Thursday, November 21, 2024

ਮੈਂ ਤੇ ਮੇਰੀ ਵੱਡੀ ਗੱਡੀ

            ਲਓ ਜੀ ਆਪਾਂ ਨੇ ਜਦੋਂ ਦੀ ਵੱਡੀ ਗੱਡੀ ਸੱਤ ਸੀਟਾਂ ਵਾਲੀ ਲਈ।ਉਸ ਦਿਨ ਤੋਂ ਮਹਿਸੂਸ ਹੋਣ ਲੱਗਿਆ ਕਿ ਬੱਲਿਆ ਤੇਰੀ ਤਾਂ ਸਮਾਜ ਵਿੱਚ ਪੁੱਛ ਹੀ ਬਹੁਤ ਵਧ ਗਈ ਏ।ਤੇਰੇ ਦੋਸਤ ਤੇ ਰਿਸ਼ਤੇਦਾਰ ਹੁਣ ਵੱਡਾ ਬੰਦਾ ਸਮਝਣ ਲੱਗ ਪਏ ਨੇ।ਬੱਸ ਆਪਾਂ ਨੂੰ ਵੀ ਮਹਿਸੂਸ ਹੋਣ ਲੱਗ ਪਿਆ ਕਿ ਯਾਰ ਪਹਿਲਾਂ ਤੂੰ ਆਮ ਬੰਦਾ ਸੀ ਤੇ ਹੁਣ ਖ਼ਾਸ ਬੰਦਿਆਂ ਦੀ ਲਿਸਟ ਵਿੱਚ ਆ ਗਿਆ।ਗੱਡੀ ਲੈਣ ਸਾਰ ਮੈਂ ਆਪਣੇ ਘਰ ਆਇਆ ਤਾਂ ਆਂਢ ਗੁਆਂਢ ਖਿੜਕੀਆਂ ‘ਚ ਝਾਕ ਕੇ ਘੁਸਰ ਫੁਸਰ ‘ਚ ਜਲਣ ਦੀ ਭੜਾਸ ਕੱਢਣ ਲੱਗੇ ਕਿ ਪਤਾ ਨੀ, ਕਿਸੇ ਦੀ ਮੰਗ ਕੇ ਲਿਆਇਆ ਹੋਣੇ ਜਾਂ ਕਿਸੇ ਰਿਸ਼ਤੇਦਾਰ ਦੀ ਹੋਣੀ ਐ।ਫ਼ੇਰ ਦਫ਼ਤਰ ਵਿੱਚ ਇਹੋ ਹੀ ਸਥਿਤੀ ਸੀ।ਕੁੱਝ ਦਿਨ ਬਾਅਦ ਲੋਕਾਂ ਨੂੰ ਯਕੀਨ ਹੋ ਹੀ ਗਿਆ ਕਿ ਲੋਨ ਲੂਣ ਕਰਵਾ ਕੇ ਲੈ ਲੀ ਹੋਵੇਗੀ।
                    ਇਕ ਦਿਨ ਦਫਤਰ ਦੇ ਸਾਥੀ ਦੇ ਪਿਓ ਦੀ ਨੇੜਲੇ ਸ਼ਹਿਰ ਮੌਤ ਹੋ ਗਈ।ਦਫ਼ਤਰ ਸੁਪਰਡੈਂਟ ਦਾ ਫੋਨ ਆਇਆ ਸਾਹਿਬ ਜੀ ਸੀਟ ‘ਤੇ ਹੀ ਓ।ਮੈ ਹਾਂਜੀ ਹੀ ਕਹਿਣਾ ਸੀ।ਭਾਵੇਂ ਮੈ ਲਾਅਨ ‘ਚ ਖੜਾ ਦੋਸਤਾਂ ਨਾਲ ਚਾਹ ਦੀਆਂ ਚੁਸਕੀਆਂ ਲੈ ਰਿਹਾ ਸੀ।ਸੁਪਰਡੈਂਟ ਨੇ ਦੱਸਿਆ ਬਈ ਆਪਣੇ ਅਕਾਊਂਟਸ ਸ਼ਾਖਾ ਦੇ ਬਾਬੂ ਦੇ ਪਿਓ ਦੀ ਮੌਤ ਹੋ ਗਈ ਏ, ਉਥੇ ਆਪਾਂ ਨੇ ਜਾਣਾ ਤੁਹਾਡੀ ਗੱਡੀ ‘ਚ ਚੱਲਾਂਗੇ।ਮੇਰੀ ਹਾਂ ਤੋਂ ਬਾਅਦ ਬੰਦਿਆ ਦੀ ਗਿਣਤੀ 9 ਹੋ ਗਈ।ਯਾਰ ਮੇਰੀ 7 ਸੀਟਾਂ ਵਾਲੀ ਗੱਡੀ ‘ਚ 9? ਕਹਿੰਦੇ ਘੁਸੜ ਕੇ ਬਹਿਜਾਂਗੇ।ਤੁਹਾਡੀ ਇੰਨੀ ਵੱਡੀ ਗੱਡੀ ਐ ਤੇ ਤੁਹਾਡਾ ਦਿਲ ਵੀ।ਭਾਈ ਟੈਕਸੀ ਵਿੱਚ ਵੀ ਇਦਾਂ ਨੀ ਬਹਿੰਦੇ।ਮੈਂ ਵੀ ਬੱਸ ਡਰਾਈਵਰ ਬਣ ਕੇ ਚਲਾ ਗਿਆ।ਵਾਪਿਸ ਆਉਂਦੀਆਂ ਸਾਰਿਆਂ ਨੂੰ ਉਨ੍ਹਾਂ ਦੇ ਟਿਕਾਣਿਆਂ ‘ਤੇ ਛੱਡ ਘਰ ਪਰਤਿਆ।ਅਜੇ ਕੁੱਝ ਦਿਨ ਹੀ ਹੋਏ ਸਨ।ਪਰਲੀ ਗਲੀ ਤੋਂ ਇਕ ਨੌਜਵਾਨ ਤੇ ਉਸ ਦੇ ਬਜ਼ੁਰਗ ਨੇ ਕੁੰਡਾ ਖੜਕਾ ਤਾ, ਕਹਿੰਦਾ ਪਰਸੋਂ ਨੂੰ ਕਾਕੇ ਦੀ ਜੰਝ ਐ ਤੇ ਤੁਸੀਂ ਆਹ ਫੜੋ ਕਾਰਡ ਤੇ ਅਸੀਂ ਡੋਲੀ ਤੁਹਾਡੀ ਗੱਡੀ ‘ਚ ਹੀ ਲੈ ਕੇ ਆਉਣੀ ਏ।ਮੈਂ ਕਾਰਡ ਵੱਲ ਘੱਟ ਤੇ ਉਨ੍ਹਾਂ ਦੇ ਨਵੇਂ ਹੋਏ ਹੇਜ਼ ਵੱਲ ਦੇਖ ਰਿਹਾ ਸੀ। ਚਲੋ ਜਾਣਾ ਪਿਆ।ਕੁੱਝ ਦਿਨਾਂ ਬਾਅਦ ਮੇਰੇ ਸੋਹਰੇ ਪਰਿਵਾਰ ਵਾਲਿਆਂ ਦਾ ਫੋਨ ਆਇਆ।ਅਸੀਂ ਡੇਰੇ ਜਾਣਾ ਸਾਡੇ ਕੋਲ ਸਵਾਰੀਆਂ ਵੱਧ ਗਈਆਂ ਨੇ ਤੁਸੀਂ ਬਹੁਤ ਚੰਗੇ ਓ।ਸਾਨੂੰ ਡੇਰੇ ਲੈ ਚਲੋ ਤੁਹਾਨੂੰ ਪੁੰਨ ਵੀ ਲੱਗੇਗਾ ਤੇ ਨਾਲੇ ਤੁਸੀਂ ਘੁੰਮ ਫਿਰ ਆਓਗੇ।ਭਈ ਜਾਣਾ ਪਿਆ।ਘਰਵਾਲੀ ਦੇ ਪੇਕਿਆਂ ਦਾ ਫ਼ਰਮਾਨ ਸੀ।ਇਕ ਦਿਨ ਕੁੱਝ ਯਾਰ ਦੋਸਤਾਂ ਨੇ ਪਲਾਨ ਕੀਤਾ ਕਿ ਘੁੰਮ ਫਿਰ ਆਈਏ ਪਹਾੜਾਂ ‘ਚ।ਬਸ ਮੈਨੂੰ ਫੋਨ ਕਰ ਦਿੱਤਾ ਕਿ ਸਾਹਿਬ ਜੀ ਆਪਾਂ ਤੁਹਾਡੀ ਵੱਡੀ ਗੱਡੀ ਦੇ ਝੂਟੇ ਲੈਣੇ ਆ।ਚਲੋ ਕਸੌਲੀ ਕਸੂਲੀ ਹੀ ਘੁੰਮਾ ਲਿਆਓ।ਅਸੀਂ ਤਾਂ ਤੁਹਾਡੇ ਨਾਲ ਆਨੰਦ ਲੈਣਾ ਚਾਹੁੰਦੇ ਹਾਂ। ਮੇਰੇ ਦੋਸਤ ਲੇਖਕ ਵੀ ਇਹੋ ਕਹਿ ਕੇ ਕਿਸੇ ਮੁਸ਼ਾਇਰੇ ‘ਚ ਜਾਣ ਲਈ ਕਹਿੰਦੇ ਸਾਹਿਬ ਜੀ ਤੁਹਾਡੇ ਨਾਲ ਜਾ ਕੇ ਬੜਾ ਆਨੰਦ ਆਉਂਦੇ ਤੇ ਆਉਂਦੇ ਸਮੇਂ ਜਿਹੜੀ ਤੁਸੀਂ ਸੀਟ ਹੇਠਾਂ ਰੱਖੀ ਕੱਢ ਕੇ ਛਿੱਟ ਛਿੱਟ ਲਗਵਾ ਦੇਂਦੇ ਓ।ਬੱਸ ਅਨੰਦ ਹੀ ਆ ਜਾਂਦਾ।ਕਈ ਵਾਕਫ਼ੀ ਵਾਲੇ ਤਾਂ ਬਰਾਤ ਦਾ ਕਾਰਡ ਇਸੇ ਕਰਕੇ ਦੇਂਦੇ ਕਿ ਬਈ ਵੱਡੀ ਗੱਡੀ ‘ਚ ਪੰਜ ਸੱਤ ਬੰਦੇ ਬਹਿ ਕੇ ਹੀ ਚਲੇ ਜਾਣਗੇ।ਹੁਣ ਡੱਬੇ ਨਾਲ ਕਾਰਡ ਆਇਆ ਤਾਂ ਬਰਾਤੇ ਜਾਣਾ ਜਰੂਰ ਪੈਣੇ।ਹੁਣ ਘਰਦੇ ਵੀ ਕਹਿਣ ਲੱਗ ਪਏ ਕਿ ਤੁਸੀਂ ਤਾਂ ਹੁਣ ਵੀ.ਆਈ.ਪੀ ਹੀ ਬਣਗੇ ਸਾਡੇ ਵਾਸਤੇ ਟਾਈਮ ਹੀ ਕਿਥੇ? ਮੈ ਇਸ ਫੋਕੀ ਸ਼ੋਹਰਤ ਤੋਂ ਕਿਵੇਂ ਨਿਜ਼ਾਤ ਪਾਵਾਂ ?
              ਮੇਰੇ ਦਿਮਾਗ ‘ਚ ਫੁਰਨਾ ਫੁਰਿਆ ਕਿ ਕੁੱਝ ਦਿਨਾਂ ਲਈ ਗੱਡੀ ਘਰੋਂ ਕੱਢਣੀ ਹੀ ਨਹੀਂ।ਮੈਂ ਜਿਥੇ ਵੀ ਜਾਵਾਂ ਸਕੂਟਰ ‘ਤੇ ਜਾਵਾਂ।ਕਈਆਂ ਨੇ ਕਿਹਾ ਗੱਡੀ ਵੇਚ ਤੀ, ਕਈਆਂ ਨੇ ਕੰਨਸੋਆਂ ਕੀਤੀਆਂ ਬਈ ਕਿਸ਼ਤਾਂ ਨੀ ਭਰ ਹੋਈਆਂ ਬੈੰਂਕ ਵਾਲੇ ਲੈ ਗਏ ਹੋਣਗੇ।ਹਫ਼ਤੇ ਕੁ ਬਾਅਦ ਲੋਕਾਂ ਦੇ ਵਰਤਾਓ ‘ਚ ਬਦਲਾਓ ਨਜ਼ਰ ਆਇਆ।ਸ਼ਾਦੀ ਕਾਰਡ ਵੀ ਘਟ ਗਏ ਤੇ ਦਫ਼ਤਰ ਦੇ ਬਾਊ ਵੀ ਹੁਣ ਗੱਡਵੀਂ ਫਤਿਹ ਬੁਲਾਉਣ ਤੋਂ ਢਿੱਲੇ ਹੋ ਗਏ ਤੇ ਸ਼ਾਇਰ ਵੀ ਕੁੱਝ ਐਰਾ ਜਿਹਾ ਕਰਨ ਲਗੇ।
            ਹੁਣ ਤਾਂ ਮੈਂ ਵੀ ਸੋਚਣ ‘ਤੇ ਮਜ਼ਬੂਰ ਹੋ ਗਿਆ ਕਿ ਯਾਰ ਚਾਰ ਸਾਲਾਂ ਤੋਂ ਇਹ ਲੋਕ ਮੈਨੂੰ ਪਿਆਰ ਕਰਦੇ ਨੇ ਕਿ ਮੇਰੀ ਗੱਡੀ ਨੂੰ ?

Dr. Gurvinder Aman

 

 

 

ਡਾ. ਗੁਰਵਿੰਦਰ ਅਮਨ
ਰਾਜਪੁਰਾ ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …