Monday, December 23, 2024

ਖਾਲਸਾ ਕਾਲਜ ‘ਗਲੋਬਲ ਐਲੂਮਨੀ ਬਾਡੀ’ ਦਾ ਕੀਤਾ ਗਿਆ ਐਲਾਨ

ਕਾਲਜ ਦੇ ਸਾਬਕਾ ਵਿਦਿਆਰਥੀ ਕਾਲਜ ਦੀ ਤਰੱਕੀ ਤੇ ਵਿਕਾਸ ਲਈ ਹੋਣਗੇ ਲਾਮਬੱਧ
ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ 5 ਮਾਰਚ ਨੂੰ ਇਤਿਹਾਸਕ ਖ਼ਾਲਸਾ ਕਾਲਜ ਦੇ KC Chhinaਸਥਾਪਨਾ ਦਿਵਸ ਮੌਕੇ ਹੋਣ ਜਾ ਰਹੀ ਐਲੂਮਨੀ ਮੀਟ ਦੇ ਸਬੰਧ ’ਚ ‘ਖਾਲਸਾ ਕਾਲਜ ਗਲੋਬਲ ਅਲੂਮਨੀ ਐਸੋਸੀਏਸ਼ਨ’ ਦਾ ਐਲਾਨ ਕੀਤਾ।ਉਕਤ ਅੰਤਰ ਰਾਸ਼ਟਰੀ ਪੱਧਰ ਦੀ ਸੰਸਥਾ 128 ਸਾਲ ਪੁਰਾਣੇ ਇਸ ਵਿਦਿਅਕ ਅਦਾਰੇ ਦੀ ਤਰੱਕੀ ਅਤੇ ਵਿਕਾਸ ਲਈ ਇਕਜੁੱਟ ਹੋ ਕੇ ਕਾਰਜ ਕਰੇਗੀ।
         ਗਲੋਬਲ ਐਸੋਸੀਏਸ਼ਨ ’ਚ ਅਮਰੀਕਾ, ਕੈਨੇਡਾ, ਯੂ.ਕੇ, ਆਸਟਰੇਲੀਆ ਅਤੇ ਯੂਰਪ ’ਚ ਵੱਸਦੇ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੂੰ ਅਹੁਦੇਦਾਰੀਆਂ ਸੌਂਪਦਿਆਂ ਹੋਇਆ ਇਹ ਐਲਾਨ ਕੀਤਾ ਗਿਆ ਕਿ ਪੁਰਾਣੇ ਵਿਦਿਆਰਥੀ ਲਾਮਬੱਧ ਹੋ ਕੇ ਕਾਲਜ ਦੇ ਭਲੇ ਲਈ ਹੰਭਲਾ ਮਾਰਨਗੇ।ਉਪਰੋਕਤ ਸੰਸਥਾ ਕਾਲਜ ਪ੍ਰਿੰਸੀਪਲ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਕਾਲਜ ਦੀਆਂ ਅਮੀਰ ਪ੍ਰੰਪਰਾਵਾਂ ਅਤੇ ਵਿਰਾਸਤ ਨੂੰ ਉਜਾਗਰ ਕਰਨਗੇ।
            ਕੌਂਸਲ ਅਤੇ ਪਿ੍ਰੰਸੀਪਲ ਦੁਆਰਾ ਸਾਂਝੇ ਤੌਰ ’ਤੇ ਘੋਸ਼ਿਤ ਇਹ ਸੰਸਥਾ ਸਿਰਮੌਰ ਅਦਾਰੇ ਦੇ ਚਹੁਪੱਖੀ ਵਿਕਾਸ, ਜਿਸ ’ਚ ਵਿੱਦਿਅਕ, ਖੇਡਾਂ, ਸਭਿਆਚਾਰਕ ਅਤੇ ਪਾਠਕ੍ਰਮ ਦੀਆਂ ਹੋਰ ਗਤੀਵਿਧੀਆਂ ਪ੍ਰਮੁੱਖ ਹਨ, ’ਚ ਹੋਰ ਸੁਧਾਰ ਲਿਆਉਣ ਲਈ ਆਪਣੇ ਵਡਮੁੱਲੇ ਸੁਝਾਅ ਪ੍ਰਦਾਨ ਕਰੇਗੀ।
