ਫਿਰਦੌਸ ਨਾਟਕ ਦੀ ਭਾਵਪੂਰਤ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਲਿਆ
ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ- ਖੁਰਮਣੀਆਂ) – ਪੰਜਵੇਂ ‘ਅੰਮਿਤਸਰ ਸਾਹਿਤ ਉਤਸਵ’ ਦੇ ਦੂਜੇ ਦਿਨ ਦੌਰਾਨ ਉਤਰੀ ਭਾਰਤ ਦੀਆਂ ਪੰਜ ਪ੍ਰੁਮੁੱਖ
ਯੂਨੀਵਰਸਿਟੀਆਂ ਦੇ ਪੀ.ਐਚ.ਡੀ ੴਹਟਟਪ://ਪ.ਿੳੇਚ.ਡ/ਿ ਕਰ ਰਹੇ ਖੋਜਾਰਥੀਆਂ ਦੀ ਵਿਚਾਰ ਚਰਚਾ ਅਤੇ `ਫਿਰਦੌਸ` ਨਾਟਕ ਦੀ ਪੇਸ਼ਕਾਰੀ ਕੀਤੀ ਗਈ ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਅਤੇ ਰੁਚੀ ਨਾਲ ਭਾਗ ਲਿਆ।
`ਖੋਜ ਚਿੰਤਨ ਸਿਧਾਂਤ ਤੇ ਵਿਧੀ` ਵਿਸ਼ੇ ਉਪਰ ਹੋਈ ਵਿਚਾਰ ਚਰਚਾ ਦੌਰਾਨ ਪੰਜਾਬ ਵਿਚ ਪਹਿਲੀ ਵਾਰ ਖੋਜਾਰਥੀਆਂ ਨੇ ਭਾਰਤੀ ਅਕਾਦਮਿਕਤਾ ਦੀਆਂ ਸਮੱਸਿਆਵਾਂ ਅਤੇ ਜਾਨਣ ਅਤੇ ਸਮਝਣ ਦੀ ਪ੍ਰਭਾਵਸ਼ਾਲੀ ਕੋਸ਼ਿਸ਼ ਕੀਤੀ।ਵਿਚਾਰ ਚਰਚਾ ਦੌਰਾਨ ਬਹੁਤ ਹੀ ਮਹੱਤਵਪੂਰਨ ਨੁਕਤਿਆਂ ਨੂੰ ਵਿਚਾਰਿਆ ਗਿਆ ਜਿਸ ਵਿਚ ਸਾਂਝੇ ਰੂਪ ਨਾਲ ਇਹ ਸਿੱਟਾ ਨਿਕਲਿਆ ਕਿ ਭਾਰਤ ਸਰਕਾਰ ਨੂੰ ਯੂਨੀਵਰਸਿਟੀ, ਖੋਜ ਆਦਿ ਧਾਰਨਾਵਾਂ ਦੀ ਪੁਨਰ ਸਮਝ ਕੀਤੇ ਜਾਣ ਦੀ ਲੋੜ ਹੈ ਅਤੇ ਇਸ ਤੋਂ ਇਲਾਵਾ ਖੋਜਾਰਥੀਆਂ ਨੇ ਇਸ ਗੱਲ ਉਪਰ ਵੀ ਜ਼ੋਰ ਦਿੱਤਾ ਕਿ ਮੌਜੂਦਾ ਅਕਾਦਮਿਕ ਖੋਜ ਅਤੇ ਵਿਧੀ ਦੇ ਅੰਤਰ ਸਬੰਧਾਂ ਨੂੰ ਨਿਰਧਾਰਤ ਕਰਨਾ ਅਤੀ ਜ਼ਰੂਰੀ ਹੋ ਗਿਆ ਹੈ। ਖੋਜ ਨਾਲ ਜੁੜੇ ਪ੍ਰਸ਼ਨਾਂ ਦੀ ਸੰਤੁਲਿਤ ਸਮਝ ਪੈਦਾ ਕਰਨ ਹਿਤ ਮੌਜੂਦਾ ਵਿਦਿਆਰਥੀ ਨੂੰ ਕਠਿਨ ਗਿਆਨਾਤਮਕ ਅਭਿਆਸ ਵਿਚ ਉਤਰਨਾ ਪਵੇਗਾ।
ਇਸ ਮੌਕੇ ਜਾਮੀਆ ਮਿਲੀਆ ਇਸਲਾਮੀਆ ਨਵੀਂ ਦਿੱਲੀ ਤੋਂ ਪੀ.ਐਚ.ਡੀ ਕਰ ਰਹੇ ਖੋਜਾਰਥੀ ਪੀਰਜ਼ਾਦਾ ਮੀਰ ਉਲ ਇਸਲਾਮ ਨੇ ਕਿਹਾ ਕਿ ਸਾਡਾ ਡਾਕਟਰੇਟ ਕਰ ਰਿਹਾ ਵਿਦਿਆਰਥੀ ਵੀ ਸਮਾਜਿਕ-ਸਭਿਆਚਾਰਕ ਨੂੰ ਸਮਝਣ ਦੀ ਥਾਂ ਮੁਕਾਬਲੇ ਦੇ ਇਮਤਿਹਾਨਾਂ ਰਾਹੀਂ ਪਾਸ ਹੋ ਕੇ ਸ਼ਾਰਟ ਕਟ ਆਰਥਿਕਤਾ ਦੇ ਰਾਹ ਪੈ ਗਿਆ ਹੈ।