Wednesday, November 11, 2026

ਸ਼ਤਾਬਦੀ ‘ਚ ਆਏ ਵਿਅਕਤੀ ਨੂੰ ਸਿੱਧੇ ਹਸਪਤਾਲ ਪਹੁੰਚਾ ਕੇ ਸਿਵਲ ਸਰਜਨ ਨੇ ਸ਼ਹਿਰ ਵਾਸੀਆਂ ਦਾ ਕੀਤਾ ਵੱਡਾ ਬਚਾਅ

ਸਹਿ ਯਾਤਰੀਆਂ ਤੇ ਵਿਦੇਸ਼ ਤੋਂ ਪਰਤੇ ਵਿਅਕਤੀਆਂ ਦੇ ਘਰਾਂ ‘ਤੇ ਏਕਾਂਤਵਾਸ ਦੇ ਨੋਟਿਸ ਚਪਕਾਏ

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – 19 ਮਾਰਚ ਨੂੰ ਬਰਤਾਨੀਆ ਤੋਂ ਆਇਆ ਵਿਅਕਤੀ ਜੋ ਕਿ ਦਿੱਲੀ ਤੋਂ ਸ਼ਤਾਬਦੀ ਗੱਡੀ ਰਾਹੀਂ PPNJ220320215ਅੰਮ੍ਰਿਤਸਰ ਆਇਆ ਸੀ, ਉਸ ਨੂੰ ਘਰ ਦੀ ਥਾਂ ਸਿੱਧਾ ਗੁਰੂ ਨਾਨਕ ਦੇਵ ਹਸਪਤਾਲ ਪਹੁੰਚਾ ਕੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਨਾ ਸਿਰਫ ਉਸ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦਾ ਬਚਾਅ ਕਰ ਲਿਆ, ਸਗੋਂ ਉਸ ਇਕੱਲੇ ਕਾਰਨ ਕਰੋਨਾ ਦੀ ਲਪੇਟ ਵਿਚ ਆਉਣ ਵਾਲੇ ਸੈਂਕੜੇ ਲੋਕਾਂ ਨੂੰ ਬਚਾਅ ਲਿਆ।ਪ੍ਰਾਪਤ ਜਾਣਕਾਰੀ ਅਨੁਸਾਰ ਜਦ ਉਕਤ ਯਾਤਰੀ ਨੂੰ ਲੈਣ ਉਸ ਦਾ ਰਿਸ਼ਤੇਦਾਰ ਰੇਲਵੇ ਸਟੇਸ਼ਨ ‘ਤੇ ਆ ਰਿਹਾ ਸੀ, ਤਾਂ ਰੇਲ ਵਿਚੋਂ ਫੋਨ ਕਰਕੇ ਇਸ ਨੇ ਆਪਣੀ ਤਬੀਅਤ ਨਾ ਠੀਕ ਹੋਣ ਦੀ ਗੱਲ ਕੀਤੀ।ਵਿਦੇਸ਼ ਦੀ ਧਰਤੀ ਤੋਂ ਪਰਤ ਰਹੇ ਹੋਣ ਕਾਰਨ ਰਿਸ਼ਤੇਦਾਰ ਨੂੰ ਇਹ ਗੱਲ ਠਣਕ ਗਈ ਅਤੇ ਉਸ ਨੇ ਕਿਧਰੋਂ ਸਿਵਲ ਸਰਜਨ ਦਾ ਨੰਬਰ ਲੈ ਕੇ ਉਨਾਂ ਨੂੰ ਫੋਨ ਕੀਤਾ, ਤਾਂ ਉਨਾਂ ਨੇ ਉਕਤ ਵਿਅਕਤੀ ਤੋਂ ਦੂਰ ਰਹਿਣ ਤੇ ਸਿੱਧਾ ਗੁਰੂ ਨਾਨਕ ਹਸਪਤਾਲ ਪੁੱਜਣ ਬਾਰੇ ਕਿਹਾ।
                ਸਿਵਲ ਸਰਜਨ ਦੀ ਗੱਲ ‘ਤੇ ਅਮਲ ਕਰਦੇ ਉਸ ਦੇ ਰਿਸ਼ਤੇਦਾਰ ਨੇ ਉਕਤ ਵਿਅਕਤੀ ਨੂੰ ਆਪਣੀ ਕਾਰ ਦੀ ਥਾਂ ਕਿਰਾਏ ਦੀ ਕਾਰ ਵਿਚ ਮਾਸਕ ਲਗਾ ਕੇ ਬਿਠਾਇਆ ਅਤੇ ਸਿੱਧਾ ਗੁਰੂ ਨਾਨਕ ਹਸਪਤਾਲ ਗਿਆ।ਇਥੇ ਡਾਕਟਰਾਂ ਨੇ ਉਸ ਨੂੰ ਵੱਖਰਾ ਕਰਕੇ ਟੈਸਟ ਲਏ ਤਾਂ ਉਹ ਕੋਰੋਨਾ ਪਾਜ਼ਿਟਵ ਆ ਗਿਆ।ਇਸ ਮਗਰੋਂ ਸਿਵਲ ਸਰਜਨ ਨੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਕੋਲ ਇਹ ਗੱਲ ਰੱਖੀ ਤੇ ਮਦਦ ਮੰਗੀ। ਡਿਪਟੀ ਕਮਿਸ਼ਨਰ ਨੇ ਰੇਲਵੇ ਨਾਲ ਗੱਲ ਕਰਕੇ ਉਸ ਗੱਡੀ ਦੇ ਸੀ-2 ਡੱਬੇ, ਜਿਸ ਵਿਚ ਇਹ ਮੁਸਾਫਰ ਸਵਾਰ ਸੀ, ਦੇ ਮੁਸਾਫਿਰਾਂ ਦੀ ਸੂਚੀ ਲਈ। ਬੀਤੀ ਰਾਤ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਇਸ ਸੂਚੀ ਵਿਚੋਂ ਸਾਰੇ ਮੁਸਾਫਿਰਾਂ ਨਾਲ ਫੋਨ ਉਤੇ ਸੰਪਰਕ ਕਰਕੇ ਉਨਾਂ ਦੇ ਰਿਹਾਇਸ਼ੀ ਪਤੇ ਇਕੱਠੇ ਕਰਦੀ ਰਹੀ।ਸਿਹਤ ਵਿਭਾਗ ਨੇ ਰਾਤ ਹੀ ਉਨਾਂ ਦੇ ਘਰਾਂ ਉਤੇ ਇਕਾਂਤਵਾਸ ਰਹਿਣ ਦੇ ਨੋਟਿਸ ਲਗਾਏ ਗਏ ਅਤੇ ਉਨਾਂ ਦੇ ਪਰਿਵਾਰ ਵਾਲਿਆਂ ਨੂੰ ਸਮਝਾਇਆ ਗਿਆ ਕਿ ਤੁਸੀਂ 14 ਦਿਨ ਘਰ ਵਿਚ ਹੀ ਰਹਿਣਾ ਅਤੇ ਜੇਕਰ ਕੋਈ ਸਿਹਤ ਸਬੰਧੀ ਸਮੱਸਿਆ ਆਵੇ ਤਾਂ ਉਨਾਂ ਨੂੰ ਖਬਰ ਕਰਨੀ ਹੈ।ਇਸ ਡੱਬੇ ਵਿਚੋਂ ਕਈ ਯਾਤਰੀ ਅੰਮ੍ਰਿਤਸਰ ਤੋਂ ਪਿਛੇ ਵੀ ਉਤਰੇ ਸਨ, ਉਨਾਂ ਨਾਲ ਰਾਬਤੇ ਲਈ ਸਬੰਧ ਕਾਇਮ ਕਰਨ ਲਈ ਦੂਸਰੇ ਜਿਲ੍ਹਾ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਗਈ।ਇਸ ਤਰਾਂ ਇਕ ਕੋਰੋਨਾ ਪ੍ਰਭਾਵਿਤ ਮਰੀਜ਼ ਤੋਂ ਫੈਲਣ ਵਾਲੀ ਬਿਮਾਰੀ, ਜੋ ਕਿ ਅੱਗੇ ਸੈਂਕੜੇ ਲੋਕਾਂ ਤੱਕ ਪਹੁੰਚ ਸਕਦੀ ਸੀ, ਨੂੰ ਰਿਸ਼ਤੇਦਾਰ ਦੀ ਜਾਣਕਾਰੀ ਅਤੇ ਸਿਵਲ ਸਰਜਨ ਦੀ ਜਗਿਆਸਾ ਨੇ ਰੋਕ ਲਿਆ।
               ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਵੱਲੋਂ ਅੱਧੀ ਰਾਤ ਤੱਕ ਇਸ ਕੋਰਨਟਾਈਨ ਡੈਟੇ ਉਤੇ ਕੀਤੇ ਜਾ ਰਹੇ ਕੰਮ ਦੀ ਤਸਵੀਰ ਆਪਣੇ ਫੇਸ ਬੁੱਕ ਪੇਜ਼ ਉਤੇ ਸਾਂਝੀ ਕਰਕੇ ਜਿੱਥੇ ਸਿਹਤ ਵਿਭਾਗ ਨੂੰ ਸਾਬਾਸ਼ ਦਿੱਤੀ, ਉਥੇ ਲੋਕਾਂ ਕੋਲੋਂ ਵੀ ਸਹਿਯੋਗ ਦੀ ਮੰਗ ਕੀਤੀ।

Check Also

ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …