Thursday, November 21, 2024

ਕੁਰਬਾਨੀ

ਰਾਜਗੁਰੂ, ਸੁਖਦੇਵ, ਭਗਤ ਸਿੰਘ,
ਦੇ ਗਏ ਸੇਧ ਜਵਾਨੀ ਨੂੰ।
ਤੇਈ ਮਾਰਚ ਨੂੰ ਸੀਸ ਨਿਵਾਈਏ,
ਤਿੰਨਾਂ ਦੀ ਕੁਰਬਾਨੀ ਨੂੰ …

ਸਮਝ ਆਈ ਜਦ ਦੇਸ਼ ਨੂੰ ਲੁੱਟ ਕੇ,
ਘਰ ਹੀ ਹਾਕਮ ਭਰਦਾ ਏ।
ਉਸੇ ਦਿਨ ਤੋਂ ਰਾਜਗੁਰੂ ਵੀ,
ਇਨਕਲਾਬ ਹੀ ਕਰਦਾ ਏ।
ਕਦੇ ਵੀ ਮੱਠਾ ਪੈਣ ਨਹੀਂ ਦਿੱਤਾ,
ਜ਼ਜ਼੍ਹਬੇ ਉਸ ਤੁਫਾਨੀ ਨੂੰ ।
ਤੇਈ ਮਾਰਚ ਨੂੰ ਸੀਸ ਨਿਵਾਈਏ,
ਤਿੰਨਾਂ ਦੀ ਕੁਰਬਾਨੀ ਨੂੰ …

ਅਣ-ਮਨੁੱਖੀ ਵੇਖ ਤਸ਼ੱਦਦ,
ਮੂਹਰੇ ਹੋ ਕੇ ਲੜ੍ਹਿਆ ਸੀ।
ਕਰਕੇ ਭੁੱਖ ਹੜ੍ਹਤਾਲ ਮਿਸਾਲੀ,
ਸੁਖਦੇਵ ਅੰਤ ਤੱਕ ਖੜ੍ਹਿਆ ਸੀ।
ਚੱਲਣ ਨਹੀਂਓ ਦਿੱਤਾ ਉਸਨੇ,
ਤਾਨਾਸ਼ਾਹ ਮਨਮਾਨੀ ਨੂੰ।
ਤੇਈ ਮਾਰਚ ਨੂੰ ਸੀਸ ਨਿਵਾਈਏ,
ਤਿੰਨਾਂ ਦੀ ਕੁਰਬਾਨੀ ਨੂੰ …

ਭਗਤ ਸਿੰਘ ਨੇ ਖੁਦ ਸੀ ਦਿੱਤੇ,
ਘਰ-ਘਰ ਜਾ ਕੇ ਹੋ ਕੇ ਜੀ,
ਸਿੱਖਿਆ, ਸਿਹਤ ਤੇ ਰੋਜ਼ਗਾਰ ਦੇ,
ਮਿਲਣ ਬਰਾਬਰ ਮੋਕੇ ਜੀ,
ਸਾਰੀ ਦੁਨੀਆਂ ਸਿਜ਼ਦਾ ਕਰਦੀ,
ਉਹਨਾਂ ਦੀ ਵਿਦਵਾਨੀ ਨੂੰ।
ਤੇਈ ਮਾਰਚ ਨੂੰ ਸੀਸ ਨਿਵਾਈਏ,
ਤਿੰਨਾਂ ਦੀ ਕੁਰਬਾਨੀ ਨੂੰ …

ਦੇਸ਼ ਦੇ ਲੇਖੇ ਲਾ ਕੇ ਜ਼ਿੰਦੜੀ,
ਆਪਣਾ ਫਰਜ਼ ਨਿਭਾਇਆ ਸੀ ।
ਫਾਂਸੀ ਵਾਲਾ ਰੱਸਾ ਚੁੰਮ ਕੇ,
ਹੱਸ ਕੇ ਗਲ਼ ਵਿੱਚ ਪਾਇਆ ਸੀ ।
ਮਾਣ ਤਿੰਨਾਂ ਦੇ ਉਤੇ ਅੱਜ ਏ,
ਹਰ ਇੱਕ ਹਿੰਦੋਸਤਾਨੀ ਨੂੰ ।
ਤੇਈ ਮਾਰਚ ਨੂੰ ਸੀਸ ਨਿਵਾਈਏ,
ਤਿੰਨਾਂ ਦੀ ਕੁਰਬਾਨੀ ਨੂੰ …

Rangilpur

 

 

 

ਗੁਰਪ੍ਰੀਤ ਸਿੰਘ ਰੰਗੀਲਪੁਰ
ਗੁਰਦਾਸਪੁਰ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …