ਚਿੱਤਰ ਤੇ ਕਵਿਜ਼ ਮੁਕਾਬਲਿਆਂ ਦੇ ਜੇਤੂਆਂ ਨੂੰ ਕੀਤਾ ਸਨਮਾਨਿਤ
ਪਠਾਨਕੋਟ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵਲੋਂ ਪਠਾਨਕੋਟ ਦੇ ਅਵਲੋਨ
ਸੀਨੀਅਰ ਸੈਕੰਡਰੀ ਸਕੂਲ ਵਿੱਚ ਸਵੱਛ ਭਾਰਤ ਅਭਿਆਨ ਦਾ ਸੁਨੇਹਾ ਦਿੰਦਿਆਂ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਮੰਚ ਤੋਂ ਬੋਲਦਿਆਂ ਮਿਨਿਸਟਰੀ ਆਫ ਆਈ ਐਂਡ ਬੀ ਦੇ ਅਧਿਕਾਰੀ ਗੁਰਮੀਤ ਸਿੰਘ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ‘ਤੇ ਸਵੱਛਤਾ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ। ਸ਼ਾਸਤਰੀ ਜੀ ਨੇ ‘ਜੈ ਜਵਾਨ ਜੈ ਕਿਸਾਨ‘ ਦਾ ਨਾਅਰਾ ਦਿੱਤਾ ਸੀ, ਜਿਸ ਨੂੰ ਦੇਸ਼ ਵਾਸੀਆਂ ਨੇ ਵੱਡੇ ਪੱਧਰ ‘ਤੇ ਹੁੰਗਾਰਾ ਦਿੱਤਾ ਸੀ।ਇਸੇ ਤਰ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਵਲੋਂ ਦੇਸ ਦੀ ਆਜਾਦੀ ਲਈ ਜੋ ਯੋਗਦਾਨ ਮੰਗਿਆ ਗਿਆ, ਉਸ ਵਿੱਚ ਵੀ ਦੇਸ਼ ਵਾਸੀਆਂ ਨੇ ਵੱਧ ਚੜ੍ਹ ਕੇ ਹੁੰਗਾਰਾ ਦਿੱਤਾ। ਕੁਝ ਇਸੇ ਤਰ੍ਹਾਂ ਹੁਣ ਸਵੱਛਤਾ ਮੁਹਿੰਮ ਨੂੰ ਵੀ ਜਨ-ਅੰਦੋਲਨ ਬਣਾਉਣ ਦੀ ਲੋੜ ਹੈ।ਉਨ੍ਹਾਂ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਲਈ ਭਾਰਤ ਸਰਕਾਰ ਦੀ ਮੁਹਿੰਮ ਨੂੰ ਸਫਲ ਬਣਾਉਣ ਦੀ ਅਪੀਲ ਵੀ ਮੰਚ ਤੋਂ ਕੀਤੀ।ਸਵੱਛ ਭਾਰਤ ਦੇ ਨਾਲ ਨਾਲ ਫਿਟ ਇੰਡੀਆ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਸੁਨੇਹਾ ਵੀ ਦਿੱਤਾ ਗਿਆ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮਨਜੀਤ ਮੱਲ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਨੂੰ ਜਨ ਮੁਹਿੰਮ ਬਣਾਉਣ ਵਿੱਚ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਪੰਜਾਬ ਸਮੇਤ ਦੇਸ਼ ਭਰ ਵਿੱਚ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਮੌਕੇ ‘ਤੇ ਕਰਵਾਏ ਗਏ ਚਿੱਤਰ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਚਿੱਤਰ ਲੇਖ ਮੁਕਾਬਲੇ ਵਿਚ ਸੁਮਨ ਕੁਮਾਰੀ ਨੇ ਪਹਿਲਾ, ਰਾਧਿਕਾ ਵਰਮਾ ਨੇ ਦੂਜਾ ਅਤੇ ਭੂਮਿਕਾ ਭੰਡਾਰੀ ਨੇ ਤੀਜਾ ਸਥਾਨ ਹਾਸਲ ਕੀਤਾ।ਬੱਚਿਆਂ ਤੇ ਅਧਿਆਪਕਾਂ ਨੂੰ ਆਪਣੇ ਚਾਰ ਚੁਫੇਰੇ ਨੂੰ ਸਾਫ ਰੱਖਣ ਦੀ ਸਹੁੰ ਵੀ ਚੁਕਾਈ ਗਈ।ਸਕੂਲੀ ਵਿਦਿਆਰਥੀਆਂ ਵਲੋਂ ਸਵੱਛਤਾ ਦਾ ਸੁਨੇਹਾ ਦਿੰਦੀ ਇਕ ਰੈਲੀ ਵੀ ਕੱਢੀ ਗਈ ।
Punjab Post Daily Online Newspaper & Print Media