ਪਿੰਡ ਮਾਨਾਂਵਾਲਾ ਵਿਚ ਪਹੁੰਚ ਕੇ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਰੋਨਾ ਵਾਇਰਸ ਤੋਂ ਪ੍ਰਭਾਵਿਤ ਕਿਸੇ ਮਰੀਜ਼ ਨੂੰ ਹਸਪਤਾਲ ਭਰਤੀ ਕਰਨ ਅਤੇ ਉਸ ਦੇ ਸੰਪਰਕ ਵਿਚ 
ਆਏ ਵਿਅਕਤੀਆਂ ਨੂੰ ਨਿਗਰਾਨੀ ਹੇਠ ਰੱਖੇ ਜਾਣ ਦੀ ਸਥਿਤੀ ਪੈਦਾ ਕਰਕੇ ਜ਼ਿਲ੍ਹਾ ਪ੍ਰਸਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਦੀ ਅਗਵਾਈ ਹੇਠ ਅਭਿਆਸ ਕੀਤਾ ਗਿਆ।ਪਿੰਡ ਦੀਆਂ ਦੋ ਗਲੀਆਂ ਨੂੰ ਮਿਥ ਕੇ ਉਨਾਂ ਦੇ ਘਰ-ਘਰ ਜਾ ਕੇ ਮਰੀਜ਼ ਦੀ ਸ਼ਨਾਖਤ ਕਰਨ ਦਾ ਅਭਿਆਸ ਕੀਤਾ ਅਤੇ ਫਿਰ ਇਕ ਮਰੀਜ਼ ਨੂੰ ਮਿੱਥ ਕੇ ਉਸ ਨੂੰ ਹਸਪਤਾਲ ਭਰਤੀ ਕਰਵਾਉਣ ਤੱਕ ਦੀ ਪ੍ਰੀਕਿਆ ਪੂਰੀ ਕੀਤੀ ਗਈ।ਜਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਵਾਲ, ਐਸ.ਡੀ.ਐਮ ਸ਼ਿਵਰਾਜ ਬੱਲ, ਸਿਖਲਾਈ ਅਧੀਨ ਆਈ.ਏ.ਐਸ ਅਧਿਕਾਰੀ ਅੰਕੁਰਦੀਪ ਸਿੰਘ, ਡਾ. ਹਰਨੂਰ ਸਿੰਘ, ਸਰਪੰਚ ਸੁਖਰਾਜ ਸਿੰਘ ਰੰਧਾਵਾ, ਐਸ.ਐਮ.ਓ ਨਿਰਮਲ ਸਿਘ, ਡਾ. ਵਰਿੰਦਰ ਕੁਮਾਰ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਅਭਿਆਸ ਵਿਚ ਪਿੰਡ ਵਾਸੀਆਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਦੇਣ, ਬਿਜਲੀ ਸਪਲਾਈ ਬਹਾਲ ਰੱਖਣ, ਅਨਾਜ਼ ਦੀ ਕਿੱਲਤ ਹੋਣ ਦੀ ਸੂਰਤ ਵਿਚ ਸਰਕਾਰ ਵੱਲੋਂ ਅਨਾਜ ਤੱਕ ਦਾ ਪ੍ਰਬੰਧ ਕਰਨ ਦਾ ਅਭਿਆਸ ਕੀਤਾ ਗਿਆ।ਢਿੱਲੋਂ ਨੇ ਇਸ ਮੌਕੇ ਪਹੁੰਚ ਕੇ ਜਿੱਥੇ ਆਪ ਸਥਿਤੀ ਦਾ ਜਾਇਜ਼ਾ ਲਿਆ, ਉਥੇ ਕੁੱਝ ਜਰੂਰੀ ਸੁਝਾਅ ਵੀ ਦਿੱਤੇ, ਤਾਂ ਜੋ ਲੋਕਾਂ ਨੂੰ ਅਜਿਹੇ ਮੌਕੇ ਠਰੰਮੇ ਤੋਂ ਕੰਮ ਲੈਂਦੇ ਹੋਏ ਕਿਸੇ ਵੀ ਸਥਿਤੀ ਦੇ ਟਾਕਰੇ ਲਈ ਤਿਆਰ ਕੀਤਾ ਜਾ ਸਕੇ।
ਉਨਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਜੋ 1 ਜਨਵਰੀ 2020 ਤੋਂ ਬਾਅਦ ਵਿਦੇਸ਼ ਦੇ ਦੌਰੇ ‘ਤੇ ਗਿਆ ਹੈ ਜਾਂ ਕਿਸੇ ਸ਼ੱਕੀ ਮਰੀਜ਼ ਦੇ ਸੰਪਰਕ ਵਿੱਚ ਆਇਆ ਹੈ ਤਾਂ ਤੁਰੰਤ ਸਿਹਤ ਸੰਸਥਾਵਾਂ ਨਾਲ ਸੰਪਰਕ ਕੀਤਾ ਜਾਵੇ।ਇਸ ਦੌਰਾਨ ਪਿੰਡ ਵਾਸੀਆਂ ਨੂੰ ਜਾਗਰੂਕਤਾ ਪੈਂਫਲਿਟ ਵੀ ਵੰਡੇ ਗਏ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਵਿਸ਼ੇਸ਼ ਆਈਸੋਲੇਸ਼ਨ ਵਾਰਡ ਸਥਾਪਤ ਕੀਤੇ ਗਏ ਹਨ ਅਤੇ ਇਸ ਸਬੰਧੀ ਕੋਈ ਵੀ ਜਾਣਕਾਰੀ ਲਈ ਨੈਸ਼ਨਲ ਕਾਲ ਸੈਂਟਰ 011-2397 8046 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media