ਨਵੇਂ ਸਾਲ ਦੇ ਨਵੇਂ ਸੂਰਜਾ ਨਵਾਂ ਚਾਨਣ ਲੈ ਆਵੀਂ
ਖੁਸ਼ੀਆਂ ਨਾਲ ਭਰ ਵਿਹੜੇ ਸਭ ਦੀ ਸੁੱਖ ਮੰਨਾਵੀਂ
ਭਲਾ ਲੋੜੀਏ ਸਭ ਦਾ ਇਹੋ ਹੈ ਦੁਹਾਈ
ਵਧਾਈ ਹੋਵੇ ਵਧਾਈ, ਨਵੇਂ ਸਾਲ ਦੀ ਵਧਾਈ……
ਧੀਆਂ ਉਤੇ ਜ਼ੁਲਮ ਹੁਣ ਹੋਰ ਨਾ ਹੋਵਣ
ਕਿਸਮਤ ਮਾਰੀਆਂ ਕਦੇ ਨਾ ਇਹ ਰੋਵਣ
ਵਸਦੇ ਰਹਿਣ ਸਦਾ-ਭੈਣਾਂ ਦੇ ਪਿਆਰੇ ਭਾਈ
ਵਧਾਈ ਹੋਵੇ ਵਧਾਈ, ਨਵੇਂ ਸਾਲ ਦੀ ਵਧਾਈ……..
ਮਾੜੇ ਉਤੇ ਤਕੜੇ ਦਾ ਜ਼ੁਲਮ ਰੁੱਕ ਜਾਵੇ
ਜਾਤਾਂ-ਪਾਤਾਂ ਦਾ ਚੱਕਰ ਇਹ ਮੁੱਕ ਜਾਵੇ
ਬਣ ਚੰਗੇ ਇਨਸਾਨ ਹੋਈਏ ਸਦਾ ਸਹਾਈ
ਵਧਾਈ ਹੋਵੇ ਵਧਾਈ ਨਵੇਂ ਸਾਲ ਦੀ ਵਧਾਈ……
ਦੇਸ਼ ਨਾ ਬਣਨ ਦੁਸ਼ਮਣ ਦੁਸ਼ਮਣ ਨਾ ਬਣੇ ਜੱਗ ‘ਤੇ
ਆਖਿਰ ਮੱਚ ਜਾਂਦਾ ਜੋ ਖੇਡੇ ਸਦਾ ਹੀ ਅੱਗ ‘ਤੇ
ਸਭ ਨੇ ਇਥੇ ਇੱਕੋ- ਹਿੰਦੂ, ਮੁਸਲਿਮ, ਸਿੱਖ ਈਸਾਈ
ਵਧਾਈ ਹੋਵੇ ਵਧਾਈ ਨਵੇਂ ਸਾਲ ਦੀ ਵਧਾਈ……
ਮੁੱਕ ਜਾਵੇ ਵੈਰ-ਵਿਰੋਧ ਜੋ ਹੈ ਧਰਮਾਂ ਦਾ
ਕਦੇ ਨਾ ਮਾਰਿਆ ਮਰਦਾ ਬੰਦਾ ਕਰਮਾਂ ਦਾ
ਹੋਵੇ ਤੇਰੀ ਮੇਰੀ ਕਿਉਂ ਰੋਕੋ ਹੁੰਦੀ ਵੰਡ ਵੰਡਾਈ
ਵਧਾਈ ਹੋਵੇ ਵਧਾਈ ਨਵੇਂ ਸਾਲ ਦੀ ਵਧਾਈ……
ਮਹਿੰਗਾਈ ਨੇ ਸਭ ਮਾਰਤੇ ਰੋਦੇਂ ਨੇ ਗਰੀਬ
ਕਿਹੋ ਜਿਹੇ ਲਿਖ ਦਿੱਤੇ ਦੇਖੋ ਸਾਡੇ ਨਸੀਬ
ਹੱਕ ਕੌਣ ਖਾ ਗਿਆ ਸਾਡਾ ਪਤਾ ਨਾ ਲੱਗਾ ਕਾਈ
ਵਧਾਈ ਹੋਵੇ ਵਧਾਈ ਨਵੇਂ ਸਾਲ ਦੀ ਵਧਾਈ……
ਗੀਤਾਂ ਵਿਚੋਂ ਰੁਕ ਜਾਏ ਚੱਲ ਰਿਹਾ ਨੰਗੇਜ਼
ਨੌਜੁਆਨੀ ਦਾ ਵਧੇ ਨਾ ਨਸ਼ਿਆਂ ਨਾਲ ਹੇਜ਼
ਗੱਭਰੂ ਪੁੱਤ ਪੰਜਾਬੀ ਕਰਨ ਖੇਡਾਂ ਦੀ ਕਮਾਈ
ਵਧਾਈ ਹੋਵੇ ਵਧਾਈ ਨਵੇਂ ਸਾਲ ਦੀ ਵਧਾਈ……
ਨੇਤਾ ਸਾਡੇ ਹੋ ਜਾਵਣ ਜਨਤਾ ਦੇ ਨੇੜੇ
ਆ ਜਾਣੇ ਫੇਰ ਆਪੇ ਖਸ਼ੀਆਂ ਤੇ ਖੇੜੇ
ਰਾਜਨੀਤੀ ਨਾ ਅੱਗ ਲਾਵੇ-ਰਹਿਣ ਵੱਸਦੇ ਭਾਈ ਭਾਈ
ਵਧਾਈ ਹੋਵੇ ਵਧਾਈ ਨਵੇਂ ਸਾਲ ਦੀ ਵਧਾਈ……
ਨਵਾਂ ਸਾਲ ਖੁਸ਼ੀਆਂ ਸਭ ਲਈ ਲੈ ਕੇ ਆਵੇ
ਬੱਬੀ ਤੱਖਰਾਂ ਵਾਲਾ ਸੁੱਖ ਸਭ ਦੀ ਚਾਹਵੇ
ਕਰੋ ਸਤਿਕਾਰ ਬਜੁਰਗਾਂ ਦਾ ਤੋਟ ਨਾ ਰਹੇ ਕਾਈ
ਵਧਾਈ ਹੋਵੇ ਵਧਾਈ ਨਵੇਂ ਸਾਲ ਦੀ ਵਧਾਈ……
ਬਲਬੀਰ ਸਿੰਘ ਬੱਬੀ
ਮੋ – 70091 07300