ਇਹ ਹੀ ਸਾਡੀ ਵਿਦਿਅਕ ਪ੍ਰਣਾਲੀ ਦਾ ਦੁਖਾਂਤ ਹੈ।ਜੇ.ਐਨ.ਯੂ ਨਵੀਂ ਦਿੱਲੀ ਤੋਂ ਵਰੁਣ ਵਿਗਮਲ ਨੇ ਕਿਹਾ ਕਿ ਉਦਾਰਵਾਦੀ ਧਾਰਾ ਅਧੀਨ ਰਾਜਨੀਤਿਕ ਪ੍ਰਬੰਧ ਨੇ ਸਾਡੀਆਂ ਯੂਨੀਵਰਸਿਟੀਆਂ ਨੂੰ ਬਜ਼ਾਰ ਵਜੋਂ ਪ੍ਰਭਾਸ਼ਿਤ ਕਰ ਦਿਤਾ ਹੈ ਜਿਸ ਕਰਕੇ ਸਾਡੀ ਯੂਨੀਵਰਸਿਟੀ ਪ੍ਰਬੰਧ ਨਿਘਾਰ ਵੱਲ ਜਾ ਰਿਹਾ ਹੈ।
ਦਿੱਲੀ ਯੂਨੀਵਰਸਿਟੀ ਦਿੱਲੀ ਤੋਂ ਵਿਚਾਰ ਚਰਚਾ ਵਿਚ ਭਾਗ ਲੈ ਰਹੇ ਮੁਹੰਮਦ ਅਸਦ ਖਾਨ ਦਾ ਕਹਿਣਾ ਸੀ ਕਿ ਅਕਾਦਮਿਕ ਖੋਜ ਦਾ ਸੰਕਟ ਬਾਹਰੀ ਹੋਣ ਦੇ ਨਾਲ ਨਾਲ ਅੰਦਰੂਨੀ ਵੀ ਹੈ।ਕਿਉਂਕਿ ਖੋਜਾਰਥੀ ਪ੍ਰਤੀਬੱਧਤਾ ਦੀ ਘਾਟ ਕਾਰਨ ਗਿਆਨ ਪ੍ਰੀਕ੍ਰਿਆ ਵਿਚ ਅੰਸ਼ਿਕ ਰੂਪ ਨਾਲ ਭਾਗ ਲੈਂਦੇ ਹਨ ਇਸ ਲਈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਸ ਤਰ੍ਹਾਂ ਦਾ ਸਿਲੇਬਸ ਨਿਰਧਾਰਤ ਕੀਤੇ ਜਾਣ ਜੋ ਭਾਰਤੀ ਵਿਦਿਆਰਥੀ ਨੂੰ ਗਰੈਜੂਏਟ ਪੱਧਰ ਉਪਰ ਹੀ ਗੰਭੀਰ ਪ੍ਰਸ਼ਨਾਂ ਨਾਲ ਸੰਵਾਦ ਰਚਾਉਣ ਦੀ ਜਾਚ ਸਿਖਾਉਣ।ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਰਸਿਮਰਨ ਕੌਰ ਨੇ ਕਿਹਾ ਕਿ ਕਿਸੇ ਵੀ ਇਕ ਵਿਸ਼ੇਸ਼ ਖੋਜ ਵਿਧੀ ਨੂੰ ਅੰਤਿਮ ਅਤੇ ਨਿਸਚਿਤ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਵਿਚ ਗਤੀਸ਼ੀਲਤਾ ਦਾ ਹੋਣਾ ਅਤਿ ਜ਼ਰੂਰੀ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜਾਰਥੀ ਸੁਖਦੀਪ ਸਿੰਘ ਨੇ ਪੰਜਾਬ ਦੇ ਸੰਦਰਭ ਵਿਚ ਕਿਹਾ ਕਿ ਸਾਡੀਆਂ ਯੂਨੀਵਰਸਿਟੀਆਂ ਕਈ ਗੰਭੀਰ ਪ੍ਰਸ਼ਨਾਂ ਨੂੰ ਵਿਵਾਦਮਈ ਕਹਿ ਕੇ ਰਾਜਨੀਤੀ ਤਹਿਤ ਜਾਂ ਅਗਿਆਨਤਾ ਵਸ ਟਾਲਾ ਵੱਟ ਲੈਂਦੀਆਂ ਹਨ ਜਿਸ ਕਾਰਨ ਪੰਜਾਬ ਦੇ ਖੋਜਾਰਥੀ ਦਾ ਬੌਧਿਕ ਪੱਧਰ ਇਕ ਸੀਮਾਂਬਧ ਹੋ ਜਾਂਦਾ ਹੈ।