ਕੋਈ ਸਮਾਂ ਸੀ ਜਦ ਪੰਜਾਬ ਵਿੱਚ ਖਾਣ ਪੀਣ ਤੇ ਤੰਦਰੁਸਤੀ ਦਾ ਜ਼ਿਆਦਾ ਖਿਆਲ ਰੱਖਿਆ ਜਾਂਦਾ ਸੀ।ਜਿਵੇਂ ਜਿਵੇਂ ਅਸੀਂ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ
ਲੱਗੇ ਹਾਂ, ਤਿਵੇਂ-ਤਿਵੇਂ ਸਾਡੇ ਰਹਿਣ ਸਹਿਣ, ਖਾਣ ਪੀਣ ਤੇ ਬੋਲ ਚਾਲ ਦੇ ਢੰਗ ਤਰੀਕਿਆਂ ਚ ਬਹੁਤ ਫਰਕ ਹੀ ਨਹੀਂ, ਬਲਕਿ ਗਿਰਾਵਟ ਵੀ ਆਈ ਹੈ।ਘਰ ਦੇ ਦੁੱਧ ਘਿਓ ਲਵੇਰੇ ਬਿਨਾਂ ਸਪਰੇਆਂ ਤੇ ਕੀਟਨਾਸ਼ਕਾਂ ਤੋਂ ਫ਼ਸਲਾਂ ਖੰਭ ਲਾ ਕੇ ਉੱਡ ਪੁੱਡ ਹੀ ਗਈਆਂ ਹਨ।ਕਣਕ, ਬਾਜਰਾ ਮੱਕੀ, ਕਦੇ-ਕਦੇ ਜਵਾਰ ਨੂੰ ਵੀ ਵਿੱਚ ਪੀਹ ਕੇ ਖਾਂਦੇ ਰਹੇ ਹਨ ਸਾਡੇ ਪੁਰਖੇ।ਓਨਾਂ ਸਮਿਆਂ ‘ਚ ਇਹ ਸਾਰੀਆਂ ਫਸਲਾਂ ਸ਼ੁੱਧ ਹੋਇਆ ਕਰਦੀਆਂ ਸਨ।ਕਿਉਂਕਿ ਸਿਰਫ਼ ਰੂੜੀ ਦੀ ਖਾਦ ਪਾ ਕੇ ਹੀ ਫਸਲਾਂ ਨੂੰ ਪਕਾਇਆ ਜਾਂਦਾ ਰਿਹਾ ਹੈ।ਮਿਲਾਵਟ ਵਾਲਾ ਕੋਈ ਜ਼ਮਾਨਾ ਨਹੀਂ ਸੀ।ਇਸੇ ਕਰਕੇ ਸਰੀਰਾਂ ਵਿਚ ਤਾਕਤ ਤੇ ਤੰਦਰੁਸਤੀ ਹੋਇਆ ਕਰਦੀ ਸੀ।
ਜੇਕਰ ਓਨਾਂ ਸਮਿਆਂ ਦੀ ਤੁਲਨਾ ਅਜੋਕੇ ਸਮਿਆਂ ਨਾਲ ਕਰੀਏ ਤਾਂ ਅੱਜ ਆਪਾਂ ਜ਼ਹਿਰ ਹੀ ਖਾਈ ਜਾ ਰਹੇ ਹਾਂ।ਬਿਨਾਂ ਰੇਹਾਂ ਸਪਰੇਆਂ ਤੇ ਕੀਟਨਾਸ਼ਕ ਪਾਉਣ ਤੋਂ ਕੋਈ ਵੀ ਫ਼ਸਲ ਹੋਣੋਂ ਹੀ ਹਟ ਗਈ ਤੇ ਸਾਲ ਵਿੱਚ ਤਿੰਨ ਜਾਂ ਚਾਰ ਫਸਲਾਂ ਲੈਣੀਆਂ ਸਾਡਾ ਸੁਭਾਅ ਬਣ ਗਿਆ ਹੈ।ਇਸੇ ਕਰਕੇ ਸਾਡੀ ਬੁੱਧੀ ਵੀ ਭ੍ਰਿਸ਼ਟ ਹੋ ਚੁੱਕੀ ਹੈ।ਜਿੰਨਾਂ ਘਰਾਂ ਵਿੱਚ 30 ਕਿਲੋ ਮਹੀਨੇ ਦਾ ਆਟਾ ਪੱਕਦਾ ਸੀ, ਓਹਨਾਂ ਘਰਾਂ ‘ਚ ਹੁਣ 10 ਕਿਲੋ ਆਟਾ ਪੱਕਣ ਲੱਗ ਪਿਆ ਹੈ।ਫਾਸਟ ਫੂਡ ਦੇ ਸਵਾਦਾਂ ਨੇ ਅਜੋਕੀ ਸਾਰੀ ਹੀ ਲੋਕਾਈ ਨੂੰ ਆਪਣੇ ਕਲਾਵੇ ਵਿੱਚ ਲੈ ਰੱਖਿਆ ਹੈ।ਜੀਭ ਦੇ ਸੁਆਦ ਨੇ ਸਾਰੀ ਦੁਨੀਆਂ ਪੱਟ ਦਿੱਤੀ ਹੈ।ਪੰਜਾਬੀ ਫਾਸਟ ਫੂਡ ਬਰਗਰ, ਪੀਜ਼ੇ ਤੇ ਹੋਰ ਪਤਾ ਨਹੀਂ ਕੀ-ਕੀ ਖਾ ਕੇ ਮੋਟਾਪੇ ਦੇ ਸ਼ਿਕਾਰ ਹੋ ਰਹੇ ਹਨ।ਬਜ਼ਾਰਾਂ ਅਤੇ ਹਰ ਘਰ ਦੇ ਮੂਹਰੇ ਹਰ ਮੁਹੱਲੇ ਤੇ ਹਰ ਕਲੋਨੀ ਵਿੱਚ ਐਸੇ ਸਟਾਲ ਤੇ ਤੁਰਦੀਆਂ ਫਿਰਦੀਆਂ ਦੁਕਾਨਾਂ ਦੀ ਭਰਮਾਰ ਹੈ।ਐਤਵਾਰ ਜਾਂ ਫਿਰ ਛੁਟੀ ਵਾਲੇ ਦਿਨ ਬੀਬੀਆਂ ਆਟਾ ਗੁੰਨਣ ਤੇ ਪਕਾਉਣ ਨੂੰ ਭਾਰ ਸਮਝਦੀਆਂ ਹਨ।ਬਾਹਰਲੇ ਪੱਕੇ ਪਕਾਏ ਪਕਵਾਨਾਂ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ।ਜਿਸ ਕਰਕੇ ਲੋਕ ਮੋਟਾਪੇ, ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।ਸਕੂਲੀ ਬੱਚਿਆਂ ਨੂੰ ਵੀ ਫਾਸਟ ਫੂਡ ਦਾ ਭੁੱਸ ਪੈ ਗਿਆ ਹੈ।
ਮਸਾਲੇ ਵਾਲੇ ਡੋਸੇ ਵਗੈਰਾ ਖਾ ਕੇ ਜਿਥੇ ਸਰੀਰਕ ਮੋਟਾਪਾ ਆਉਂਦਾ ਹੈ, ਓਥੇ ਹੱਡੀਆਂ ਖੁਰਨ ਦੇ ਨਾਲ ਹੀ ਨਿਗ੍ਹਾ ‘ਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ।ਜ਼ਿਆਦਾ ਤੇਜ਼ ਮਸਾਲੇ, ਮਾੜਾ ਘਿਓ ਤੇੇ ਤੇਲਾਂ ਵਿਚ ਬਣਾਏ ਇਹ ਪਕਵਾਨ ਜ਼ਿਆਦਾ ਨੁਕਸਾਨਦੇਹ ਹਨ।ਸਰੀਰਕ ਤੰਦਰੁਸਤੀ ਦਾ ਨਾਮੋ ਨਿਸ਼ਾਨ ਨਹੀਂ ਹੈ।ਕਈ ਬਜੁਰਗ ਲੋਕ ਦਵਾਈਆਂ ਦੇ ਸਹਾਰੇ ਡੰਗ ਟਪਾ ਰਹੇ ਹਨ।
ਕਈ ਲੋਕਾਂ ਨੂੰ ਕਣਕ ਤੋਂ ਅਲਰਜ਼ੀ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ।ਉਹ ਸਿਰਫ਼ ਤੇ ਸਿਰਫ਼ ਫਲ ਫਰੂਟ ਤੇ ਛੋਲਿਆਂ ਦਾ ਆਟਾ ਆਦਿ ਖਾ ਕੇ ਗੁਜ਼ਾਰਾ ਕਰ ਰਹੇ ਹਨ।ਜੇਕਰ ਲੋਕਾਈ ਨੇ ਖਾਣ ਪੀਣ ਦਾ ਪ੍ਰਹੇਜ਼ ਨਾ ਕੀਤਾ ਤਾਂ ਦੁੱਖਾਂ ਦਾ ਸ਼ਿਕਾਰ ਹੋਣਾ ਲਾਜ਼ਮੀ ਹੈ।

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋ – 95691 49556
Punjab Post Daily Online Newspaper & Print Media