ਮੰਡੀਆਂ ਵਿੱਚ ਕਿਸਾਨ ਤੇ ਆੜਤੀਏ ਪਰੇਸ਼ਾਨ – ਸਮਰਾ
ਧੂਰੀ, 24 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਕਣਕ ਦੀ ਖਰੀਦ ਬਾਰੇ
ਸਰਕਾਰ ਵੱਲੋਂ ਕੀਤੇ ਜਾਣ ਵਾਲੇ ਪੁਖਤਾ ਪ੍ਰਬੰਧਾਂ ਦੀ ਪੋਲ ਖੁੱਲ੍ਹਣੀ ਸ਼ੁਰੂ ਹੋ ਗਈ ਹੈ।ਇਹ ਦੋਸ਼ ਲਗਾਉਂਦਿਆਂ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਟੋਕਨ ਦੇਣ ਸਮੇਂ ਮੰਡੀਆਂ ਅਤੇ ਸੈਂਟਰਾਂ ਵਿੱਚ ਦੋਹਰਾ ਮਾਪਦੰਡ ਅਪਣਾਇਆ ਗਿਆ ਹੈ। ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਅਤੇ ਆੜਤੀਆ ਵਰਗ ਪਰੇਸ਼ਾਨ ਹੈ।ਹਰੇਕ ਆੜਤੀਏ ਨੂੰ ਪ੍ਰਸ਼ਾਸਨ ਵੱਲੋਂ 6 ਤੋਂ 8 ਵਿਅਕਤੀ ਲੇਬਰ ਰੱਖਣ ਵਾਲੇ ਫੈਸਲੇ ਨਾਲ ਵੀ ਲੋਡਿੰਗ, ਭਰਾਈ, ਝਰਾਈ ਦੇ ਕੰਮ ਵਿੱਚ ਮੁਸ਼ਕਿਲ ਆ ਰਹੀ ਹੈ।ਮਾਲ ਦੀ ਲਿਫਟਿੰਗ ਲਈ ਸਮੇਂ ਸਿਰ ਟਰੱਕ ਮਿਲਣ ਦੀ ਸਮੱਸਿਆ ਵੀ ਆ ਰਹੀ ਹੈ।ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਡੀਆਂ ਦੀ ਸਾਰ ਨਾ ਲਈ ਤਾਂ ਮਜਬੂਰਨ ਉਨਾਂ ਨੂੰ ਹੜਤਾਲ ‘ਤੇ ਜਾਣ ਵਰਗਾ ਫੈਸਲਾ ਲੈਣਾ ਪਵੇਗਾ। ਇਸ ਸਮੇਂ ਆੜਤੀਆਂ ਤੇ ਕਿਸਾਨਾਂ ਨੇ ਆਪਣਾ ਵਿਰੋਧ ਵੀ ਜਤਾਇਆ।
ਉਧਰ ਮਾਰਕਿਟ ਕਮੇਟੀ ਧੂਰੀ ਦੇ ਸਕੱਤਰ ਸੁਰਿੰਦਰ ਸਿੰਘ ਬਖਸ਼ੀ ਨੇ ਦੱਸਿਆ ਹੈ ਕਿ ਪੰਜਾਬ ਮੰਡੀ ਬੋਰਡ ਵੱਲੋਂ ਮੰਡੀਆਂ ਵਿੱਚ ਭੀੜ ਵਧਣ ਕਾਰਨ 24 ਅਪ੍ਰੈਲ ਤੋਂ ਧੂਰੀ ਮੰਡੀ ਵਿਖੇ ਕਿਸਾਨਾਂ ਨੂੰ ਟੋਕਨ ਦੇਣੇ ਬੰਦ ਕੀਤੇ ਗਏ ਹਨ। ਉਹਨਾਂ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਦੀ ਗੱਲ ਨੂੰ ਕਬੂਲਦਿਆਂ ਕਿਹਾ ਕਿ ਇਸ ਮਾਮਲੇ ਨੂੰ ੳੁੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਜ਼ਲਦ ਹੱਲ ਕਰ ਲਿਆ ਜਾਵੇਗਾ।
ਇਸੇ ਦੌਰਾਨ ਅਕਾਲੀ ਆਗੂ ਹਰੀ ਸਿੰਘ ਨੇ ਕਾਂਗਰਸ ਸਰਕਾਰ ‘ਤੇ ਵਰਦਿਆਂ ਕਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਡੀਆਂ ਵਿੱਚ ਰੁਲ਼ ਰਹੇ ਕਿਸਾਨਾਂ ਤੇ ਆੜਤੀਆਂ ਦੀ ਸਾਰ ਲੈਣ।ਉਹਨਾਂ ਨੇ ਅਨਾਜ ਮੰਡੀ ਧੂਰੀ ਤੇ ਇਸ ਦੇ ਅਧੀਨ ਪੈਂਦੇ ਸੈਂਟਰਾਂ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਣ ਲਈ ਕੀਤੇ ਗਏ ਸਰਕਾਰੀ ਪ੍ਰਬੰਧਾਂ ਵਿੱਚ ਖਾਮੀਆਂ ਨੂੰ ਸਹੀ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।
Punjab Post Daily Online Newspaper & Print Media