ਢਾਡੀ ਮਾਨ ਦੀ ਗ੍ਰਿਫ਼ਤਾਰੀ ਬੇਲੋੜੀ ਕੀਤਾ ਜਾਵੇ ਤੁਰੰਤ ਰਿਹਾਅ – ਬਾਬਾ ਹਰਨਾਮ ਸਿੰਘ ਖ਼ਾਲਸਾ
ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ
ਪਟਿਆਲਾ ਦੇ ਸਨੌਰ ਸਬਜ਼ੀ ਮੰਡੀ ਵਿਖੇ ਪੁਲੀਸ ਅਤੇ ਨਿਹੰਗ ਸਿੰਘਾਂ ਵਿਚ ਹੋਈ ਝੜਪ ਦੇ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਚੋਂ 11 ਨਿਹੰਗ ਸਿੰਘਾਂ ਵਿਚੋਂ ਸਿੱਖ ਬੀਬੀ ਸਮੇਤ 4 ਨੂੰ ਸਰਕਾਰ ਵੱਲੋਂ ਰਿਹਾਅ ਕਰਨ ਦਾ ਸਵਾਗਤ ਕੀਤਾ ਹੈ।ਉਥੇ ਹੀ ਉਨ੍ਹਾਂ ਉਕਤ ਘਟਨਾ ਸਬੰਧੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ‘ਤੇ ਢਾਡੀ ਜਸਵੀਰ ਸਿੰਘ ਮਾਨ ਨੂੰ ਗ੍ਰਿਫ਼ਤਾਰ ਕਰਨ ‘ਤੇ ਚਿੰਤਾ ਜਤਾਈ ਹੈ।
ਪ੍ਰੋ: ਸਰਚਾਂਦ ਸਿੰਘ ਨੇ ਜਾਰੀ ਬਿਆਨ ‘ਚ ਦੱਸਿਆ ਕਿ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਪਟਿਆਲਾ ਟਕਰਾਓ ਦੇ ਮਾਮਲੇ ‘ਚ ਗ੍ਰਿਫ਼ਤਾਰ 11 ਨਿਹੰਗ ਸਿੰਘਾਂ ਵਿਚੋਂ 4 ਜਿਨ੍ਹਾਂ ਵਿਚ ਬੀਬੀ ਸੁਖਪ੍ਰੀਤ ਕੌਰ ਪਤਨੀ ਜਗਮੀਤ ਸਿੰਘ ਵਾਸੀ ਡੇਰਾ ਖਿਚੜੀ ਸਾਹਿਬ ਬਲਬੇਰਾ, ਜਸਵੰਤ ਸਿੰਘ ਵਾਸੀ ਚਮਾੜੂ, ਦਰਸ਼ਨ ਸਿੰਘ ਵਾਸੀ ਪਟਿਆਲਾ ਅਤੇ ਨਨਾ ਸਿੰਘ ਕੱਲਰ ਭੈਣੀ ਦੇ ਅਦਾਲਤ ਵਿਚੋਂ ਰਿਹਾਈ ਦੇ ਹੁਕਮ ਪ੍ਰਾਪਤ ਕਰਕੇ ਉਨਾਂ ਨੂੰ ਰਿਹਾਅ ਕਰਨ ਨੂੰ ਸਰਕਾਰ ਦਾ ਚੰਗਾ ਫ਼ੈਸਲਾ ਕਰਾਰ ਦਿਤਾ।ਉਨ੍ਹਾਂ ਕਿਹਾ ਕਿ ਕਰੋਨਾ ਦੀ ਮਹਾਂਮਾਰੀ ਨੇ ਸੰਸਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਜਿਹੀ ਔਖੀ ਘੜੀ ਵਿਚ ਹਜ਼ਾਰਾਂ ਪੁਲੀਸ ਮੁਲਾਜ਼ਮ ਅਤੇ ਸਰਕਾਰੀ ਅਮਲਾ ਆਪਣੇ ਪਰਿਵਾਰਾਂ ਅਤੇ ਸਨੇਹੀਆਂ ਨੂੰ ਛੱਡ ਕੇ ਮਨੁੱਖਤਾ ਲਈ ਆਪਣੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿਚ ਪਾ ਕੇ ਡਿਊਟੀਆਂ ਦੇ ਰਹੇ ਹਨ, ਜਿਨ੍ਹਾਂ ਦਾ ਸਨਮਾਨ ਰਖਿਆ ਜਾਣਾ ਅਤੇ ਉਨ੍ਹਾਂ ਨੂੰ ਸਹਿਯੋਗ ਦਿਤਾ ਜਾਣਾ ਸਾਡੇ ਸਭ ਦਾ ਫ਼ਰਜ਼ ਹੈ।
ਇਸੇ ਦੌਰਾਨ ਉਨ੍ਹਾਂ ਪਟਿਆਲਾ ਦੀ ਘਟਨਾ ਨੂੰ ਲੈ ਕੇ ਜਜ਼ਬਾਤੀ ਵੀਡੀਓ ਵਾਇਰਲ ਕਰਦਿਆਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੇ ਨੌਜਵਾਨ ਢਾਡੀ ਸਿੰਘ ਭਾਈ ਜਸਵੀਰ ਸਿੰਘ ਮਾਨ ‘ਤੇ ਬਾਬਾ ਬਕਾਲਾ ਸਾਹਿਬ ਪੁਲੀਸ ਵੱਲੋਂ ਕੇਸ ਦਰਜ ਕਰਦਿਆਂ ਗ੍ਰਿਫ਼ਤਾਰ ਕਰਨ ਨੂੰ ਕਾਹਲੀ ਨਾਲ ਲਿਆ ਗਿਆ ਫ਼ੈਸਲਾ ਕਰਾਰ ਦਿੱਤਾ। ਉਨ੍ਹਾਂ ਢਾਡੀ ਮਾਨ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।ਇਸ ਮੌਕੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਅਜੈਬ ਸਿੰਘ ਅਭਿਆਸੀ, ਗਿਆਨੀ ਜੀਵਾ ਸਿੰਘ, ਗਿਆਨੀ ਸਾਹਿਬ ਸਿੰਘ, ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ ਤੇ ਪ੍ਰੋ: ਸਰਚਾਂਦ ਸਿੰਘ ਵੀ ਹਾਜ਼ਰ ਸਨ ।
Punjab Post Daily Online Newspaper & Print Media