            ਇਸ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਜੋ ਕਿ ਇਸ ਸੰਸਥਾ ਦੇ ਪ੍ਰਮੁੱਖ ਪੈਟਰਨ ਹਨ, ਨੇ ਸਮੂਹ ਸਾਬਕਾ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਾਲਜ ਦੀ 5 ਮਾਰਚ 2020 ਨੂੰ ਆਉਣ ਵਾਲੀ ਅਲੂਮਨੀ ਮੀਟ ਦੇ ਆਯੋਜਨ ਕਰਨ ’ਚ ਯੋਗਦਾਨ ਪਾਉਣ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਇਹ ਨਵ-ਸਥਾਪਿਤ ਸੰਸਥਾ ਅਗਲੇ ਮਹੀਨੇ ਹੋਣ ਵਾਲੀ ਗਲੋਬਲ ਐਲਮੂਨੀ ਮੀਟ ਨੂੰ ਸਫ਼ਲਤਾ ਪੂਰਵਕ ਆਯੋਜਿਤ ਕਰਨ ’ਚ ਆਪਣਾ ਯੋਗਦਾਨ ਪਾਵੇਗੀ। ਦੁਨੀਆਂ ਦੇ ਹਰੇਕ ਕੋਨੇ ’ਚ ਮੌਜ਼ੂਦ ਕਾਲਜ ਦੇ ਸਾਬਕਾ ਵਿਦਿਆਰਥੀਆਂ ਵਲੋਂ ਉਕਤ ਐਲੂਮਨੀ ਬਾਡੀ ਦੇ ਗਠਨ ਸਬੰਧੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ।ਜਿਸ ਲਈ ਕੇ.ਸੀ.ਜੀ.ਏ.ਏ ਦਾ ਗਠਨ ਕੀਤਾ ਗਿਆ ਹੈ।
             ਡਾ: ਮਹਿਲ ਸਿੰਘ ਨੇ ਕਿਹਾ ਕਿ ਇਹ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਪੁਰਾਣੇ ਵਿਦਿਆਰਥੀ ਕਾਲਜ ਦੇ ਵਿਕਾਸ ਅਤੇ ਤਰੱਕੀ ਲਈ ਯੋਗਦਾਨ ਪਾਉਣਾ ਚਾਹੁੰਦੇ ਹਨ।ਕੇ.ਸੀ.ਜੀ.ਏ.ਏ ਦੀ ਸਹਾਇਤਾ ਨਾਲ ਹੁਣ ਅਸੀਂ ਹਰ ਸਾਲ ਕੈਂਪਸ ’ਚ ਐਲੂਮਨੀ ਮੀਟ ਦਾ ਪ੍ਰਬੰਧ ਕਰ ਸਕਾਂਗੇ ਇਸ ਵਾਰ ਵੀ ਵੱਡੀ ਗਿਣਤੀ ’ਚ ਸਾਬਕਾ ਕਾਲਜ ਵਿਦਿਆਰਥੀਆਂ ਵਲੋਂ 5 ਮਾਰਚ ਨੂੰ ਵਿਰਾਸਤੀ ਕਾਲਜ ਕੈਂਪਸ ਵਿਖੇ ਇਕੱਤਰ ਹੋਣ ਦੀ ਉਮੀਦ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਕੌਂਸਲ ਦੇ ਮੈਂਬਰ ਅਤੇ ਕਲਾ ਤੇ ਵਿਰਾਸਤ ’ਚ ਵਿਸ਼ਵ ਪ੍ਰਸਿੱਧੀ ਪ੍ਰਾਪਤ ਡਾ. ਦਵਿੰਦਰ ਸਿੰਘ ਛੀਨਾ ਐਸੋਸੀਏਸ਼ਨ ਦੇ ਕਨਵੀਨਰ ਅਤੇ ਡੀ.ਐਸ ਰਟੌਲ ਇਸ ਦੇ ਸਹਿ-ਕਨਵੀਨਰ ਹੋਣਗੇ।
           ਅੰਤਰਰਰਾਸ਼ਟਰੀ ਪੱਧਰ ’ਤੇ ਆਰਟ ਅਤੇ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਕਨਵੀਨਰ ਡਾ. ਦਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਕੇ.ਸੀ.ਜੀ.ਏ.ਏ ਦੇ ਸਰਪ੍ਰਸਤਾਂ ’ਚ ਅਮਰੀਕਾ ਤੋਂ ਡਾ. ਬਖਸ਼ੀਸ਼ ਸਿੰਘ ਸੰਧੂ, ਕੈਨੇਡਾ ਤੋਂ ਤੇਲ ਇੰਜੀਨੀਅਰ ਕੁਲਦੀਪ ਸਿੰਘ ਸੰਧੂ, ਆਈ.ਪੀ.ਐਸ ਮੁਖਵਿੰਦਰ ਸਿੰਘ ਛੀਨਾ, ਓਲੰਪੀਅਨ ਅਤੇ ਆਈ.ਪੀ.ਐਸ ਕਰਤਾਰ ਸਿੰਘ ਪਹਿਲਵਾਨ ਅਤੇ ਪੀ.ਏ.ਯੂ ਦੇ ਵੀ.ਸੀ ਡਾ .ਬਲਦੇਵ ਸਿੰਘ ਸ਼ਾਮਿਲ ਹਨ।
          ਨੇਡਾ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ ਕੈਨੇਡਾ ਚੈਪਟਰ ਦੀ ਅਗਵਾਈ ਕਰਨਗੇ, ਕੈਲੀਫੋਰਨੀਆ ਚੈਪਟਰ ਦੀ ਅਗਵਾਈ ਦਲਜੀਤ ਸਿੰਘ ਸੰਧੂ, ਪ੍ਰਭ ਗਿੱਲ ਸਾਬਕਾ ਵਿਧਾਇਕ ਕੈਨੇਡਾ ਅਲਬਰਟਾ ਚੈਪਟਰ ਦੀ, ਭੁਪਿੰਦਰ ਸਿੰਘ ਹਾਲੈਂਡ ਯੂਰਪੀਅਨ ਚੈਪਟਰ ਦੀ, ਇੰਦਰ ਸਿੰਘ ਜੰਮੂ ਯੂ.ਕੇ ਚੈਪਟਰ, ਮਹਿਤਾਬ ਸਿੰਘ ਕਾਹਲੋਂ ਵਾਸ਼ਿੰਗਟਨ ਚੈਪਟਰ, ਗੁਰਵਰਿੰਦਰ ਕੌਰ ਸੰਧੂ ਪੈਨਸਿਲਵੇਨੀਆ ਚੈਪਟਰ ਦੀ, ਪ੍ਰੋ: ਸ਼ਮੀਰ ਸਿੰਘ ਬਿ੍ਰਟਿਸ਼ ਕੋਲੰਬੀਆ ਚੈਪਟਰ (ਕੈਨੇਡਾ) ਦੀ, ਗੁਲਵੀਰ ਸਿੰਘ ਸੈਣੀ ਪਰਥ ਚੈਪਟਰ, ਜੇ.ਐਸ ਚੀਮਾ ਕੈਲਗਰੀ ਚੈਪਟਰ ਦੀ, ਗੁਰਚਰਨ ਸਿੰਘ ਢਿੱਲੋਂ ਸੀਏਟਲ ਚੈਪਟਰ ਅਤੇ ਹਰਪ੍ਰੀਤ ਸਿੰਘ ਭੱਟੀ ਮੀਡੀਆ ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾਉਣਗੇ।
