ਭੀਖੀ, 20 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ)- ਸਥਾਨਕ ਕਮਿਊਨਿਟੀ ਹੈਲਥ ਸੈਂਟਰ ਵਿਖੇ ਡਾਕਟਰਾਂ ਅਤੇ ਸਟਾਫ ਦੇ ਡਿਊਟੀ ਤੋਂ ਲੇਟ ਪਹੁੰਚਣ ਤੋਂ
ਨਾਰਾਜ਼ ਸ਼ਹਿਰ ਵਾਸੀਆਂ ਨੇ ਨਗਰ ਪੰਚਾਇਤ ਪ੍ਰਧਾਨ ਦੀ ਹਾਜ਼ਰੀ ਵਿੱਚ ਸਵੇਰੇ ਡਿਊਟੀ ਟਾਇਮ `ਤੇ ਹਸਪਤਾਲ ਵਿਖੇ ਪਹੁੰਚ ਕੇ ਹਸਪਤਾਲ ਦਾ ਜਾਇਜ਼ਾ ਲਿਆ।ਗੈਰਹਾਜ਼ਰ ਸਟਾਫ ਤੋਂ ਭੜਕੇ ਲੋਕਾਂ ਨੇ ਸੀਨੀਅਰ ਮੈਡੀਕਲ ਅਫਸਰ ਖਿਲਾਫ ਨਾਅਰੇਬਾਜ਼ੀ ਕੀਤੀ।
ਗੁਰਨਾਮ ਸਿੰਘ ਅਤੇ ਦਰਸ਼ਨ ਟੇਲਰ ਭੀਖੀ ਨੇ ਕਿਹਾ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਟਾਫ ਦੇ ਹਸਪਤਾਲ ਲੇਟ ਆਉਣ ਦਾ ਸਿਲਸਿਲਾ ਚੱਲ ਰਿਹਾ ਹੈ।ਪ੍ਰੰਤੂ ਜਦ ਉਨ੍ਹਾਂ ਵਲੋਂ ਸੋਮਵਾਰ ਸਵੇਰੇ 9.00 ਵਜੇ ਹਸਪਤਾਲ ਪਹੁੰਚ ਕੇ ਦੇਖਿਆ ਗਿਆ ਤਾਂ ਇੱਕਾ-ਦੁੱਕਾ ਨੂੰ ਛੱਡ ਬਾਕੀ ਸਟਾਫ ਡਿਊਟੀ ‘ਤੇ ਨਹੀਂ ਪਹੁੰਚਿਆ ਸੀ।ਹੋਰ ਤਾਂ ਹੋਰ ਖੁਦ ਸੀਨੀਅਰ ਮੈਡੀਕਲ ਅਫਸਰ ਵੀ ਅਜੇ ਨਹੀਂ ਆਏ ਸਨ ਅਤੇ ਪਰਚੀ ਕਾਊਂਟਰ ਵੀ ਅਜੇ ਤੱਕ ਨਹੀਂ ਖੁੱਲ੍ਹਾ ਸੀ, ਜਿਸ ਤੋਂ ਭੜਕੇ ਲੋਕਾਂ ਨੇ ਸੀਨੀਅਰ ਮੈਡੀਕਲ ਅਫਸਰ ਖਿਲਾਫ ਨਾਅਰੇਬਾਜ਼ੀ ਕੀਤੀ।ਇਸ ਤੋਂ ਇਲਾਵਾ ਜਦ ਵਾਰਡਾਂ ਵਿੱਚ ਜਾ ਕੇ ਦੇਖਿਆ ਗਿਆ ਤਾਂ ਉਥੇ ਕਿਸੇ ਵੀ ਬੈਡ `ਤੇ ਕੋਈ ਚਾਦਰ ਤੱਕ ਨਹੀਂ ਸੀ ਅਤੇ ਸਫਾਈ ਦਾ ਵੀ ਬਹੁਤ ਮਾੜਾ ਹਾਲ ਸੀ।
ਸੂਚਨਾ ਮਿਲਦੇ ਹੀ ਜਦ ਸੀਨੀਅਰ ਮੈਡੀਕਲ ਅਫਸਰ ਪੁਸ਼ਪਿੰਦਰ ਸਿੰਗਲਾ ਅਤੇ ਹੋਰ ਸਟਾਫ ਡਿਊਟੀ `ਤੇ ਪੁੱਜੇ ਤਾਂ ਸ਼ਹਿਰ ਵਾਸੀਆਂ ਨੇ ਸੀਨੀਅਰ ਮੈਡੀਕਲ ਅਫਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਜਿਆਦਾਤਰ ਸਟਾਫ ਦੀ ਡਿਊਟੀ ਪਲਸ ਪੋਲੀਓ ਵਿੱਚ ਲੱਗੇ ਹੋਣ ਦੀ ਗੱਲ ਕਹੀ।ਸ਼ਹਿਰ ਵਾਸੀਆਂ ਵਲੋਂ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਜਲਦ ਹੀ ਇੰਨ੍ਹਾਂ ਦਿੱਕਤਾਂ ਨੂੰ ਦੂਰ ਕਰਨ ਦਾ ਭਰੋਸਾ ਦਿਵਾਇਆ, ਜਿਸ ਤੋਂ ਬਾਅਦ ਲੋਕ ਸ਼ਾਂਤ ਹੋਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁੱਖਾ ਪੰਡਤ, ਬਿੰਦਰ ਸਿੰਘ ਬੋਘਕਾ, ਬਲਵੀਰ ਸਿੰਘ ਧੀਰਾ, ਗੁਰਦੀਪ ਸਿੰਘ, ਕਾਲਾ ਨੰਬਰਦਾਰ ਅਤੇ ਬਿੰਦਰੀ ਨੰਬਰਦਾਰ ਆਦਿ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media