ਸੰਗਰੂਰ, 25 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਲ੍ਹਾ ਸੰਗਰੂਰ ਦੇ ਦਿੜ੍ਹਬਾ ਵਿਖੇ ਵੀਰਵਾਰ ਦੀ ਦੇਰ ਸ਼ਾਮ ਇੱਕ ਜੰਗਲੀ ਜਾਨਵਰ ਦਿਖਾਈ ਦੇਣ ਤੋਂ 
ਬਾਅਦ ਜੰਗਲਾਤ ਮਹਿਕਮੇ ਵਲੋਂ ਉਕਤ ਜਾਨਵਰ ਨੂੰ ਫੜ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਾਤੜ੍ਹਾਂ ਰੋਡ ‘ਤੇ ਦਿੜ੍ਹਬਾ ਵਿਖੇ ਘਰਾਂ ਦੇ ਨੇੜ੍ਹੇ ਇੱਕ ਜੰਗਲੀ ਜਾਨਵਰ ਦੇਖਿਆ ਗਿਆ ਸੀ।ਜੰਗਲੀ ਜਾਨਵਰ ਇੱਕ ਘਰ ਦੇ ਬਾਹਰ ਲੱਗੇ ਕੈਮਰੇ ਵਿੱਚ ਵੀ ਦਿਖਾਈ ਦਿੱਤਾ।ਸ਼ਹਿਰ ਵਿੱਚ ਤੇਂਦੂਆ ਆਉਣ ਦੀ ਚਰਚਾ ਸੁਣਨ ਵਿੱਚ ਆ ਰਹੀ ਹੈ।ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਵੀ ਉਕਤ ਸਥਾਨ ‘ਤੇ ਪਹੁੰਚੀ।ਮਿਲੀ ਜਾਣਕਾਰੀ ਅਨੁਸਾਰ ਜੰਗਲੀ ਜਾਨਵਰ ਇੱਕ ਪੁਰਾਣੀ ਐਗਰੋ ਇੰਡਸਟਰੀ ਦੀ ਬਿਲਡਿੰਗ ਵਿੱਚ ਲੁਕਿਆ ਹੋਇਆ ਹੈ।ਜੰਗਲਾਤ ਮਹਿਕਮੇ ਦੀ ਟੀਮ ਵੱਲੋਂ ਉਕਤ ਜੰਗਲੀ ਜਾਨਵਰ ਨੂੰ ਫੜ੍ਹਣ ਲਈ ਇੰਡਸਟਰੀ ਵਿੱਚ ਪਿੰਜਰੇ ਲਗਾਏ ਗਏ ਹਨ।ਬਲਾਕ-1 ਅਫਸਰ ਇਕਬਾਲ ਸਿੰਘ ਨੇ ਦੱਸਿਆ ਕਿ ਜਾਨਵਰ ਤੇਂਦੂਆ ਹੋਣ ਦੇ ਹਾਲੇ ਤੱਕ ਕੋਈ ਸਬੂਤ ਸਾਹਮਣੇ ਨਹੀਂ ਆਏ ਹਨ।ਜਾਨਵਰ ਜੰਗਲੀ ਬਿੱਲਾ ਵੀ ਹੋ ਸਕਦਾ ਹੈ।ਜੰਗਲੀ ਜਾਨਵਰ ਨੂੰ ਫੜ੍ਹਨ ਲਈ ਯਤਨ ਕੀਤੇ ਜਾ ਰਹੇ ਹਨ।
Punjab Post Daily Online Newspaper & Print Media