           ਇਸ ਮੌਕੇ ਡਾ. ਛੀਨਾ ਨੇ ਦੱਸਿਆ ਕਿ ਕੇ.ਸੀ.ਜੀ.ਏ.ਏ ਦੀ ਕਾਰਜਕਾਰੀ ਸੰਸਥਾ ’ਚ ਪੀ.ਸੀ.ਐਸ ਅਧਿਕਾਰੀ ਏ.ਐਸ ਭੁੱਲਰ, ਸਾਬਕਾ ਐਸ.ਐਸ.ਪੀ ਗੁਰਦੀਪ ਸਿੰਘ, ਆਈ.ਪੀ.ਐਸ ਜਸਦੀਪ ਸਿੰਘ ਸੈਣੀ, ਡਿਪਟੀ ਡਾਇਰੈਕਟਰ ਸਰਬਜਿੰਦਰ ਸਿੰਘ ਰੰਧਾਵਾ, ਸਵਰਨ ਸਿੰਘ ਮੁਹਾਲੀ, ਗੁਰਚਰਨ ਸਿੰਘ ਬੋਪਾਰਾਏ, ਗੁਰਪ੍ਰੀਤ ਸਿੰਘ ਰਿਆੜ, ਗੁਰਿੰਦਰ ਸਿੰਘ ਮਹਿਰੋਕ, ਕੁਲਬੀਰ ਸਿੰਘ ਬਰਾੜ, ਤੇਜਿੰਦਰ ਸਿੰਘ ਖਾਲਸਾ, ਨਵਦੀਪ ਸਿੰਘ ਭਾਰਤੀ ਡੀਨ, ਹਰਬਖਸ਼ ਸਿੰਘ ਭੱਟੀ ਅਤੇ ਸਿਮਰਪਾਲ ਸਿੰਘ ਸ਼ਾਮਿਲ ਹਨ।ਛੀਨਾ ਨੇ ਕਿਹਾ ਕਿ ਵੱਖ-ਵੱਖ ਸੈਕਟਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਅਤੇ ਬਾਅਦ ’ਚ ਹੋਰ ਅਧਿਆਏ ਐਲਾਨੇ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਸਾਬਕਾ ਵਿਦਿਆਰਥੀ ਖਾਲਸਾ ਕਾਲਜ ਦੀ ਅਮੀਰ ਸਭਿਆਚਾਰਕ ਤੇ ਵਿਰਾਸਤ ਦੇ ਵਿਕਾਸ ਤੇ ਤਰੱਕੀ ਲਈ ਕੰਮ ਕਰਨ ਲਈ ਵਚਨਬੱਧ ਹਨ।
          ਇਸ ਮੌਕੇ ਡਾ. ਛੀਨਾ ਨੇ ਕਿਹਾ ਕਿ ਕਾਲਜ ਅਗਲੇ ਮਹੀਨੇ ਆਪਣਾ 128ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ ਅਤੇ ਕੇ.ਸੀ.ਜੀ.ਏ.ਏ ਵਲੋਂ ਇਸ ਸਮਾਗਮ ਮੌਕੇ ਇਕ ਪੁੱਲ ਵਜੋਂ ਕਾਰਜ ਕੀਤਾ ਜਾ ਰਿਹਾ ਹੈ, ਤਾਂ ਜੋ ਸਾਬਕਾ ਵਿਦਿਆਰਥੀ ਇਸ ਜਸ਼ਨ ਦੇ ਮੌਕੇ ਸ਼ਾਮਿਲ ਹੋ ਸਕਣ ਅਤੇ ਕਾਲਜ ਦੀ ਉਨਤੀ ਲਈ ਯਤਨ ਕਰ ਸਕਣ।ਉਨ੍ਹਾਂ ਕਿਹਾ ਕਿ ਅਸੀਂ ਵਿਸ਼ਵ ਲੋਕ ਤਿਉਹਾਰਾਂ ਰਾਹੀਂ ਅੰਤਰ-ਸੱਭਿਆਚਾਰਕ ਅਤੇ ਅੰਤਰ-ਅਕਾਦਮਿਕ ਆਦਾਨ-ਪ੍ਰਦਾਨ ਪ੍ਰੋਗਰਾਮਾਂ ਦੀ ਵੀ ਇੱਛਾ ਰੱਖਦੇ ਹਾਂ।ਉਨ੍ਹਾਂ ਕਿਹਾ ਕਿ ਕੋਈ ਵੀ ਸਾਬਕਾ ਵਿਦਿਆਰਥੀ ਉਪਰੋਕਤ ਅਲੂਮਨੀ ’ਚ ਆਪਣਾ ਨਾਂਅ ਦਰਜ਼ ਕਰਵਾਉਣ ਲਈ ਕਾਲਜ ਦੇ ਪ੍ਰਿੰਸੀਪਲ ਨਾਲ ਸੰਪਰਕ ਕਰ ਸਕਦਾ ਹੈ ਅਤੇ ਕਾਲਜ ਦੀ ਵੈਬਸਾਈਟ ’ਤੇ ਜਾ ਸਕਦਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …