Monday, December 23, 2024

ਭਾਰਤੀ ਲੋਕਤੰਤਰ ਨੂੰ ਖਤਮ ਕਰਨ ਲਈ ਕੋਝੀਆਂ ਸਾਜਿਸ਼ਾਂ ਰਚ ਰਹੀ ਹੈ ਭਾਜਪਾ – ਔਜਲਾ

ਕਾਂਗਰਸੀ ਸੰਸਦ ਮੈਂਬਰਾਂ ਨੂੰ ਲੋਕ ਸਭਾ ਤੋਂ ਸਾਜਿਸ਼ ਤਹਿਤ ਕੀਤਾ ਗਿਆ ਮੁਅੱਤਲ- ਔਜਲਾ
ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ -ਸੁਖਬੀਰ ਸਿੰਘ) – ਕੇਂਦਰ ਦੀ ਭਾਜਪਾ ਸਰਕਾਰ ਵਲੋਂ ਨਫਰਤ ਦੀ ਰਾਜਨੀਤੀ ਨੂੰ ਹਵਾ ਦਿੰਦਿਆਂ ਭਾਰਤੀ ਲੋਕਤੰਤਰ ਨੂੰ Gurjeet Aujlaਖਤਮ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।ਜਿੰਨ੍ਹਾਂ ਨੂੰ ਕਾਂਗਰਸ ਪਾਰਟੀ ਤੇ ਉਹ ਕਦੇ ਵੀ ਸਫਲ ਨਹੀਂ ਹੋਣ ਦੇਣਗੇ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰ ਸਰਕਾਰ ਦੇ ਦਬਾਅ ਹੇਠ ਲੋਕ ਸਭਾ ਸਪੀਕਰ ਵਲੋਂ ਔਜਲਾ ਸਮੇਤ 7 ਸੰਸਦ ਮੈਂਬਰਾਂ ਨੂੰ ਬਜਟ ਇਜਲਾਸ ਦੇ ਰਹਿੰਦੇ ਸਮੇਂ ਲਈ ਮੁਅੱਤਲ ਕਰਨ ‘ਤੇ ਪ੍ਰਤੀਕਰਮ ਵਜੋਂ ਕੀਤਾ।
             ਇਥੇ ਜਿਕਰਯੋਗ ਹੈ ਕਿ ਬੀਤੇ ਦਿਨ ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਭੀੜਤੰਤਰ ਵਲੋਂ ਇਕ ਵਿਸੇਸ਼ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹਿੰਸਾ ਤੋਂ ਪੀੜਿਤ ਪਰਿਵਾਰਾਂ ਦੀ ਸਾਰ ਲੈਣ ਕਾਂਗਰਸੀ ਸੰਸਦ ਮੈਂਬਰਾਂ ਨਾਲ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਪੁੱਜੇ ਸਨ, ਇਸ ਦੌਰਾਨ ਉਨ੍ਹਾਂ ਨੇ ਪੂਰੀ ਯੋਜਨਾਬੰਦੀ ਨਾਲ ਕੀਤੀ ਗਈ ਹਿੰਸਾ ਦੀ ਨਿਖੇਧੀ ਕੀਤੀ ਅਤੇ ਹਿੰਸਾ ਤੋਂ ਪੀੜਤ ਲੋਕਾਂ ਦੀ ਅਵਾਜ਼ ਨੂੰ ਲੋਕ ਸਭਾ ਵਿੱਚ ਬੁਲੰਦ ਕਰਕੇ ਮੰਗ ਕੀਤੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੰਸਾ ਪ੍ਰਭਾਵਿਤ ਖੇਤਰਾਂ ਵਿੱਚ ਭੀੜਤੰਤਰ ਦੀ ਉਪਜ ਹਿੰਸਾ ਵਿੱਚ ਆਪਣਾ ਸਭ ਕੁੱਝ ਗੁਆ ਚੁੱਕੇ ਪੀੜਤ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਤੇ ਹਿੰਸਾ ਨੂੰ ਉਕਸਾਉਣ ਵਿੱਚ ਜ਼ਹਿਰ ਭਰੇ ਬਿਆਨਾਂ ਨੂੰ ਦਾਗਣ ਵਾਲੇ ਭਾਜਪਾ ਨੇਤਾਵਾਂ ਸਮੇਤ ਹਿੰਸਾ ਲਈ ਜਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਉਨ੍ਹਾਂ ਦੇ ਅਹੁੱਦੇ ਤੋਂ ਬਰਖਾਸਤ ਕੀਤਾ ਜਾਵੇ।ਭਾਜਪਾ ਸਰਕਾਰ ਨੇ ਬਦਲਾ ਲਊ ਨੀਤੀ ‘ਤੇ ਕੰਮ ਕਰਦਿਆਂ ਗੁਰਜੀਤ ਸਿੰਘ ਔਜਲਾ ਸਮੇਤ 7 ਸੰਸਦ ਮੈਂਬਰਾਂ ਨੂੰ ਇਜ਼ਲਾਸ ਦੇ ਪੂਰੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ।
              ਔਜਲਾ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਤੇ ਲੋਕ ਹਿਤਾਂ ਲਈ ਉਹ ਹਮੇਸ਼ਾਂ ਆਪਣੀ ਅਵਾਜ ਬੁਲੰਦ ਕਰਦੇ ਰਹਿਣਗੇ ਅਤੇ ਇਸ ਲਈ ਉਨ੍ਹਾਂ ਨੂੰ ਜੋ ਵੀ ਕੀਮਤ ਚੁਕਾਉਣੀ ਪਏ ਉਹ ਪਿਛੇ ਨਹੀਂ ਹਟਣਗੇ।ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਕੀਤੀ ਤਾਨਾਸ਼ਾਹੀ ਕਾਰਵਾਈ ਕਰਕੇ ਹੀ ਲੋਕ ਸਭਾ ਸਪੀਕਰ ਨੇ ਉਨ੍ਹਾਂ ਸਮੇਤ ਬਾਕੀ ਕਾਂਗਰਸੀ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਸੰਸਦ ਦੇ ਅੰਦਰ ਰਹਿਕੇ ਵੀ ਦਿੱਲੀ ਹਿੰਸਾ ਦੇ ਪੀੜਿਤ ਲੋਕਾਂ ਦੀ ਅਵਾਜ ਨੂੰ ਲੋਕ ਸਭਾ ਵਿੱਚ ਬੁਲੰਦ ਕਰਨਾ ਸੀ ਪਰ ਹੁਣ ਉਹ ਰਹਿੰਦੇ ਇਜਲਾਸ ਦੌਰਾਨ ਸੰਸਦ ਦੇ ਬਾਹਰ ਧਰਨਾ ਲਗਾ ਕੇ ਆਪਣੀ ਅਵਾਜ ਨੂੰ ਮੀਡੀਆ ਰਾਹੀਂ ਦੇਸ਼ ਦੀ ਗੂੰਗੀ ਬੋਲੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਗੇ।ਔਜਲਾ ਨੇ ਦੇਸ਼ ਅੰਦਰ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਹਿੰਸਾ ਦਾ ਸ਼ਿਕਾਰ ਹੋਏ ਬੇਕਸੂਰ ਦੇਸ਼ਵਾਸੀਆਂ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਹਿੰਸਾ ਵਿੱਚ ਘਰ, ਕਾਰੋਬਾਰ ਗੁਆ ਚੁੱਕੇ ਲੋਕ ਮੁੜ ਆਪਣੇ ਪੈਰਾਂ ਸਿਰ ਖੜੇ ਹੋ ਸਕਣ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …