Thursday, April 16, 2026

ਦੇਸ਼ ਅਤੇ ਲੋਕਾਂ ਲਈ ਘਾਤਕ ਹੈ ਫ਼ਿਰਕਾਪ੍ਰਸਤੀ ਦੀ ਰਾਜਨੀਤੀ – ਭਗਵੰਤ ਮਾਨ

ਕੰਮ ਕਰਨ ਵਾਲੀ ਸਰਕਾਰ ਚਾਹੁੰਦੇ ਹਨ ਲੋਕ – ਜਰਨੈਲ ਸਿੰਘ

ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਹੈ PPN0603202001ਫ਼ਿਰਕਾਪ੍ਰਸਤੀ ਅਤੇ ਨਫ਼ਰਤ ਦੀ ਰਾਜਨੀਤੀ ਦੇਸ਼ ਅਤੇ ਲੋਕਾਂ ਲਈ ਬੇਹੱਦ ਘਾਤਕ ਹੈ, ਸਾਨੂੰ ਸਭ ਨੂੰ ਅਜਿਹੀ ਮਾਰੂ ਸਿਆਸਤ ਅਤੇ ਸਿਆਸਤਦਾਨਾਂ ਕੋਲੋਂ ਸੁਚੇਤ ਰਹਿਣ ਦੀ ਲੋੜ ਹੈ।
              ਪਾਰਟੀ ਹਾਈਕਮਾਨ ਵਲੋਂ ਪੰਜਾਬ ਮਾਮਲਿਆਂ ਦੇ ਨਵਨਿਯੁੱਕਤ ਇੰਚਾਰਜ਼ ਅਤੇ ਦਿੱਲੀ ਦੇ ਸੀਨੀਅਰ ਵਿਧਾਇਕ ਜਰਨੈਲ ਸਿੰਘ ਦੀ ਪਲੇਠੀ ਫੇਰੀ ਮੌਕੇ ਪਾਰਟੀ ਲੀਡਰਸ਼ਿਪ ਨਾਲ ਅੰਮ੍ਰਿਤਸਰ ਪੁੱਜੇ ਭਗਵੰਤ ਮਾਨ ਮੀਡੀਆ ਦੇ ਰੂਬਰੂ ਹੋਏ।
          ਇਸ ਤੋਂ ਪਹਿਲਾਂ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕੋਰ ਕਮੇਟੀ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਸਮੇਤ ਸਮੁੱਚੀ ਕੋਰ ਕਮੇਟੀ ਨੇ ਜਰਨੈਲ ਸਿੰਘ ਨਾਲ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ ਅਤੇ ਭਗਵਾਨ ਬਾਲਮੀਕੀ ਤੀਰਥ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕੀਤੀਆਂ।
         ਭਗਵੰਤ ਮਾਨ ਨੇ ਦਿੱਲੀ ਦੀ ਹਿੰਸਾ ਨੂੰ ਇਨਸਾਨੀਅਤ ਦਾ ਕਤਲ ਕਰਾਰ ਦਿੰਦਿਆਂ ਕਿਹਾ ਕਿ ਇਹ ਭਾਜਪਾ-ਆਰ.ਐਸ.ਐਸ ਦੇ ਆਗੂਆਂ ਨੇ ਦਿੱਲੀ ਚੋਣਾਂ ਦੌਰਾਨ ਨਫ਼ਰਤ ਭਰੇ ਭਾਸ਼ਣ ਦੇ ਕੇ ਪਹਿਲਾਂ ਸੁਲਗਾਇਆ ਅਤੇ ਫਿਰ ਦਿੱਲੀ ਚੋਣਾਂ ਦੀ ਹਾਰ ਤੋਂ ਬੁਖਲਾ ਕੇ ਦੰਗਿਆਂ ਦੀ ਅੱਗ ਭੜਕਾਈ।
ਅਕਾਲੀ ਦਲ (ਬਾਦਲ) ਅਤੇ ਭਾਜਪਾ ਦਰਮਿਆਨ ਸੀਟਾਂ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਸੰਬੰਧੀ ਸਵਾਲ ‘ਤੇ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਨੂੰ ਹੁਣ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ।ਕਿਉਂਕਿ 1920 ‘ਚ ਅਸੂਲਾਂ ਅਤੇ ਸਿਧਾਂਤਾਂ ਦੇ ਆਧਾਰ ‘ਤੇ ਬਣੀ ਪਾਰਟੀ ਅੱਜ ਉਨ੍ਹਾਂ ਸਿਧਾਂਤਾਂ ਤੋਂ ਭਟਕ ਕੇ ਇੱਕ ਪਰਿਵਾਰ ਦੀ ਪਾਰਟੀ ਵਜੋਂ 2019 ‘ਚ ਖ਼ਤਮ ਹੋ ਚੁੱਕੀ ਹੈ।
          ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਮਿੱਤਰ ਅਰੂਸਾ ਆਲਮ ਬਾਰੇ ਸਵਾਲ ਦੇ ਜਵਾਬ ‘ਚ ਭਗਵੰਤ ਮਾਨ ਨੇ ਕਿਹਾ ਕਿ ਬੇਸ਼ੱਕ ਇਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦਾ ਮਾਮਲਾ ਹੈ, ਪਰੰਤੂ ਉਹ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ‘ਤੇ ਕਿਸ ਵੀਜ਼ੇ ਤਹਿਤ ਰਹਿ ਰਹੇ ਹਨ? ਇਸ ਬਾਰੇ ਉਹ ਸੰਸਦ ‘ਚ ਪੁੱਛਣਗੇ, ਕਿਉਂਕਿ ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮੱਦਾ ਹੈ।
           ਪੰਜਾਬ ਇੰਚਾਰਜ਼ ਜਰਨੈਲ ਸਿੰਘ ਨੇ ਕਿਹਾ ਕਿ ਦਿੱਲੀ ਤੋਂ ਦੇਸ਼ ਅੰਦਰ ਇੱਕ ਨਵੀਂ ਕਿਸਮ ਦੀ ਰਾਜਨੀਤੀ ਦੀ ਸ਼ੁਰੂਆਤ ਹੋਈ ਹੈ, ਜੋ ਕੰਮ ਦੀ ਰਾਜਨੀਤੀ ‘ਤੇ ਆਧਾਰਿਤ ਹੈ।ਦਿੱਲੀ ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ‘ਆਪ’ ਨੇ ਆਪਣੇ 5 ਸਾਲਾਂ ਦੇ ਕੰਮ ਦਿਖਾ ਕੇ ਵੋਟਾਂ ਮੰਗੀਆਂ ਸਨ।ਪਹਿਲੀ ਵਾਰ ਕਿਸੇ ਪਾਰਟੀ ਨੇ ਅਜਿਹੀ ਜ਼ੁਰੱਅਤ ਕੀਤੀ ਅਤੇ ਦਿੱਲੀ ਦੇ ਲੋਕਾਂ ਨੇ ਕੰਮ ਦੀ ਸਿਆਸਤ ‘ਤੇ ਮੋਹਰ ਲਗਾ ਕੇ ਪੂਰੇ ਦੇਸ਼ ਦੀ ਸਿਆਸਤ ਨੂੰ ਨਵੀਂ ਦਿਸ਼ਾ ਦਿੱਤੀ ਹੈ, ਜੋ 2022 ‘ਚ ਪੰਜਾਬ ਦੀ ਦਸ਼ਾ ਵੀ ਬਦਲੇਗੀ।
          ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਬਿਕਰਮ ਸਿੰਘ ਮਜੀਠੀਆ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇੱਕ ਦੂਜੇ ‘ਤੇ ਗੈਂਗਸਟਰਾਂ ਨੂੰ ਪਾਲਣ ਦੇ ਦੋਸ਼ ਲਗਾ ਰਹੇ ਹਨ, ਜਦਕਿ ਅਸਲੀਅਤ ਇਹ ਹੈ ਕਿ ਦੋਵੇਂ ਇੱਕੋ ਜਿਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਰਲ ਮਿਲ ਕੇ ਸੂਬੇ ਦੇ ਬਹੁਭਾਂਤੀ ਮਾਫ਼ੀਆ ਨੂੰ ਚਲਾ ਰਹੇ ਹਨ।ਇਹ ਗੱਲ ਵਾਰ-ਵਾਰ ਸਾਬਤ ਹੋ ਰਹੀ ਹੈ।
          ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਕੋਰ ਕਮੇਟੀ ਬੈਠਕ ‘ਚ ਦਿੱਲੀ ਹਿੰਸਾ ਵਿਰੁੱਧ ਨਿੰਦਾ ਮਤਾ ਅਤੇ ਜਰਨੈਲ ਸਿੰਘ ਦੀ ਨਿਯੁੱਕਤੀ ਲਈ ਪਾਰਟੀ ਹਾਈਕਮਾਨ ਲਈ ਧੰਨਵਾਦ ਮਤਾ ਪਾਸ ਕੀਤਾ ਗਿਆ।ਇਸ ਤੋਂ ਇਲਾਵਾ ਮਹਿੰਗੀ ਬਿਜਲੀ ਵਿਰੁੱਧ ਪਾਰਟੀ ਵਲੋਂ 16 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਬਿਜਲੀ ਕੁਨੈਕਸ਼ਨ ਕੱਟਣ ਅਤੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ‘ਤੇ ਵਿਚਾਰ ਚਰਚਾ ਹੋਈ।
                ਕੋਰ ਕਮੇਟੀ ਦੇ ਬੈਠਕ ‘ਚ ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਪ੍ਰੋ. ਬਲਜਿੰਦਰ ਕੌਰ, ਬੀਬੀ ਸਰਬਜੀਤ ਕੌਰ ਮਾਣੂੰਕੇ, ਰੁਪਿੰਦਰ ਕੌਰ ਰੂਬੀ, ਮੀਤ ਹੇਅਰ, ਜੈ ਕ੍ਰਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ, ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ), ਪ੍ਰੋ. ਸਾਧੂ ਸਿੰਘ, ਸੁਖਵਿੰਦਰ ਸੁੱਖੀ, ਗੈਰੀ ਬੜਿੰਗ, ਹਰਚੰਦ ਸਿੰਘ ਬਰੱਸਟ, ਕੁਲਦੀਪ ਸਿੰਘ ਧਾਲੀਵਾਲ, ਗੁਰਦਿੱਤ ਸਿੰਘ ਸੇਖੋਂ, ਦਲਬੀਰ ਸਿੰਘ ਢਿੱਲੋਂ, ਡਾ. ਬਲਬੀਰ ਸਿੰਘ, ਜਮੀਲ ਉਰ ਰਹਿਮਾਨ, ਬਲਜਿੰਦਰ ਸਿੰਘ ਚੌਂਦਾ ਅਤੇ ਮਨਜੀਤ ਸਿੰਘ ਸਿੱਧੂ ਹਾਜ਼ਰ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …