Sunday, December 22, 2024

ਹਰੇਕ ਯੋਗ ਲਾਭਪਾਤਰੀ ਤੱਕ ਪਹੁੰਚੇ ਭਲਾਈ ਸਕੀਮਾਂ ਦਾ ਲਾਭ-ਸੋਮ ਪ੍ਰਕਾਸ਼

ਕੇਂਦਰੀ ਰਾਜ ਮੰਤਰੀ ਨੇ ਵੱਖ-ਵੱਖ ਸਕੀਮਾਂ ਤੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਕਪੂਰਥਲਾ, 2 ਮਾਰਚ (ਪੰਜਾਬ ਪੋਸਟ ਬਿਊਰੋ) – ਕੇਂਦਰੀ ਵਣਜ ਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਜ਼ਿਲ੍ਹੇ ਵਿਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਅਤੇ Som Parkashਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਦੀ ਮੌਜੂਦਗੀ ਵਿਚ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੋਮ ਪ੍ਰਕਾਸ਼ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀਆਂ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਇਨ੍ਹਾਂ ਦਾ ਲਾਭ ਹਰੇਕ ਯੋਗ ਲਾਭਪਾਤਰੀ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ।ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜ ਜਲਦ ਮੁਕੰਮਲ ਕੀਤੇ ਜਾਣ, ਤਾਂ ਜੋ ਕਰੋੜਾਂ ਰੁਪਏ ਦੇ ਹੋਰ ਪ੍ਰਾਜੈਕਟ ਲਿਆਂਦੇ ਜਾ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀ ਡਿੳੂਟੀ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਕਰਨ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿਣ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਦਾ ਲਾਭ ਦੇਣ ਲਈ ਅਨੁਸੂਚਿਤ ਆਬਾਦੀ ਦੀ ਬਹੁਲਤਾ ਵਾਲੇ 18 ਪਿੰਡਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਨ੍ਹਾਂ ਨੂੰ 40-40 ਲੱਖ ਦੀ ਗਰਾਂਟ ਨਾਲ ਸਰਬਪੱਖੀ ਵਿਕਾਸ ਹੋਵੇਗਾ।ਇਨ੍ਹਾਂ ਪਿੰਡਾਂ ਵਿਚ ਬਲਾਕ ਢਿਲਵਾਂ ਦੇ ਹਮੀਰਾ, ਚੱਕੋਕੀ, ਬੂਟ ਅਤੇ ਕਿਸ਼ਨ ਸਿੰਘ ਵਾਲਾ, ਬਲਾਕ ਫਗਵਾੜਾ ਦੇ ਨੰਗਲ, ਮੇਹਟ, ਜਗਤਪੁਰ ਜੱਟਾਂ, ਚਹੇੜੂ, ਜਮਾਲਪੁਰ, ਖਲਵਾੜਾ, ਖੇੜਾਂ, ਸੰਗਤਪੁਰ, ਚੱਕ ਹਕੀਮ, ਦਰਵੇਸ਼ ਪਿੰਡ ਅਤੇ ਮਾਧੋਪੁਰ, ਬਲਾਕ ਕਪੂਰਥਲਾ ਦਾ ਸਰਕੀ ਅਤੇ ਸੁਲਤਾਨਪੁਰ ਲੋਧੀ ਦੇ ਲਾਟੀਆਂਵਾਲਾ ਅਤੇ ਅੰਮ੍ਰਿਤਪੁਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ 237 ਵਿਚੋਂ 230 ਦਾ ਟੀਚਾ ਪੂਰਾ ਕਰ ਲਿਆ ਗਿਆ ਹੈ।
           ਉਨ੍ਹਾਂ ਐਮ.ਪੀ ਲੈਡ, ਆਟਾ-ਦਾਲ ਸਕੀਮ, ਕੌਮੀ ਸਮਾਜਿਕ ਸਹਾਇਤਾ ਪ੍ਰੋਗਰਾਮ, ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਬੇਟੀ ਬਚਾਓ ਬੇਟੀ ਪੜ੍ਹਾਓ, ਮਨਰੇਗਾ, ਸਰਵ ਸਿੱਖਿਆ ਅਭਿਆਨ, ਕੌਮੀ ਸਿਹਤ ਮਿਸ਼ਨ, ਆਯੂਸ਼ਮਾਨ ਭਾਰਤ, ਸਵੱਛ ਭਾਰਤ, ਦੀਨ ਦਿਆਲ ਉਪਾਧਿਆਏ ਗ੍ਰਾਮ ਜੋਤੀ ਯੋਜਨਾ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਸਾਂਸਦ ਆਦਰਸ਼ ਗ੍ਰਾਮ ਯੋਜਨਾ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਪੈਨਸ਼ਨਾਂ, ਨੈਸ਼ਨਲ ਰੂਰਲ ਡਰਿੰਕਿੰਗ ਵਾਟਰ ਪ੍ਰੋਗਰਾਮ, ਪੋਸ਼ਣ ਅਭਿਆਨ, ਪ੍ਰਧਾਨ ਮੰਤਰੀ ਆਵਾਸ ਯੋਜਨਾ ਆਦਿ ਦਾ ਬਾਰੀਕੀ ਨਾਲ ਮੁਲਾਂਕਣ ਕੀਤਾ ਅਤੇ ਇਨ੍ਹਾਂ ਨੂੰ ਹੋਰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
         ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਜ਼ਿਲ੍ਹੇ ਵਿਚ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਪੂਰੀ ਗੰਭੀਰਤਾ ਵਿਖਾਈ ਜਾ ਰਹੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਯੋਗ ਲਾਭਪਾਤਰੀ ਇਨ੍ਹਾਂ ਦੇ ਲਾਭ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਗੁਰਮੀਤ ਸਿੰਘ ਮੁਲਤਾਨੀ, ਐਸ.ਪੀ ਮਨਦੀਪ ਸਿੰਘ, ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਐਸ.ਡੀ.ਐਮ ਭੁਲੱਥ ਰਣਦੀਪ ਸਿੰਘ ਹੀਰ, ਡੀ.ਡੀ.ਪੀ.ਓ ਹਰਜਿੰਦਰ ਸਿੰਘ ਸੰਧੂ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਗੁਰਦਰਸ਼ਨ ਲਾਲ ਕੁੰਡਲ, ਉਪ ਅਰਥ ਤੇ ਅੰਕੜਾ ਸਲਾਹਕਾਰ ਮੈਡਮ ਰਾਣੀ ਤੋਂ ਇਲਾਵਾ ਸਮੂਹ ਐਕਸੀਅਨ, ਬੀ.ਡੀ.ਪੀ.ਓ, ਈ.ਓ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …