Wednesday, April 29, 2026

ਸਬਜ਼ੀ ਮੰਡੀ ਹਮਲਾ – ਪੁਲਿਸ ਨੇ ਅਦਾਲਤ `ਚੋਂ ਇੱਕ ਮਹਿਲਾ ਸਮੇਤ 4 ਕਰਵਾਏ ਰਿਹਾਅ -ਐਸ.ਐਸ.ਪੀ

ਕਿਹਾ ਬਾਕੀ 6 ਜਣਿਆਂ ਵਿਰੁੱਧ ਕਾਨੂੰਨ ਮੁਤਾਬਿਕ ਜਾਰੀ ਰਹੇਗੀ ਕਾਰਵਾਈ

ਪਟਿਆਲਾ, 16 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪਟਿਆਲਾ ਪੁਲਿਸ ਨੇ ਸਨੌਰ ਰੋਡ ਪਟਿਆਲਾ ਸਬਜ਼ੀ ਮੰਡੀ ਵਿਖੇ 12 ਅਪ੍ਰੈਲ 2020 ਨੂੰ ਸਵੇਰੇ ਪੁਲਿਸ ਪਾਰਟੀ Mandeep S Sidhuਉਪਰ ਕੀਤੇ ਜਾਨਲੇਵਾ ਹਮਲਾ ਮਾਮਲੇ `ਚ ਅਹਿਮ ਫੈਸਲਾ ਲੈਂਦਿਆਂ ਹਮਦਰਦੀ ਤੇ ਮਾਨਵਤਾ ਪੱਖੀ ਰਵੱਈਆ ਅਪਣਾਉਂਦਿਆਂ ਇੱਕ ਮਹਿਲਾ ਸਮੇਤ 4 ਜਣਿਆਂ ਨੂੰ ਅਦਾਲਤ ਵਿੱਚੋਂ ਰਿਹਾਅ ਕਰਵਾਇਆ ਹੈ।
             ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਉਕਤ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਦੀ ਵਿਅਕਤੀਗਤ ਭੂਮਿਕਾ ਦੀ ਡੁੰਘਾਈ ਨਾਲ ਪੜਤਾਲ ਕਰਵਾ ਕੇ ਇਹ ਅਹਿਮ ਫੈਸਲਾ ਲਿਆ ਹੈ।ਪ੍ਰੰਤੂ ਬਾਕੀ ਮੁਲਜਮਾਂ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਜਾਰੀ ਰਹੇਗੀ।
             ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਵਲੋਂ ਕੀਤੀ ਗਈ ਤਫਤੀਸ਼ ਦੌਰਾਨ ਇਸ ਮਾਮਲੇ ਵਿੱਚ ਸੁਖਪ੍ਰੀਤ ਕੌਰ, ਜਸਵੰਤ ਸਿੰਘ, ਦਰਸ਼ਨ ਸਿੰਘ ਅਤੇ ਨੰਨਾ ਦੀ ਤੱਥਾਂ ਦੇ ਅਧਾਰ `ਤੇ ਘੱਟ ਭੂਮਿਕਾ ਸਾਹਮਣੇ ਆਈ ਹੈ।ਇਸੇ ਤਹਿਤ ਪੁਲਿਸ ਨੇ ਮਾਨਵਤਾ ਦੇ ਪੱਖ ਤੇ ਹਮਦਰਦੀ ਵਾਲਾ ਰਵੱਈਆਂ ਰੱਖਦੇ ਹੋਏ ਅੱਜ ਇਹਨਾਂ 4 ਵਿਅਕਤੀਆਂ ਨੂੰ ਪੁਲਿਸ ਹਿਰਾਸਤ ਵਿਚੋਂ ਰਿਹਾਅ ਕਰਨ ਲਈ ਇੱਕ ਅਰਗ਼ੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੀ ਸ਼।ਿਇਸ ਦੇ ਆਧਾਰ `ਤੇ ਮਾਨਯੋਗ ਅਦਾਲਤ ਜੇ.ਐਮ.ਆਈ.ਸੀ ਪਟਿਆਲਾ ਨੇ ਦੋਸ਼ੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ।
             ਐਸ.ਐਸ.ਪੀ ਨੇ ਦੱਸਿਆ ਕਿ ਮਿਤੀ 12 ਅਪ੍ਰੈਲ ਨੂੰ ਬਲਵਿੰਦਰ ਸਿੰਘ ਵਾਸੀ ਡੇਰਾ ਖਿੱਚੜੀ ਸਾਹਿਬ ਕਰਹਾਲੀ ਜਿਲ੍ਹਾ ਪਟਿਆਲਾ ਨੇ ਆਪਣੇ ਸਾਥੀਆਂ ਸਮੇਤ ਸਬਜੀ ਮੰਡੀ ਸਨੌਰ ਰੋਡ ਪਟਿਆਲਾ ਵਿਖੇ ਪੁਲਿਸ ਪਾਰਟੀ ਅਤੇ ਮੰਡੀ ਬੋਰਡ ਦੇ ਕਰਮਚਾਰੀਆਂ ਉਪਰ ਜਾਨਲੇਵਾ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਜਖਮੀ ਕੀਤਾ ਸੀ।ਜਿਸ ਵਿਚ ਏ.ਐਸ.ਆਈ ਹਰਜੀਤ ਸਿੰਘ ਦੀ ਬਾਂਹ ਗੁੱਟ ਤੋਂ ਵੱਢ ਦਿੱਤੀ ਸੀ, ਜੋ ਕਿ ਪੀ.ਜੀ.ਆਈ ਚੰਡੀਗੜ ਵਿਖੇ ਜੇਰੇ ਇਲਾਜ ਹੈ।
              ਸਿੱਧੂ ਨੇ ਦੱਸਿਆ ਕਿ ਉਪਰੋਕਤ ਸਾਰੇ ਦੋਸ਼ੀ ਫਰਾਰ ਹੋ ਕੇ ਕਰਹਾਲੀ ਵਿਖੇ ਆਪਣੇ ਡੇਰੇ ਵਿੱਚ ਚਲੇ ਗਏ ਸੀ। ਜਦੋਂ ਪੁਲਿਸ ਪਾਰਟੀ ਨੇ ਬਲਵਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਹਨਾਂ ਨੇ ਪੁਲਿਸ ਪਾਰਟੀ ਉਪਰ ਹਮਲਾ ਕਰ ਦਿੱਤਾ, ਜਿਸ ਦੇ ਸਬੰਧ ਵਿਚ ਮੁਕੱਦਮਾ ਨੰਬਰ 45 ਅ/ਧ 188, 307, 353, 186, 269, 270, 294, 148, 149 ਆਈ.ਪੀ.ਸੀ, 51, 54 ਡੀ.ਐਮ.ਏ, 25 ਅਸਲਾ ਐਕਟ, 4,5 ਵਿਸਫੋਟਕ ਐਕਟ, 13,16,18,20 ਯੂ.ਏ.ਪੀ.ਏ. ਐਕਟ ਥਾਣਾ ਪਸਿਆਣਾ ਦਰਜ਼ ਹੋਇਆ।
                ਸਿੱਧੂ ਨੇ ਦੱਸਿਆ ਕਿ ਪੁਲਿਸ ਪਾਰਟੀ `ਤੇ ਹਮਲਾ ਕਰਨ ਵਾਲੇ 11 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਡੇਰੇ ਵਿਚੋਂ ਉਹਨਾਂ ਵੱਲੋ ਵਰਤੇ ਗਏ ਅਸਲਾ ਐਮੂਨੀਏਸ਼ਨ, ਪੈਟਰੋਲ ਬੰਬ, ਤਲਵਾਰਾਂ, ਗੈਸ ਸਿਲੰਡਰ ਬਰਾਮਦ ਹੋਏ ਸਨ, ਇਨ੍ਹਾਂ ਦਾ ਮਿਤੀ 22 ਅਪ੍ਰੈਲ 2020 ਤੱਕ ਪੁਲਿਸ ਰਿਮਾਂਡ ਮਾਨਯੋਗ ਅਦਾਲਤ ਪਾਸੋਂ ਹਾਸਲ ਕੀਤਾ ਗਿਆ ਸੀ।
               ਐਸ.ਐਸ.ਪੀ ਸਿੱਧੂ ਨੇ ਹੋਰ ਦੱਸਿਆ ਕਿ ਹੁਣ ਉਕਤ ਮੁਕੱਦਮੇ ਵਿੱਚ 6 ਵਿਅਕਤੀ ਜਿਨਾਂ ਵਿੱਚ ਡੇਰੇ ਦੇ ਮੁਖੀ ਬਲਵਿੰਦਰ ਸਿੰਘ ਦੇ ਖ਼ਿਲਾਫ਼ ਪਹਿਲਾ ਵੀ 3 ਮੁਕੱਦਮੇ ਦਰਜ਼ ਹਨ ਅਤੇ ਜਗਮੀਤ ਸਿੰਘ, ਬੰਤ ਸਿੰਘ ਉਰਫ ਕਾਲਾ, ਗੁਰਦੀਪ ਸਿੰਘ, ਜੰਗੀਰ ਸਿੰਘ, ਮਨਿੰਦਰ ਸਿੰਘ ਜੇਰ ਪੁਲਿਸ ਰਿਮਾਂਡ ‘ਚ ਹਨ ਜਦਕਿ ਨਿਰਭੈਅ ਸਿੰਘ ਜੁਡੀਸ਼ੀਅਲ ਰਿਮਾਂਡ ਵਿਚ ਹੈ।ਦੋਸ਼ੀ ਗੁਰਮੀਤ ਸਿੰਘ ਉਰਫ ਮੀਤੀ ਥਾਣਾ ਅਮਰਗੜ ਜਿਲ੍ਹਾ ਸੰਗਰੂਰ ਦੀ ਭਾਲ ਜਾਰੀ ਹੈ।ਮੁਕੱਦਮੇ ਦੀ ਅਗਲੇਰੀ ਤਫਤੀਸ਼ ਜਾਰੀ ਹੈ, ਜੋ ਕਾਨੂੰਨ ਮੁਤਾਬਿਕ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …