ਲੌਂਗੋਵਾਲ, 9 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਵਿੱਚ ਲੰਬਾ ਸਮਾਂ ਰਾਜ ਭਾਗ ਕਰਕੇ ਸੁਖਦੇਵ ਸਿੰਘ ਢੀਂਡਸਾ ਦੇ ਅੱਜ ਉਸੇ
ਪਾਰਟੀ ਉੱਪਰ ਲਗਾਏ ਜਾ ਰਹੇ ਦੋਸ਼ ਗੈਰ ਸਿਧਾਂਤਕ ਹਨ।ਇਹਨਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਸੁਖਦੇਵ ਸਿੰਘ ਢੀਂਡਸਾ ਦੀਆਂ ਸ਼੍ਰੋਮਣੀ ਅਕਾਲੀ ਦਲ ਲਈ ਵੱਡੀਆਂ ਸੇਵਾਵਾਂ ਰਹੀਆਂ ਹਨ ਅਤੇ ਜੇਕਰ ਕਿਸੇ ਨੇਤਾ ਨੂੰ ਸ੍ਰੋਮਣੀ ਅਕਾਲੀ ਦਲ ਵਲੋਂ ਵੱਡਾ ਸਤਿਕਾਰ ਮਿਲਿਆ ਹੈ।ਉਹ ਸਿਰਫ ਢੀਂਡਸਾ ਪਰਿਵਾਰ ਹੀ ਹੈ।ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ ਢੀਂਡਸਾ ਨੂੰ ਭਰਾਵਾਂ ਵਾਲਾ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪੁੱਤਰਾਂ ਵਾਲਾ ਪਿਆਰ ਮਿਲਦਾ ਰਿਹਾ ਹੈ।ਜਿਥੇ ਵੱਡੇ ਢੀਂਡਸਾ ਨੂੰ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਵੱਡੇ ਰੁਤਬਿਆ ਦੇ ਤਾਜ ਤੋਂ ਇਲਾਵਾ ਕੇਂਦਰ ਸਰਕਾਰ ਵਿੱਚ ਵਜੀਰੀਆਂ ਤੇ ਕਾਫੀ ਲੰਬਾ ਸਮਾਂ ਬਤੌਰ ਰਾਜ ਸਭਾ ਮੈਂਬਰ ਅਤੇ ਰਾਜ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਣਨ ਦਾ ਸੁਭਾਗਾ ਸਮਾਂ ਮਿਲਿਆ ਅਤੇ ਪਰਮਿੰਦਰ ਢੀਡਸਾ ਨੂੰ ਵੀ ਵੱਡੇ ਬਾਦਲ ਸਾਹਿਬ ਵਲੋਂ ਢੀਂਡਸਾ ਦੀ ਇੱਛਾ ਅਨੁਸਾਰ ਜਿਮਨੀ ਚੋਣ 2000 ‘ਚ ਹਲਕਾ ਸੁਨਾਮ ਤੋਂ ਟਿਕਟ ਦੇ ਵਿਧਾਇਕ ਬਣਾਇਆ ਤੇ ਉਸ ਤੋਂ ਬਾਅਦ ਦੋ ਵਾਰ ਕੈਬਨਿਟ ਮੰਤਰੀ ਤੇ ਵਿਧਾਇਕ ਦਲ ਦਾ ਨੇਤਾ ਸ਼੍ਰੋਮਣੀ ਅਕਾਲੀ ਦਲ ਵਲੋਂ ਹੀ ਬਣਾਇਆ ਜਾਂਦਾ ਰਿਹਾ ਹੈ।ਢੀਂਡਸਾ ਸਾਹਿਬ ਦੀ ਇੱਛਾ ਮੁਤਾਬਿਕ ਹੀ ਇਹਨਾਂ ਨੂੰ ਆਪਣਾ ਹਲਕਾ ਚੁਨਣ ਦਾ ਅਧਿਕਾਰ ਵੀ ਰਿਹਾ ਹੈ ਤੇ ਇਹਨਾਂ ਦੀ ਮਰਜ਼ੀ ਮੁਤਾਬਿਕ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਹਲਕਾ ਲਹਿਰਾਗਾਗਾ ਪਰਮਿੰਦਰ ਸਿੰਘ ਢੀਂਡਸਾ ਤੇ ਹਲਕਾ ਮੋਹਾਲੀ ਢੀਂਡਸਾ ਸਾਹਿਬ ਦੇ ਜਵਾਈ ਨੂੰ ਮਿਲੇ ਸਨ।ਫਿਰ ਜਦੋਂ ਲਗਭਗ ਚਾਰ ਦਹਾਕਿਆਂ ਤੋਂ ਸੰਗਰੂਰ ਬਰਨਾਲਾ ਜਿਲੇ ਵਿਚ ਸੱਤਾ ਦਾ ਹਰ ਸੁੱਖ ਭੋਗ ਕੇ ਅੱਜ ਸੁਖਬੀਰ ਸਿੰਘ ਬਾਦਲ ਤੇ ਪਰਿਵਾਰਵਾਦ, ਡਿਕਟੇਟਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦਲ ਉਪਰ ਸਿਧਾਂਤਹੀਣ ਵਰਗੇ ਦੋਸ਼ ਲਗਾਉਣੇ ਢੀਂਡਸਾ ਪਰਿਵਾਰ ਨੂੰ ਸੋਭਾ ਨਹੀਂ ਦਿੰਦੇ ਹਨ।ਸ਼੍ਰੋਮਣੀ ਅਕਾਲੀ ਦੇ ਲੀਡਰਾਂ ਦਾ ਸਿਆਸੀ ਕਤਲ, ਪਾਰਟੀ ਚੋਂ ਬਾਹਰ ਦਾ ਰਸਤਾ ਤੇ ਆਪਣੀ ਹੀ ਪਾਰਟੀ ਦੇ ਲੀਡਰਾਂ ਨੂੰ ਹਰਾਉਣ ਦੇ ਦੋਸ਼ ਢੀਂਡਸਾ ਸਾਹਿਬ ‘ਤੇ ਲੰਬੇ ਸਮੇਂ ਤੋਂ ਲੱਗਦੇ ਆ ਰਹੇ ਹਨ ।
ਗੋਲਡੀ ਨੇ ਕਿਹਾ ਕਿ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਲਈ ਅੱਜ ਵੀ ਸਤਿਕਾਰਤ ਲੀਡਰ ਹਨ, ਪਰ ਉਹਨਾਂ ਨੂੰ ਝੂਠੀ, ਬੇਬੁਨਿਆਦ ਤੇ ਗੈਰ ਸਿਧਾਂਤਕ ਦੂਸ਼ਣਬਾਜ਼ੀ ਤੋਂ ਗੁਰੇਜ ਕਰਨਾ ਚਾਹੀਦਾ ਹੈ ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media