ਦਿੱਲੀ ਯੂਨੀਵਰਸਿਟੀ ਤੋਂ ਹੀ ਵਿਚਾਰ ਚਰਚਾ ਵਿਚ ਸ਼ਾਮਿਲ ਹੋੲ ਇਕ ਹੋਰ ਖੋਜਾਰਥੀ ਐਨਸਲਮ ਮਿੰਜ਼ ਨੇ ਵਿਦਿਆਰਥੀ ਰਾਜਨੀਤੀ ਦੀਆਂ ਕਈ ਸੀਮਾਵਾਂ ਨੂੰ ਸਾਹਮਣੇ ਲਿਆਂਦਾ।ਉਨ੍ਹਾਂ ਨੇ ਕਿਹਾ ਕਿ ਭਾਰਤੀ ਯੂਨੀਵਰਸਿਟੀਆਂ ਵਿਚ ਵਿਦਿਆਰਥੀ ਚੋਣਾ ਦਰਅਸਲ ਬਾਹਰੀ ਰਾਜਨੀਤੀ ਦਾ ਹੀ ਇਕ ਰੂਪ ਜਾਂ ਪਰਛਾਵਾਂ ਬਣ ਗਈਆਂ ਹਨ।
ਆਲੋਚਕ ਅਤੇ ਚਿੰਤਕ ਡਾ. ਮਨਮੋਹਨ ਨੇ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੌਜੂਦਾ ਅਕਾਦਮਿਕ ਪ੍ਰਣਾਲੀ ਉਪਰ ਤਿੱਖਾ ਵਿਅੰਗ ਕਸਦਿਆਂ ਕਿਹਾ ਕਿ ਸਾਡੇ ਵਿਦਿਅਕ ਅਦਾਰੇ ਚਿੰਤਨ ਅਤੇ ਮਨਨ ਦੀ ਥਾਂ ਬਜਾਰੀ ਅਸੂਲਾਂ ਅਨੁਸਾਰ ਨਿਯੰਤਰਿਤ ਹੋ ਰਹੇ ਹਨ ਜਿਸ ਕਰਕੇ ਅਧਿਆਪਕ-ਵਿਦਿਆਰਥੀ ਦਾ ਰਿਸ਼ਤਾ ਸੱਤਾ ਅਤੇ ਆਰਥਿਕ ਅਧਾਰਾਂ ਰਾਹੀਂ ਨਿਰਧਾਰਤ ਹੋਣ ਲੱਗ ਪਿਆ ਹੈ।ਇਸ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਪ੍ਰਾਈਵੇਟ ਯੂਨੀਵਰਸਿਟੀਆਂ `ਚੋਂ ਪੈਦਾ ਹੋ ਰਿਹਾ ਵਿਦਿਅਕ ਵਰਗ ਆਪਣੀ ਕੁਲੀਨਤਾ, ਸ਼ਕਤੀ ਅਤੇ ਮਜਬੂਤ ਆਰਥਿਕ ਸਥਿਤੀ ਦੇ ਕਾਰਨ ਸਮਾਜ ਵਿਚ ਪ੍ਰਧਾਨ ਵਜੋਂ ਸਥਾਪਿਤ ਵੀ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਯੂਨੀਵਰਸਿਟੀਆਂ ਅੰਦਰ ਪੜ੍ਹਾਏ ਜਾ ਰਹੇ ਹਰ ਵਿਸ਼ੇ ਵਿਚ ਅਧਿਆਪਨ ਅਤੇ ਖੋਜ ਦੀ ਵੱਖਰਤਾ ਸਥਾਪਤ ਕਰਨੀ ਚਾਹੀਦੀ ਹੈ ਭਾਵੇਂ ਕਿ ਦੋਵੇਂ ਪਰਸਪਰ ਅੰਤਰ ਸਬਧੰਤ ਹਨ।ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਅੱਜ ਦੇ ਖੋਜਾਰਥੀ ਅਤੇ ਵਿਦਿਆਰਥੀ ਵਰਗ ਨੂੰ ਸੰਵੇਦਨਸ਼ੀਲ ਪ੍ਰਸ਼ਨਾਂ ਨੂੰ ਸਮਝਣ ਲਈ ਕਠਿਨ ਅਭਿਆਸ ਦੀ ਆਦਤ ਪਾਉਣੀ ਪਵੇਗੀ।ਵਿਚਾਰ ਚਰਚਾ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਜੇ.ਐਨ.ਯੂ. ਨਵੀਂ ਦਿੱਲੀ ਦੇ ਖੋਜਾਰਥੀ ਲਖਵੀਰ ਸਿੰਘ ਦੁਆਰਾ ਨਿਭਾਈ ਗਈ।
ਅੰਮ੍ਰਿਤਸਰ ਸਾਹਿਤ ਉਤਸਵ ਦੇ ਦੂਜੇ ਪੜਾਅ ਦੌਰਾਨ ਡਾ. ਦਵਿੰਦਰ ਸਿੰਘ ਦੁਆਰਾ ਲਿਖਤ ਅਤੇ ਪ੍ਰੋ. ਇਮੈਨੁਅਲ ਸਿੰਘ ਦੁਆਰਾ ਨਿਰਦੇਸ਼ਤ ਨਾਟਕ `ਫਿਰਦੌਸ` ਦਾ ਸਫਲ ਮੰਚਨ ਕੀਤਾ ਗਿਆ।ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਸੁਖਬੀਰ ਕੌਰ ਮਾਹਲ ਨੇ ਨਾਟਕ ਰਾਹੀਂ ਦਰਸਾਏ ਗਏ ਕਸ਼ਮੀਰ ਦੇ ਰਾਜਨੀਤਿਕ ਮਾਹੌਲ ਬਾਬਤ ਭਾਵਪੂਰਤ ਟਿੱਪਣੀਆਂ ਕੀਤੀਆਂ।ਉਨ੍ਹਾਂ ਨਾਦ ਪ੍ਰਗਾਸੁ ਸੰਸਥਾ ਦੀ ਅਕਾਦਮਿਕ ਭਾਵਨਾ ਪ੍ਰਤੀ ਪ੍ਰਤੀਬੱਧਤਾ ਦੀ ਪ੍ਰਸੰਸਾ ਕੀਤੀ।ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਡਾਇਰੈਕਟਰ, ਜਗਬੀਰ ਸਿੰਘ ਦਾ ਕਹਿਣਾ ਸੀ ਕਿ ਗੈਰ ਸਰਕਾਰੀ ਪੱਧਰ `ਤੇ ਖੋਜ ਅਤੇ ਚਿੰਤਨ ਵਿਚ ਕਾਰਜਸ਼ੀਲ ਸੰਸਥਾਵਾਂ ਵਿਚੋਂ ਨਾਦ ਪ੍ਰਗਾਸੁ ਇਕ ਵਿਲੱਖਣ ਸਥਾਨ ਗ੍ਰਹਿਣ ਕਰ ਚੁੱਕੀ ਹੈ।
ਸੰਸਥਾ ਦੇ ਪ੍ਰਬੰਧਕਾਂ ਨੇ ਉਤਸਵ ਵਿਚ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਵੱਲੋਂ ਦਿਤੇ ਜਾ ਰਹੇ ਸਹਿਯੋਗ ਦੀ ਸ਼ਲ਼ਾਘਾ ਕਰਦਿਆਂ ਕਿਹਾ ਕਿ ਇਸ ਉਤਸਵ ਦਾ ਆਯੋਜਨ ਖਾਲਸਾ ਕਾਲਜ ਫਾਰ ਵਿਮਨ ਤੋਂ ਇਲਾਵਾ ਪੰਜਾਬੀ ਅਕਾਦਮੀ ਦਿੱਲੀ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਚੰਡੀਗੜ੍ਹ ਯੁਨਾਈਟੇਡ ਅੇਸੋਸੀਏਸ਼ਨ ਦੇ ਵਿਸ਼ੇਸ਼ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ।
ਇਸ ਮੌਕੇ ਖੋਜਾਰਥੀ ਅਤੇ ਮਹਿਮਾਨਾਂ ਨੂੰ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਜਾਪਾਨ ਤੋਂ ਪਹੁੰਚੁੇ ਪਰਮਿੰਦਰ ਸੋਢੀ ਤੋਂ ਇਲਾਵਾ ਰਾਜ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਇਲਾਵਾ ਹੋਰਨਾਂ ਵਿਦਿਅਕ ਸੰਸਥਾਵਾਂ ਤੋਂ ਵਿਦਵਾਨਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media