂ ਨੂੰ ਟਰਾਫੀਆਂ ਦੇਣ ਦੇ ਲਈ ਉਚੇਚੇ ਤੌਰ `ਤੇ ਪੰਜਾਬ ਦੇ ਉਚੇਰੀ ਸਿਖਿਆ ਮੰਤਰੀ, ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੁੱਜੇ ਹੋਏ ਸਨ। ਇਸ ਸਮੇਂ ਉਨ੍ਹਾਂ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ, ਪ੍ਰੋ. ਐਸ. ਐਸ. ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਡੀਨ, ਵਿਦਿਆਰਥੀ ਭਲਾਈ ਅਤੇ ਮੇਲੇ ਦੇ ਪ੍ਰਬੰਧਕੀ ਸਕੱਤਰ, ਡਾ. ਹਰਦੀਪ ਸਿੰਘ, ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਤੋਂ ਅਬਜ਼ਰਵਰ ਪ੍ਰੋ. ਅਰੁਣ ਪਾਟਿਲ, ਆਨਰੇਰੀ ਐਡਵਾਈਜ਼ਰ, ਸ. ਬਲਜੀਤ ਸਿੰਘ ਸੇਖੋਂ ਵੀ ਹਾਜਰ ਸਨ।
ਇਸ ਤੋਂ ਪਹਿਲਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸ. ਬਾਜਵਾ ਨੇ ਜਿਥੇ 35ਵੇਂ ਅੰਤਰ-ਯੂਨੀਵਰਸਿਟੀ ਨਾਰਥ ਜ਼ੋਨ ਯੁਵਕ ਮੇਲੇ ਦੇ ਸਫਲਤਾਪੂਰਵਕ ਸੰਪੰਨ ਹੋਣ `ਤੇ ਖੁਸ਼ੀ ਦਾ ਪ੍ਰਗਰਾਵਾ ਕੀਤਾ ਉਥੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਵਿਦਿਆਰਥੀ ਨਿਰਾਸ਼ ਨਾਲ ਹੋਣ ਜੋ ਕਿਸੇ ਕਾਰਨ ਕਿਸੇ ਪੁਜੀਸ਼ਨ `ਤੇ ਨਹੀਂ ਪਹੁੰਚ ਸਕੇ ਪਰ ਭਵਿੱਖ ਉਨ੍ਹਾਂ ਦਾ ਹੀ ਇੰਤਜ਼ਾਰ ਕਰ ਰਿਹਾ ਹੈ। ਇਹ ਵੀ ਕੋਈ ਛੋਟੀ ਗੱਲ ਨਹੀਂ ਹੈ ਕਿ ਉਨ੍ਹਾਂ ਨੇ ਜਿਸ ਪਲੇਟਫਾਰਮ `ਤੇ ਆਪਣੀ ਕਲਾ ਦਾ ਮਜ਼ਾਹਰਾ ਕੀਤਾ ਹੈ ਉਹ ਪਲੇਟਫਾਰਮ ਆਪਣੇ ਆਪ ਵਿਚ ਕਿ ਵੱਡੀ ਉਪਲਬਧੀ ਹੈ ਜਿਸ ਤੇ ਉਨ੍ਹਾਂ ਨੂੰ ਆਪਣੀ ਪਛਾਣ ਬਣਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਵੱਖ ਵੱਖ ਕਲਾਕਾਰਾਂ ਦੇ ਨਾਂ ਲੈਂਦਿਆਂ ਕਿਹਾ ਕਿ ਉਹ ਵੀ ਅਜਿਹੇ ਯੁਵਕ ਮੇਲਿਆਂ ਦੀ ਹੀ ਪੈਦਾਇਸ਼ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੇਲੇ ਮੁਕਾਬਲੇਬਾਜ਼ੀ ਤਕ ਹੀ ਸੀਮਤ ਨਹੀਂ ਰਹਿੰਦੇ ਸਗੋਂ ਭਾਈਚਾਰਕ ਸਾਂਝ ਵਧਾਉਣ ਵਿਚ ਵੀ ਅਹਿਮ ਰੋਲ ਅਦਾ ਕਰਦੇ ਹਨ। ਇਨ੍ਹਾਂ ਮੇਲਿਆਂ ਵਿਚੋਂ ਹੀ ਕੌਮੀ ਏਕਤਾ ਅਤੇ ਅਖੰਡਤਾ ਦੀ ਭਾਵਨਾ ਵਿਦਿਆਰਥੀਆਂ ਵਿਚ ਪੈਦਾ ਹੁੰਦੀ ਹੈ। ਉਨ੍ਹਾਂ ਨੂੰ ਮੁਲਕ ਦੇ ਵੱਖ ਵੱਖ ਸਭਿਆਚਾਰਾਂ, ਬੋਲੀਆਂ ਅਤੇ ਕਲਾਵਾਂ ਨੂੰ ਨੇੜਿਓ ਜਾਨਣ ਦਾ ਮੌਕਾ ਮਿਲਦਾ ਹੈ।
ਇਸ ਤੋਂ ਪਹਿਲਾਂ ਸ੍ਰੀ ਬਾਜਵਾ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਚ ਪੁੱਜਣ `ਤੇ ਵਾਈਸ ਚਾਂਸਲਰ ਪ੍ਰੋ. ਸੰਧੂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹ ਉਨ੍ਹਾਂ ਨੂੰ ਮਾਤਾ ਕੌਲਾਂ ਬੋਟਾਨੀਕਲ ਗਾਰਡਨ ਵੀ ਲੈ ਕੇ ਗਏ ਜਿਥੇ ਅੱਜ ਉਨ੍ਹਾਂ ਨਵੇਂ ਬਣੇ ਗਲਾਸ ਹਾਊਸ, ਫਰਨ ਹਾਊਸ, ਕੰਜ਼ਰਵੇਟਰੀ, ਮੌਸ ਹਾਊਸ ਅਤੇ ਨੈਟ ਹਾਊਸ ਜੋ ਭਾਰਤ ਸਰਕਾਰ ਦੇ ਮਨਿਸਟਰੀ ਆਫ ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਦੀ ਸਕੀਮ ਅਧੀਨ 75 ਲੱਖ ਦੀ ਗ੍ਰਾਂਟ ਦੀ ਮਦਦ ਨਾਲ ਤਿਆਰ ਕੀਤੇ ਗਏ ਹਨ, ਦਾ ਉਦਘਾਟਨ ਕਰਨ ਉਪਰੰਤ ਦੌਰਾ ਵੀ ਕੀਤਾ। ਇਸ ਤੋਂ ਬਾਅਦ ਉਨਾਂ੍ਹ ਨੇ ਅੱਜ 1.8 ਮੈਗਾਵਾਟ ਕੈਪਸਟੀ ਵਾਲੇ ਰੂਫ ਟਾਪ ਸੋਲਰ ਐਨਰਜੀ ਪਲਾਂਟ ਦਾ ਵੀ ਉਦਘਾਟਨ ਕੀਤਾ ਜੋ ਕਿ ਪੰਡਿਤ ਜਵਾਹਰ ਲਾਲ ਨਹਿਰੂ ਰਾਸ਼ਟਰੀ ਸੋਲਰ ਮਿਸ਼ਨ ਅਧੀਨ ਸਥਾਪਤ ਕੀਤਾ ਗਿਆ ਹੈ। ਇਨਾਮ ਵੰਡ ਸਮਾਗਮ ਮੌਕੇ ਮੁੱਖ ਮਹਿਮਾਨ ਸ. ਬਾਜਵਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਵੇਂ ਸਾਲ ਦਾ ਕੈਲੰਡਰ ਵੀ ਜਾਰੀ ਕੀਤਾ ਜੋ ਕਿ ਯੂਨੀਵਰਸਿਟੀ ਕੈਂਪਸ ਵਿਚ ਖਿੱਚੀਆਂ ਗਈਆਂ ਪੰਛੀਆਂ ਦੀਆਂ ਫੋੋਟੋਆਂ ਨੂੰ ਆਧਾਰ ਵਿਚ ਰੱਖ ਕੇ ਬਣਾਇਆ ਗਿਆ ਹੈ। ਇਸ ਮੌਕੇ ਪ੍ਰੋ. ਸੰਧੂ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਸਾਲ ਦੇ ਆਖਰੀ ਦਿਨਾਂ ਵਿਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਪਤਾਹ ਦੇ ਨਾਲ ਯੁਵਕ ਮੇਲੇ ਦੀਆਂ ਤਰੀਕਾਂ ਮਿਲ ਜਾਣ `ਤੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਵੱਲੋਂ ਪਹਿਲਾਂ ਨਿਰਧਾਰਤ ਮਿਤੀਆਂ ਅਨੁੁਸਾਰ ਹੀ ਯੁਵਕ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਇਸ ਸਪਤਾਹ ਦੌਰਾਨ ਅਜਿਹੇ ਕੋਈ ਪ੍ਰੋਗਰਾਮ ਨਹੀਂ ਉਲੀਕੇ ਜਾਣਗੇ ਅਤੇ ਯੂਨੀਵਰਸਿਟੀ ਦਾ ਮਕਸਦ ਭਾਵਨਾ ਨੂੰ ਠੇਸ ਪੁਚਾਉਣਾ ਕਦਾਚਿਤ ਵੀ ਨਹੀਂ ਹੋ ਸਕਦਾ ਹੈ। ਉਨ੍ਹਾਂ ਯੂਨੀਵਰਸਿਟੀ ਵੱਲੋਂ ਮੁੱਖ ਮਹਿਮਾਨ ਅਤੇ ਟੀਮ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ `ਤੇ ਸਨਮਾਨ ਵੀ ਕੀਤਾ।
ਇਸ ਤੋਂ ਪਹਿਲਾਂ ਸ੍ਰੀ ਪਾਟਿਲ ਨੇ ਕਿਹਾ ਕਿ ਜੇਤੂ ਯੂਨੀਵਰਸਿਟੀਆਂ ਦੀਆਂ ਟੀਮਾਂ ਫਰਵਰੀ 2020 ਵਿਚ ਹੋਣ ਵਾਲੇ ਰਾਸ਼ਟਰੀ ਯੁਵਕ ਮੇਲੇ ਹਿੱਸਾ ਲੈਣਗੀਆਂ। ਉਨ੍ਹਾਂ ਨੇ ਇਸ ਸਮੇਂ ਐਸੋਸੀਏਸ਼ਨ ਦੇ ਇਤਿਹਾਸ ਦੇ ਵਰਕੇ ਫਰੋਲਦਿਆਂ ਪ੍ਰਾਪਤੀਆਂ ਦੇ ਨਾਲ ਨਾਲ ਅਗਲੇ ਸਾਲਾਂ ਵਿਚ ਕੀਤੇ ਜਾਣ ਵਾਲੇ ਵੱਖ ਵੱਖ ਨਵੇਂ ਪ੍ਰੋਗਰਾਮਾਂ ਤੋਂ ਵੀ ਜਾਣੂ ਕਰਵਾਇਆ।
ਡਾ. ਹਰਦੀਪ ਸਿੰਘ ਨੇ ਯੂਨੀਵਰਸਿਟੀ ਦੇ ਸਫਲਤਾਪੂਰਵਕ ਸੰਪੰਨ ਹੋਏ ਯੂਵਫੋਰੀਆ ਸਿਹਰਾ ਵਿਦਿਆਰਥੀ ਕਲਾਕਾਰਾਂ ਸਿਰ ਸਜਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਜਿਸ ਸਮਰਪਿਤ ਭਾਵਨਾ ਦੇ ਨਾਲ ਮੇਲੇ ਵਿਚ ਹਿੱਸਾ ਲਿਆ ਹੈ, ਦੇ ਕਾਰਨ ਹੀ ਇਹ ਇਤਿਹਾਸ ਸਿਰਜ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਵਿਚ 38 ਯੂਨੀਵਰਸਿਟੀ ਦੇ 1500 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਵੱਲੋਂ ਚੰਗੇ ਅਨੁਸ਼ਾਸਨ ਦਾ ਵਿਖਾਵਾ ਕਰਦਿਆਂ ਆਪਣੀਆਂ ਪੇਸ਼ਕਾਰੀ ਦਿੱਤੀਆਂ ਗਈਆਂ।
ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਸ. ਬਾਜਵਾ ਸਮੇਤ ਪੁੱਜੇ ਸਭ ਪਤਵੰਤਿਆਂ, ਵਿਦਿਆਰਥੀਆਂ, ਟੀਮ ਪ੍ਰਬੰਧਕਾਂ, ਕੋਚਾਂ ਅਤੇ ਸਟਾਫ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਖਤ ਮਿਹਨਤ ਸਦਕਾ ਹੀ ਯੂਨੀਵਰਸਿਟੀ ਇਸ ਮੇਲੇ ਦਾ ਆਯੋਜਨ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਇਹ ਯੁਵਕ ਮੇਲਾ ਵੀ ਯੂਨੀਵਰਸਿਟੀ ਦੇ ਪੰਜਾਹ ਸਾਲਾਂ ਦੇ ਇਤਿਹਾਸ ਵਿਚ ਮੀਲ ਪੱਥਰ ਦੇ ਤੌਰ `ਤੇ ਜਾਣਿਆ ਜਾਵੇਗਾ। ਉਨਾਂ੍ਹ ਯੂਨੀਵਰਸਿਟੀ ਨੂੰ ਮੇਜ਼ਬਾਨੀ ਦੇਣ ਲਈ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦਾ ਵੀ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …