
ਅੰਮ੍ਰਿਤਸਰ, 7 ਅਕਤੂਬਰ (ਪ੍ਰੀਤਮ ਸਿੰਘ) -ਖ਼ਾਲਸਾ ਕਾਲਜ ਸਥਿਤ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਡਿਪਟੀ ਜਨਰਲ ਮੈਨੇਜਰ, ਸਰਕਲ ਹੈੱਡ ਸ: ਸੁਰਜੀਤ ਸਿੰਘ ਵੱਲੋਂ ਕਾਰਪੋਰੇਟ ਸ਼ੋਸ਼ਲ ਰਿਸਪਾਨਸੀਬਿਲਟੀ ਤਹਿਤ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਸ: ਸੁਖਦੇਵ ਸਿੰਘ ਅਬਦਾਲ ਦੀ ਮੌਜ਼ਦਗੀ ਵਿੱਚ ਠੰਡੇ ਪਾਣੀ ਵਾਲੀ ਮਸ਼ੀਨ ਦਾਨ ਕੀਤੀ ਗਈ। ਇਸ ਮੌਕੇ ਉਨ੍ਹਾਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਪੀ. ਐੱਨ. ਬੀ. ਦੇ ਸੀਨੀਅਰ ਮੈਨੇਜਰ ਸ: ਭਗਵਾਨ ਸਿੰਘ ਵੀ ਮੌਜ਼ੂਦ ਸਨ। ਇਸ ਮੌਕੇ ਸ: ਸੁਰਜੀਤ ਸਿੰਘ ਨੇ ਕਿਹਾ ਕਿ ਕਹਿਰ ਦੀ ਗਰਮੀ ਵੇਲੇ ਵਿਦਿਆਰਥੀਆਂ ਨੂੰ ਠੰਡੇ ਪਾਣੀ ਦੀ ਲਾਲਸਾ ਉਨ੍ਹਾਂ ਦੀ ਪਿਆਸ ਨੂੰ ਸ਼ਾਂਤ ਕਰੇਗੀ। ਉਨ੍ਹਾਂ ਕਿਹਾ ਕਿ ਗਰਮੀ ਰੁੱਤ ਸਮੇਂ ਲੱਗੇ ਪੰਪਾਂ ਜਾਂ ਟੈਂਕੀਆਂ ਵਿੱਚ ਵੀ ਜਿਆਦਾਤਰ ਪਾਣੀ ਗਰਮ ਹੀ ਆਉਂਦਾ ਹੈ, ਜਿਸ ਕਾਰਨ ਉਸ ਨਾਲ ਡੰਗ ਤਾਂ ਸਾਰ ਲਿਆ ਜਾਂਦਾ ਹੈ ਪਰ ਠੰਡਾ ਪਾਣੀ ਪੀਣ ਲਈ ਚਿੱਤ ਭਟਕਦਾ ਰਹਿੰਦਾ ਹੈ। ਇਸੇ ਮੰਤਵ ਤਹਿਤ ਅੱਜ ਕਾਲਜ ਦੇ ਗੁਰਦੁਆਰਾ ਸਾਹਿਬ ਠੰਡਾ ਪਾਣੀ ਕੱਢਣ ਵਾਲੀ ਮਸ਼ੀਨ ਲਗਾਈ ਗਈ ਹੈ ਤਾਂ ਜੋ ਇੱਥੋਂ ਦਾ ਹਰੇਕ ਵਿਦਿਆਰਥੀ ਠੰਡਾ ਪਾਣੀ ਪੀਣ ਕੇ ਆਪਣੀ ਪਿਆਸ ਬੁਝਾਅ ਸਕੇ। ਜੁਆਇੰਟ ਸਕੱਤਰ ਸ: ਅਬਦਾਲ ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਾਂਝੇ ਤੌਰ ‘ਤੇ ਸ: ਸੁਰਜੀਤ ਸਿੰਘ ਦਾ ਮਸ਼ੀਨ ਲਗਾਉਣ ‘ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਮਸ਼ੀਨ ਜਿੱਥੇ ਵਿਦਿਆਰਥੀਆਂ ਦੇ ਨਾਲ-ਨਾਲ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾਂਦੇ ਧਾਰਮਿਕ ਸਮਾਗਮਾਂ ਵੇਲੇ ਸ਼ਰਧਾਲੂਆਂ ਲਈ ਵਧੇਰੇ ਲਾਹੇਵੰਦ ਸਾਬਤ ਹੋਵੇਗੀ।
Punjab Post Daily Online Newspaper & Print Media